ਸੁਕਰਾਤ ਦੀ ਮੌਤ ਦਾ ਦ੍ਰਿਸ਼

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਸੁਕਰਾਤ ਉੱਠੇ ਅਤੇ ਦੂਜੇ ਕਮਰੇ ਵਿੱਚ ਇਸ਼ਨਾਨ ਕਰਨ ਲਈ ਗਏ। ਕ੍ਰੀਟੋ ਉਨ੍ਹਾਂ ਦੇ ਨਾਲ਼ ਗਏ ਅਤੇ ਸਾਨੂੰ ਇੰਤਜ਼ਾਰ ਕਰਨ ਲਈ ਕਹਿ ਗਏ। ਅਸੀਂ ਜੋ ਸਾਡੇ ‘ਤੇ ਇਹ ਆਫ਼ਤ ਆ ਪਈ ਹੈ, ਉਸ ਦੀ ਭਿਆਨਕਤਾ ਬਾਰੇ ਗੱਲਬਾਤ ਕਰਦੇ ਰਹੇ। ਅਜਿਹਾ ਲਗਦਾ ਸੀ ਜਿਵੇਂ ਸਾਡੇ ਪਿਤਾ ਦੀ ਮੌਤ ਹੋਣ ਜਾ ਰਹੀ ਹੋਵੇ ਅਤੇ ਹੁਣ ਅਸੀਂ ਸਾਰੀ ਜ਼ਿੰਦਗੀ ਅਨਾਥ ਰਹਾਂਗੇ।

ਜਦੋਂ ਉਹ ਨਹਾ ਚੁੱਕੇ, ਉਨ੍ਹਾਂ ਦੇ ਬੱਚੇ ਉਨ੍ਹਾਂ ਦੇ ਕੋਲ਼ ਲਿਆਂਦੇ ਗਏ। ਉਨ੍ਹਾਂ ਦੇ ਦੋ ਬੱਚੇ ਬਹੁਤ ਛੋਟੇ ਤੇ ਇੱਕ ਬੱਚਾ ਵੱਡਾ ਸੀ। ਜਦੋਂ ਉਨ੍ਹਾਂ ਦੇ ਪਰਿਵਾਰ ਦੀਆਂ ਇਸਤਰੀਆਂ ਆਈਆਂ, ਤਾਂ ਉਨ੍ਹਾਂ ਨੇ ਕ੍ਰੀਟੋ ਦੇ ਸਾਹਮਣੇ ਉਨ੍ਹਾਂ ਨਾਲ਼ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸੁਕਰਾਤ ਨੇ ਆਪਣੇ ਅੰਤਿਮ ਆਦੇਸ਼ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਇਸਤਰੀਆਂ ਅਤੇ ਬੱਚਿਆਂ ਨੂੰ ਭੇਜ ਦਿੱਤਾ ਅਤੇ ਉਹ ਸਾਡੇ ਕੋਲ਼ ਵਾਪਿਸ ਆ ਗਏ। ਇਸ ਵੇਲ਼ੇ ਤੱਕ ਸੂਰਜ ਡੁੱਬਣ ਦਾ ਸਮਾਂ ਆ ਚੁੱਕਾ ਸੀ ਕਿਉਂਕਿ ਉਹ ਲੰਮੇ ਸਮੇਂ ਤੱਕ ਅੰਦਰ ਰਹੇ ਸਨ। ਇਸ਼ਨਾਨ ਕਰ ਕੇ ਸਾਡੇ ਕੋਲ਼ ਆਉਣ ਤੋਂ ਬਾਅਦ ਸਾਡੇ ਵਿਚਕਾਰ ਕੋਈ ਵਿਸ਼ੇਸ਼ ਗੱਲਬਾਤ ਨਹੀਂ ਹੋ ਸਕੀ।

ਤੁਰੰਤ ਹੀ ਜੱਲਾਦ ਲੋਕ ਆ ਗਏ ਅਤੇ ਉਨ੍ਹਾਂ ਦੇ ਸਾਹਮਣੇ ਆ ਕੇ ਖੜ੍ਹ ਗਏ ਅਤੇ ਬੋਲੇ, “ਸੁਕਰਾਤ, ਜਿੱਥੋਂ ਤੱਕ ਹੋ ਸਕੇ ਇਸਨੂੰ ਸਧਾਰਨ ਤਰੀਕੇ ਨਾਲ਼ ਸਹਿ ਲੈਣਾ। ਤੁਸੀਂ ਜਾਣਦੇ ਹੀ ਹੋਵੋਂਗੇ ਕਿ ਮੈਂ ਕਿਸ ਲਈ ਆਇਆ ਹਾਂ।” ਇਹ ਕਹਿ ਕੇ ਉਹ ਰੋਂਦਾ ਹੋਇਆ ਦੂਸਰੀ ਤਰਫ਼ ਚਲਾ ਗਿਆ। ਸੁਕਰਾਤ ਨੇ ਉਸ ਦੀ ਤਰਫ਼ ਦੇਖਿਆ ਅਤੇ ਕਿਹਾ, “ਵਿਦਾਈ ! ਤੁਸੀਂ ਮੈਨੂੰ ਜੋ-ਜੋ ਵੀ ਤੇ ਜਿਵੇਂ-ਜਿਵੇਂ ਵੀ ਕਰਨ ਨੂੰ ਕਹੋਗੇ, ਮੈਂ ਉਸਦਾ ਪਾਲਣ ਕਰਾਂਗਾ।”

ਉਹ ਜ਼ਹਿਰ ਇੱਕ ਪਿਆਲੇ ਵਿੱਚ ਤਿਆਰ ਕਰ ਕੇ ਲਿਆਇਆ ਸੀ। ਸੁਕਰਾਤ ਨੇ ਉਸਨੂੰ ਕਿਹਾ, “ਮੇਰੇ ਪਿਆਰੇ ਮਿੱਤਰ, ਆਪ ਜਾਣਦੇ ਤਾਂ ਹੋਵੋਗੇ ਕਿ ਮੇਰੇ ਨਾਲ਼ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ ?”

ਉਸ ਨੇ ਕਿਹਾ ਕਿ – “ਆਪ ਨੇ ਇਹ ਪੀਣਾ ਹੈ ਅਤੇ ਇਸ ਦੇ ਬਾਅਦ ਉਦੋਂ ਤੱਕ ਟਹਿਲਣਾ ਹੈ ਜਦੋਂ ਤੱਕ ਕਿ ਆਪ ਨੂੰ ਪੈਰ ਭਾਰੀ ਜਿਹੇ ਨਾ ਲੱਗਣ ਲੱਗ ਪੈਣ। ਫਿਰ ਆਪ ਲੇਟ ਜਾਣਾ। ਇਹ ਖ਼ੁਦ ਆਪਣਾ ਕੰਮ ਕਰੇਗਾ।”

ਇਹ ਆਖ ਕੇ ਉਸਨੇ ਸੁਕਰਾਤ ਨੂੰ ਉਹ ਪਿਆਲਾ ਫੜਾ ਦਿੱਤਾ ਜਿਸਨੂੰ ਸੁਕਰਾਤ ਨੇ ਬੜੀ ਖ਼ੁਸ਼ੀ ਨਾਲ਼, ਬਿਨਾਂ ਕੰਬੇ, ਲੈ ਲਿਆ। ਨਾ ਉਸਦੇ ਚਿਹਰੇ ਦਾ ਰੰਗ ਬਦਲਿਆ, ਨਾ ਮੱਥੇ ‘ਤੇ ਤਿਉੜੀ ਆਈ। ਸੁਕਰਾਤ ਨੇ ਉਸ ਆਦਮੀ ਨੂੰ ਨਿਰਦੋਸ਼ ਨਿਗਾਹ ਨਾਲ਼ ਦੇਖਿਆ ਤੇ ਪੁੱਛਿਆ , “ਕੁਝ ਪਾਣੀ ਨਾਲ਼ ਮੈਂ ਪੀਵਾਂ ਤਾਂ ਕਿਵੇਂ ਰਹੇਗਾ? ਕੀ ਮੈਂ ਅਜਿਹਾ ਕਰ ਸਕਦਾ ਹਾਂ?”

“ਅਸੀਂ ਓਨਾ ਹੀ ਜ਼ਹਿਰ ਤਿਆਰ ਕਰਦੇ ਹਾਂ, ਜਿੰਨਾ ਸਾਨੂੰ ਲਗਦਾ ਹੈ ਕਿ ਜ਼ਰੂਰੀ ਹੈ।”

ਇਹ ਸੁਣ ਕੇ ਸੁਕਰਾਤ ਨੇ ਪਿਆਲਾ ਬੁੱਲ੍ਹਾਂ ਨਾਲ਼ ਲਾ ਲਿਆ ਅਤੇ ਉਸ ਜ਼ਹਿਰ ਨੂੰ ਸ਼ਾਂਤੀ ਦੇ ਨਾਲ਼ ਪੀ ਲਿਆ। ਉਸ ਸਮੇਂ ਤੱਕ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਆਪਣੇ ਆਪ ਨੂੰ ਕਾਬੂ ਵਿੱਚ ਰੱਖਿਆ ਹੋਇਆ ਸੀ। ਪਰ ਜਦੋਂ ਅਸੀਂ ਉਨ੍ਹਾਂ ਨੂੰ ਜ਼ਹਿਰ ਪੀਂਦੇ ਦੇਖਿਆ ਅਤੇ ਜਦੋਂ ਉਹ ਜ਼ਹਿਰ ਖ਼ਤਮ ਹੋ ਗਿਆ, ਤਾਂ ਫਿਰ ਅਸੀਂ ਲੋਕ ਆਪਣੇ ਆਪ ‘ਤੇ ਕਾਬੂ ਨਾ ਰੱਖ ਸਕੇ। ਬਹੁਤ ਰੋਕਦਿਆਂ-ਰੋਕਦਿਆਂ ਮੇਰੇ ਵੀ ਹੰਝੂ ਵਹਿ ਤੁਰੇ ਤੇ ਮੈਂ ਆਪਣਾ ਮੂੰਹ ਢਕਿਆ ਲਿਆ ਅਤੇ ਮੈਂ ਰੋਣ ਲੱਗ ਪਿਆ।

ਇਹ ਮੈਂ ਉਨ੍ਹਾਂ ਦੇ ਲਈ ਨਹੀਂ ਕਰ ਰਿਹਾ ਸੀ ਬਲਕਿ ਆਪਣੇ ਮਾੜੇ ਭਾਗਾਂ ‘ਤੇ ਰੋ ਰਿਹਾ ਸਾਂ ਕਿ ਮੈਂ ਇੱਕ ਅਜਿਹਾ ਮਿੱਤਰ ਖੋ ਦਿੱਤਾ, ਜਿਸ ਦਾ ਇਸ ਜੱਗ ‘ਤੇ ਕੋਈ ਸਾਨੀ ਨਹੀਂ। ਕ੍ਰੀਟੋ ਵੀ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕੇ ਸਨ ਅਤੇ ਉਹ ਓਥੋਂ ਵਿਦਾ ਹੋ ਗਏ। ਅਪੋਲੋਡੋਰਸ, ਜੋ ਲਗਾਤਾਰ ਰੋਂਦਾ ਹੀ ਰਿਹਾ ਸੀ, ਹੁਣ ਬਹੁਤ ਉੱਚੀ-ਉੱਚੀ ਰੋਣ ਲੱਗ ਪਿਆ। ਉਸਦਾ ਨਤੀਜਾ ਇਹ ਹੋਇਆ ਕਿ ਫੇਰ ਅਸੀਂ ਸਾਰੇ ਹੀ ਸੰਜਮ ਖੋ ਬੈਠੈ।

ਸੁਕਰਾਤ ਸ਼ਾਂਤ ਬੈਠੇ ਰਹੇ। ਉਨ੍ਹਾਂ ਨੇ ਕਿਹਾ, “ਮੇਰੇ ਮਿੱਤਰੋ, ਤੁਸੀਂ ਲੋਕ ਇਹ ਕੀ ਕਰ ਰਹੇ ਹੋ? ਮੈਂ ਇਸਤਰੀਆਂ ਨੂੰ ਖ਼ਾਸ ਕਰ ਕੇ ਇਸੇ ਲਈ ਭੇਜ ਦਿੱਤਾ ਸੀ ਕਿ ਉਹ ਇਸ ਤਰ੍ਹਾਂ ਕਸ਼ਟ ਨਾ ਦੇਣ ਕਿਉਂਕਿ ਮੈਂ ਇਹ ਸੁਣ ਰੱਖਿਆ ਹੈ ਕਿ ਮਨੁੱਖ ਨੂੰ ਸ਼ਾਂਤੀ ਨਾਲ਼ ਮਰਨਾ ਚਾਹੀਦਾ ਹੈ। ਇਸਲਈ ਤੁਸੀਂ ਸ਼ਾਂਤ ਰਹੋ ਅਤੇ ਆਪਣੇ ਆਪ ਨੂੰ ਕਾਬੂ ‘ਚ ਰੱਖੋ।”

ਜਦੋਂ ਅਸੀਂ ਇਹ ਸੁਣਿਆ ਤਾਂ ਬੜੀ ਸ਼ਰਮ ਆਈ ਤੇ ਅਸੀਂ ਰੋਣਾ ਬੰਦ ਕਰ ਦਿੱਤਾ। ਫੇਰ ਉਹ ਟਹਿਲਣ ਲੱਗੇ ਜਦੋਂ ਤੱਕ ਕਿ ਉਨ੍ਹਾਂ ਦੇ ਪੈਰ ਭਾਰੀ ਨਾ ਹੋ ਗਏ। ਫਿਰ ਉਹ ਸਿੱਧੇ ਲੇਟ ਕੇ ਸ਼ਾਂਤੀ ਨਾਲ਼ ਸੌਂ ਗਏ, ਜਿਹਾ ਕਿ ਉਨ੍ਹਾਂ ਨੂੰ ਕਰਨ ਲਈ ਕਿਹਾ ਗਿਆ ਸੀ। ਜਿਸ ਆਦਮੀ ਨੇ ਉਨ੍ਹਾਂ ਨੂੰ ਜ਼ਹਿਰ ਦਿੱਤਾ ਸੀ, ਉਹ ਹੁਣ ਸਮੇਂ-ਸਮੇਂ ‘ਤੇ ਉਸ ਦੇ ਪੈਰਾਂ ਅਤੇ ਤਲ਼ੀਆਂ ਦੀ ਜਾਂਚ ਕਰ ਰਿਹਾ ਸੀ। ਇਸਦੇ ਬਾਅਦ ਉਸਨੇ ਸੁਕਰਾਤ ਦੇ ਪੈਰਾਂ ਨੂੰ ਜ਼ੋਰ ਨਾਲ਼ ਦਬਾ ਕੇ ਪੁੱਛਿਆ ਕਿ “ਕੀ ਇਨ੍ਹਾਂ ਵਿੱਚ ਕੋਈ ਅਹਿਸਾਸ ਹੁੰਦਾ ਹੈ?”

ਸੁਕਰਾਤ ਨੇ ਉੱਤਰ ਦਿੱਤਾ, “ਨਹੀਂ।”

ਫਿਰ ਉਸ ਨੇ ਉਨ੍ਹਾਂ ਦੇ ਪੈਰਾਂ ਨੂੰ ਦਬਾਇਆ ਅਤੇ ਫਿਰ ਉੱਪਰ, ਹੋਰ ਉੱਪਰ ਦਬਾਉਂਦਾ ਗਿਆ ਅਤੇ ਸਾਨੂੰ ਇਹ ਦਿਖਾਇਆ ਕਿ ਉਹ ਠੰਢੇ ਅਤੇ ਸਖ਼ਤ ਹੁੰਦੇ ਜਾ ਰਹੇ ਹਨ। ਸੁਕਰਾਤ ਨੇ ਆਪ ਵੀ ਆਪਣੀ ਦੇਹ ਨੂੰ ਛੋਹਿਆ ਅਤੇ ਅਜਿਹਾ ਹੀ ਅਨੁਭਵ ਕੀਤਾ। ਕਿਹਾ ਕਿ ਜਦੋਂ ਇਹ ਮੇਰੇ ਦਿਲ ਤੱਕ ਪਹੁੰਚ ਜਾਵੇਗਾ ਤਾਂ ਮੈਂ ਮਰ ਜਾਵਾਂਗਾ। ਇਸ ਸਮੇਂ ਤੱਕ ਉਹ ਆਪਣੇ ਲੱਕ ਤੱਕ ਸੰਵੇਦਨ-ਹੀਣ ਹੋ ਚੁੱਕੇ ਸਨ।

ਉਸ ਵੇਲ਼ੇ ਉਨ੍ਹਾਂ ਨੇ ਆਪਣਾ ਮੂੰਹ ਨੰਗਾ ਕਰ ਲਿਆ ਜੋ ਕਿ ਢਕ ਦਿੱਤਾ ਗਿਆ ਸੀ ਅਤੇ ਅੰਤਿਮ ਬਾਰ ਉਨ੍ਹਾਂ ਨੇ ਕੁਝ ਕਿਹਾ, “ਕ੍ਰੀਟੋ, ਐਸਕਲੇਪੀਅਸ ਦਾ ਮੈਂ ਇੱਕ ਮੁਰਗੇ ਦਾ ਰਿਣੀ ਹਾਂ। ਯਾਦ ਕਰ ਕੇ ਉਸਨੂੰ ਦੇ ਦੇਣਾ।” (ਨੋਟ : ਇਹ ਸ਼ਬਦ ਸ਼ਾਇਦ ਇਸ ਰੀਤ ਨਾਲ਼ ਸਬੰਧ ਰੱਖਦੇ ਹਨ, ਜਿਸ ਦੇ ਵਿੱਚ ਆਮ ਤੌਰ ‘ਤੇ ਕਿਸੇ ਰੋਗ ਤੋਂ ਮੁਕਤ ਹੋਣ ਉੱਤੇ ਐਸਕਲੇਪੀਅਸ ਨੂੰ ਕੁਝ ਭੇਟ ਵਜੋਂ ਦਿੱਤਾ ਜਾਂਦਾ ਹੈ। ਮੌਤ, ਜੀਵਨ ਰੂਪੀ ਬੁਖ਼ਾਰ ਤੋਂ ਮੁਕਤੀ ਹੈ। ਉਦਾਹਰਣ ਦੇ ਲਈ ਦੇਖੋ 66 ਬੀ, 67 ਸੀ ਆਦਿ। ਇੱਕ ਦੂਸਰੀ ਵਿਆਖਿਆ ਇਹ ਹੈ ਕਿ ਇਸ ਵਿੱਚ ਇੱਕ ਤੁੱਛ ਧਾਰਮਿਕ ਕੰਮ ਨੂੰ ਨਾ ਕਰਨ ਦਾ ਹਵਾਲਾ ਦਿੱਤਾ ਗਿਆ।)

ਕ੍ਰੀਟੋ ਨੇ ਕਿਹਾ ਕਿ “ਇਹ ਕਰ ਦਿੱਤਾ ਜਾਵੇਗਾ। ਹੋਰ ਕੋਈ ਗੱਲ ਹੋਵੇ ਤਾਂ ਤੁਸੀਂ ਦੱਸੋ ?”

ਉਨ੍ਹਾਂ ਨੇ ਇਸ ਪ੍ਰਸ਼ਨ ਦਾ ਕੋਈ ਉੱਤਰ ਨਾ ਦਿੱਤਾ ਪਰ ਥੋੜ੍ਹੀ ਦੇਰ ਬਾਅਦ ਸੁਕਰਾਤ ਨੂੰ ਇੱਕ ਧੁੜਧੜੀ ਆਈ ਅਤੇ ਉਸ ਜੱਲਾਦ/ਆਦਮੀ ਨੇ ਉਨ੍ਹਾਂ ਦਾ ਮੂੰਹ ਖੋਲ੍ਹ ਦਿੱਤਾ। ਉਨ੍ਹਾਂ ਦੀਆਂ ਅੱਖਾਂ ਸਥਿਰ ਹੋ ਚੁੱਕੀਆਂ ਸਨ। ਤਾਂ ਕ੍ਰੀਟੋ ਨੇ ਉਨ੍ਹਾਂ ਦਾ ਮੂੰਹ ਅਤੇ ਅੱਖਾਂ ਬੰਦ ਕਰ ਦਿੱਤੀਆਂ।
ਸਾਡੇ ਮਿੱਤਰ ਦਾ ਅੰਤ ਇਸ ਤਰ੍ਹਾਂ ਹੋਇਆ। ਉਹ ਇੱਕ ਆਦਰਸ਼ ਪੁਰਖ ਸਨ। ਉਹ ਸਭ ਤੋਂ ਗਿਆਨੀ, ਨਿਆਂ ਪਸੰਦ ਅਤੇ ਉੱਤਮ ਆਦਮੀ ਸਨ।

(ਛਪ ਰਹੀ ਪੁਸਤਕ – ਸੁਕਰਾਤ ਦਾ ਮੁਕੱਦਮਾ ਤੇ ਉਸਦੀ ਮੌਤ ਵਿੱਚੋਂ)
ਅਨੁ.
ਸ. ਅਮਰਜੀਤ ਸਿੰਘ ਉੱਦਮੀ

ਡਾ. ਸਵਾਮੀ ਸਰਬਜੀਤ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੈਪਟਿਸਟ ਚੈਰੀਟੇਬਲ ਸੋਸਾਇਟੀ ਨੇ ਦਿੱਤਾ ਨਾਅਰਾ
Next articleਕੁੱਲ ਹਿੰਦ ਕਿਸਾਨ ਸਭਾ,ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਦੁਆਬਾ ਸੰਘਰਸ਼ ਕਮੇਟੀ ਵੱਲੋਂ ਤਹਿਸੀਲਦਾ ਮਹਿਤਪੁਰ ਨੂੰ ਮੰਗ ਪੱਤਰ ਦਿੱਤਾ