ਮੇਰੇ ਕਾਰਜਕਾਲ ਦਾ ਸਭ ਤੋਂ ਗ਼ਮਗੀਨ ਲਮਹਾ: ਗੁਟੇਰੇਜ਼

UN Secretary-General Antonio Guterres

(ਸਮਾਜ ਵੀਕਲੀ):  ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਰੂਸੀ ਸਦਰ ਵਲਾਦੀਮੀਰ ਪੂਤਿਨ ਵੱਲੋਂ ਯੂਕਰੇਨ ਵਿੱਚ ਵਿਸ਼ੇਸ਼ ਫੌਜੀ ਕਾਰਵਾਈ ਦੇ ਕੀਤੇ ਐਲਾਨ ਨੂੰ ‘ਆਪਣੇ ਕਾਰਜਕਾਲ ਦਾ ਸਭ ਤੋਂ ਗ਼ਮਗੀਨ ਲਮਹਾ’ ਕਰਾਰ ਦਿੱਤਾ ਹੈ। ਗੁਟੇਰੇਜ਼ ਨੇ ਕਿਹਾ, ‘‘ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਵਜੋਂ ਇਹ ਮੇਰੇ ਕਾਰਜਕਾਲ ਦਾ ਸਭ ਤੋਂ ਉਦਾਸ ਲਮਹਾ ਹੈ। ਮੈਂ ਰਾਸ਼ਟਰਪਤੀ ਪੂਤਿਨ ਨੂੰ ਸੰਬੋਧਨ ਹੁੰਦਿਆਂ ਸੁਰੱਖਿਆ ਕੌਂਸਲ ਮੀਟਿੰਗ ਦੀ ਸ਼ੁਰੂਆਤ ਕੀਤੀ ਹੈ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਰੂਸੀ ਸਦਰ ਨੂੰ ਆਖਦਾ ਹਾਂ: ਆਪਣੀਆਂ ਫੌਜਾਂ ਨੂੰ ਯੂਕਰੇਨ ਖਿਲਾਫ਼ ਹਮਲਾਵਰ ਹੋਣ ਤੋਂ ਰੋਕਣ, ਸਾਂਤੀ ਤੇ ਅਮਨ ਦਾ ਇਕ ਮੌਕਾ ਦਿੱਤਾ ਜਾਵੇ ਕਿਉਂਕਿ ਪਹਿਲਾਂ ਹੀ ਕਈ ਲੋਕ ਮਾਰੇ ਜਾ ਚੁੱਕੇ ਹਨ।’’

ਗੁਟੇਰੇਜ਼ ਨੇ ਕਿਹਾ,‘‘ਇਨਸਾਨੀਅਤ ਦੇ ਨਾਤੇ ਆਪਣੀਆਂ ਫੌਜਾਂ ਨੂੰ ਵਾਪਸ ਰੂਸ ਸੱਦਿਆ ਜਾਵੇ। ਇਨਸਾਨੀਅਤ ਦੇ ਨਾਂ ’ਤੇ ਯੂਰੋਪ ਵਿੱਚ ਜੰਗ ਨਾ ਲੱਗਣ ਦਿੱਤੀ ਜਾਵੇ, ਜੋ ਇਸ ਸਦੀ ਦੀ ਸ਼ੁਰੂਆਤ ’ਚ ਸਭ ਤੋਂ ਭਿਆਨਕ ਜੰਗ ਹੋ ਸਕਦੀ ਹੈ। ਇਸ ਜੰਗ ਦੇ ਸਿੱਟੇ ਨਾ ਸਿਰਫ਼ ਯੂਕਰੇਨੀਆਂ ਤੇ ਰੂਸੀ ਫੈਡਰੇਸ਼ਨ ਲਈ ਬਲਕਿ ਕੁੱਲ ਆਲਮ ਲਈ ਦਰਦਨਾਕ ਹੋਣਗੇ।’’ ਯੂਐੱਨ ਮੁਖੀ ਨੇ ਕਿਹਾ ਕਿ ਆਲਮੀ ਅਰਥਚਾਰਾ ਪਹਿਲਾਂ ਹੀ ਕੋਵਿਡ-19 ਮਹਾਮਾਰੀ ਤੋਂ ਉਭਰ ਰਿਹਾ ਹੈ ਤੇ ਕਈ ਵਿਕਾਸਸ਼ੀਲ ਮੁਲਕਾਂ ਨੂੰ ਪੈਰਾਂ ਸਿਰ ਹੋਣ ਲਈ ਸਮਾਂ ਚਾਹੀਦਾ ਹੈ। ਤੇਲ ਕੀਮਤਾਂ ਵਧਣ ਤੇ ਯੂਕਰੇਨ ਤੋਂ ਅਨਾਜ ਦੀ ਬਰਾਮਦ ਬੰਦ ਹੋਣ ਨਾਲ ਕੌਮਾਂਤਰੀ ਬਾਜ਼ਾਰਾਂ ਵਿੱਚ ਅਸਥਿਰਤਾ ਦਾ ਮਾਹੌਲ ਬਣੇਗਾ।’’ ਉਧਰ ਸੁਰੱਖਿਆ ਕੌਂਸਲ ਦੇ ਮੈਂਬਰਾਂ ਨੇ ਵੀ ‘ਬਿਨਾਂ ਕਿਸੇ ਭੜਕਾਹਟ’ ਤੇ ‘ਅਨਿਆਂਪੂਰਨ’ ਕਾਰਵਾਈ ਲਈ ਰੂਸੀ ਸਦਰ ਨੂੰ ਫਟਕਾਰ ਪਾਈ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸ ਵੱਲੋਂ ਯੂਕਰੇਨ ਉਤੇ ਹਮਲਾ, 40 ਤੋਂ ਵੱਧ ਮੌਤਾਂ
Next articleMVA, BJP trade barbs after minister Nawab Malik’s arrest