(ਸਮਾਜ ਵੀਕਲੀ)
ਕੱਟਾ ਦਾਨ ਨਹੀਂ, ਝੋਟਾ ਦਾਨ ਕਹੋ। ਝੋਟਾ ਦਾਨ ਨਹੀਂ ਝੋਟੇ ਦੀ ਬਲੀ ਕਹੋ । ਗਉ ਦਾਨ ਹਿੰਦੂ ਧਰਮ ਵਿੱਚ ਬ੍ਰਾਹਮਣਾਂ ਅਤੇ ਪੁਜਾਰੀਆਂ ਦੁਆਰਾ ਆਮ ਜਨ ਸਧਾਰਣ ਦੀ ਲੁੱਟ ਸੀ। ਗਉ ਦੁੱਧ ਨਾਲ਼ ਪਰਿਵਾਰ ਪਲਦਾ ਸੀ, ਗਉ ਨਾਲ਼ ਆਏ ਵੱਛੇ ਨੂੰ ਵੇਚ ਕੇ ਜੇਬ ‘ਚ ਰੁਪਈਏ ਆਉਂਦੇ ਸਨ।ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਘਰ ਮਾਲਾ–ਮਾਲ਼ ਕਰਦੇ ਸਨ ਪਾਧੇ-ਪੁਜਾਰੀ, ਢੋਗੀਂ ਡੇਰਿਆਂ ਵਾਲੇ ਪਖੰਡੀ। ਗਊ ਦਾਨ ਹੀ ਕਿਉਂ ? ਢੱਠਾ ਦਾਨ ਕਿਉਂ ਨਹੀਂ ? ਢੱਠੇ ਤੋਂ ਕੀ ਗੱਲ ਡਰ ਲੱਗਦੈ ?
ਦੇਵੀ-ਦੇਵਤਿਆਂ ਦੀ ਖੁਸ਼ੀ ਲਈ ਝੋਟੇ ਦਾ ਦਾਨ ਤਾਂ ਨਹੀਂ ਸੁਣਿਆ ਹਾਂ ਬਲੀ ਜਰੂਰ ਸੁਣੀ ਹੈ । ਜੇ ਹੁਣ ਕੋਈ ਰਾਜਾ-ਮਹਾਰਾਜਾ , ਮੰਤਰੀ-ਸੰਤਰੀ ਪਸ਼ੂ ਦੀ ਬਲੀ ਸ਼ਰੇਆਮ ਆਪਣੀ ਜਿੱਤ ਦੀ ਕਾਮਨਾ ਲਈ ਦਿੰਦਾਂ ਹੈ ਤਾਂ ਮੀਡੀਆ ਤੇ ਥੂਹ – ਥੂਹ ਹੋਵੇਗੀ। ਪਸ਼ੂ ਪਰੇਮੀ ਤਾਂ ਆਦਮਖ਼ੋਰ ਕੁੱਤਿਆਂ ਨੂੰ ਕੁੱਤਾ ਨਹੀਂ ਕਹਿਣ ਦਿੰਦੇ ਭਾਂਵੇ ਕੁੱਤਾ ਚੁੱਲੇ-ਚੌਂਕੇ ਤੇ ਹੀ ਕਿਉਂ ਨਾ ਮੂਤੀ ਜਾਵੇ। ਬਲੀ ਤਾਂ ਅਜੋਕੇ ਦੌਰ ਵਿੱਚ ਦੂਰ ਦੀ ਗੱਲ ਹੈ। ਚਲੋ ਝੋਟੇ ਨਾਲ਼ ਫੋਟੋ ਕਰਾ ਕੇ ਕੱਟੇ ਦਾਨ ਦੀ ਹੀ ਖਬਰ ਲਵਾ ਦਿੰਦੇ ਹਾਂ।
ਧਰਮ, ਕਰਮ, ਪੂਜਾ-ਪਾਠ, ਤੀਰਥ, ਯਾਤਰਾ ਇਹ ਮਸਲੇ ਅਖਵਾਰਾਂ ਜਾਂ ਦੂਰਦਰਸ਼ਨ ਲਈ ਨਹੀਂ ਹਨ। ਇਹੋ ਜਿਹੇ ਪੁੰਨ ਤਾਂ ਪਰਦੇ ਅੰਦਰ ਹੀ ਕਰ ਲੈਣੇ ਚਾਹੀਂਦੇ ਨੇ , ਕਿਉਂਕਿ ਜਦੋਂ ਅਸੀਂ ਪਾਪ ਕਰਦੇ ਹਾਂ ਉਦੋਂ ਤਾਂ ਅਖਵਾਰਾਂ ‘ਚ ਤਸਵੀਰਾਂ ਨਾਲ਼ ਸੁਰਖ਼ੀਆ ਨਹੀਂ ਲਵਾਉਂਦੇ । ਲੋਕਾਂ ਨਾਲ਼ ਝੂਠੇ ਵਾਅਦੇ ਕਰਨ ਵੇਲ਼ੇ ਧਰਮ ਕਾਂਡ ਕਰਦੇ ਹਾਂ ਪਰ ਕਰਮ ਕਾਂਡ ਕਰਦੇ ਹੀ ਨਹੀਂ। ਊਟ-ਪਟਾਂਗ ਨਾਲ਼ ਬੜਾ ਉਤਸ਼ਾਹ ਦਿਖਾ ਕੇ ਸ਼ੋਸਲ ਮੀਡੀਆ ‘ਤੇ ਵੋਟਾਂ ਵਟੋਰ ਜਿੱਤ ਹਾਸਿਲ ਕਰ ਲੈਂਦੇ ਹਾਂ। ਜਿੱਤਣ ਬਾਅਦ ਢੱਠੇ ਖੂਹ ਵਿੱਚ ਪੈਣ ਲੋਕ ਨਾਲ਼ੇ ਅੱਡੀਆਂ ਚੱਕ-ਚੱਕ ਨਾਲ਼ ਤੁਰਨ ਵਾਲੇ ਕੌਲੀ-ਚੱਟ।
ਕੱਟੇ ਜਾਂ ਝੋਟੇ ਦਾਨ ਕਰੋ ਜਾਂ ਇੱਧਰ ਓਧਰ ਕਰਕੇ ਬਲੀ ਦਾ ਟੱਕ ਲਾ ਦਿਓ ਪਰ ਜਿੱਤ ਜ਼ਰੂਰ ਮਿਲੇ। ਜਿੱਤਣ ਬਾਅਦ ਤਖ਼ਤ ਤਾਂ ਮਿਲ ਹੀ ਜਾਣੈ । ਆਮ ਲੋਕਾਂ ਦੀ ਬਲੀ ਲੈਣਾ ਹਾਕਮਾਂ ਦਾ ਸ਼ੌਂਕ ਹੈ , ਇਹ ਸ਼ੌਂਕ ਬਲੀ ਦੇ ਰੂਪ ਵਿੱਚ ਆਪਣੇ ਜੌਹਰ ਦਿਖਾ ਰਿਹਾ ਹੈ। ਸੱਤਾ ਵਿੱਚ ਆ ਕੇ ਲੋਕਾਂ ਦੀ ਛਿੱਲ ਲਾਹੁਣੀ, ਬਹੁਤ ਵੱਡੀ ਬਲੀ ਯਾਣੀ ਕੁਰਬਾਨੀ ਦੇਣੀ ਹੈ। ਹੱਕਦਾਰਾਂ ਦੇ ਹੱਕ ਮਾਰਕੇ, ਠੱਗੀਆਂ-ਠੋਰੀਆਂ ਨਾਲ਼ ਕਮਾਏ ਧਨ ਨੇ ਤੁਹਾਡੀ ਆਤਮਾ ਤੇ ਬੋਝ ਬਣਨਾ ਹੀ ਹੈ, ਇਹ ਬੌਝ ਨਿਰਦੋਸ਼ ਜਾਨਵਰਾਂ-ਪਸ਼ੂਆਂ ਦੀ ਕੁਰਬਾਨੀ ਦੇ ਕੇ ਜਾਂ ਦਾਨ ਦੇ ਕੇ ਤਾਂ ਨਹੀਂ ਉਤਰਨਾ। ਆਕਾਲ ਪੁਰਖ ਵਾਹਿਗੁਰੂ ਦੀਆਂ ਝੂਠੀਆਂ ਸੌਹਾਂ -ਕਸਮਾ ਚੁੱਕ ਕੇ ਭੋਲ਼ੇ-ਭਾਲ਼ੇ ਗਰੀਬ ਦੁਖੀ ਲੋਕਾਂ ਨਾਲ਼ ਕਪਟ ਕਰਨਾ ਕੀ ਗੁਨਾਹ ਨਹੀਂ ? ਇਹ ਗੁਨਾਹ ਲੋਕਾਂ ਨਾਲ਼ ਹੀ ਨਹੀਂ ਲੋਕਾਂ ਵਿੱਚ ਵਸਣ ਵਾਲੇ ਮਾਲਕ ਨਾਲ ਵੀ ਹੈ। ਉਹ ਤੁਹਾਡੀਆਂ ਕਾਰਗੁਜ਼ਾਰੀਆਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ ਤੇ ਦੇਖ ਰਿਹਾ ਹੈ।
ਮੰਨਦਾ ਹਾਂ ਕਿ ਰਾਜਨੀਤਿਕ ਲੋਕ ਅਧਿਆਤਮਕਤਾ ਤੋਂ ਕੋਹਾਂ ਦੂਰ ਹਨ। ਉਹ ਇਹ ਪੂਜਾ-ਪਾਠ, ਤੀ-ਥ ਯਾਤਰਾ ਲੋਕਾਂ ਨੂੰ ਭਰਮਾਉਣ ਲਈ ਕਰਦੇ ਹਨ। ਅਯਾਸ਼ੀਆਂ-ਸ਼ਰਾਬੀਆਂ ਨੂੰ ਪੂਜਾ-ਪਾਠ ਤੋਂ ਲੈਣਾ ਵੀ ਕੀ ਹੈ ? ਇਹ ਕਰਮ ਕਾਂਡ ਇਕ ਫ਼ਿਰਕੇ ਦੀਆਂ ਵੋਟਾਂ ਹਾਸਲ ਕਰਨ ਲਈ ਇਕ ਕੋਸ਼ਿਸ ਹੈ। ਇਕ ਗੱਲ ਜਰੂਰ ਹੈ ਕਿ ਜ਼ਮਾਨਾ ਸਾਇੰਸ ਦਾ ਹੈ, ਡਿਜ਼ੀਟਲ ਇੰਡੀਆ ਦਾ ਹੈ ‘ਤੇ ਪ੍ਚਾਰ ਵੀ ਡਿਜ਼ੀਟਲ ਇੰਡੀਆ ਦਾ ਹੈ, ਫਿਰ ਇਹ ਕਿਹੜੇ ਯੁੱਗ ਦੀ ਪ੍ਰੰਪਰਾ ਨੂੰ ਹਵਾ ਦੇ ਰਹੇ ਹਨ।
ਕੱਟਾ ਦਾਨ ਲਵੇਗਾ ਕੌਣ ? ਕੱਟੇ ਤਾਂ ਪਸ਼ੂ ਪਾਲਕ ਬਿਨਾਂ ਦੁੱਧ ਚੁੰਘਾਏ ਪਹਿਲਾਂ ਹੀ ਮਾਰ ਦਿੰਦੇ ਹਨ। ਜੇ ਬਚ ਵੀ ਗਿਆ ਤਾਂ ਵੱਡਣ ਵਾਲੇ ਬੁੱਚੜਾਂ ਦੇ ਵਿਉਪਾਰੀ ਆਪ ਖਰੀਦ ਕੇ ਲੈ ਜਾਂਦੇ ਹਨ। ਕਿਸੇ ਪੁਜਾਰੀ ਜਾਂ ਹੋਰ ਬੰਦੇ ਨੇ ਕੀ ਕਰਨੈ ? ਦਾਨ ਦੇਣ ਵਾਲਾ ਕੱਟਾ ਦਾਨ ਜਾਂ ਕੁਰਬਾਨ ਕਰਕੇ ਲੋਕਾਂ ਦੇ ਗਲ ਜਰੂਰ ਵੱਡੇਗਾ, ਇਹ ਤਾਂ ਨਿਯਤ ਹੈ। ਇਹ ਕੁਰਬਾਨੀ ਨਾਲ਼ ਆਵਾਮ ਵੀ ਆਪਣੀ ਕੁਰਬਾਨੀ ਦੇਣ ਲਈ ਤਿਆਰ ਰਹੇ, ਕੱਟਾ ਦਾਨ ਖੈਰ ਹੱਥਾ ਨਹੀਂ ਭਰਾਵੋ। ਤੁਸੀਂ ਫਿ- ਕਸਾਈਆਂ ਹੱਥ ਵਿਕ ਰਹੇ ਹੋਂ , ਇਹ ਤਹਿ ਹੈ। ਅਜੇ ਸਾਡੇ ਕਪਤਾਨਾਂ ਨੂੰ ਹੀ ਗਿਆਨ ਨਹੀਂ ਫਿਰ ਤੁਹਾਡੇ ਵਰਗਿਆਂ ਤੇ ਮੇਰੇ ਵਰਗਿਆਂ ਦਾ ਰੱਬ ਹੀ ਰਾਖ਼ਾ । ਅੱਲ੍ਹਾ ਖ਼ੈਰ ਕਰੇ।
ਬਲਜਿੰਦਰ ਸਿੰਘ “ਬਾਲੀ ਰੇਤਗੜੵ “
+919465129168
+917087629168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly