ਰੋਮੀ ਘੜਾਮੇਂ ਵਾਲ਼ਾ ਅਤੇ ਸਾਥੀਆਂ ਨੇ ਬੜੋਦੀ ਟੋਲ ਬੈਰੀਅਰ ‘ਤੇ ਬਿਖੇਰਿਆ ਇਨਕਲਾਬੀ ਰੰਗ

ਸ. ਹਰਬੰਸ ਸਿੰਘ ਸੰਧੂ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਕੁਰਾਲੀ, 27 ਸਤੰਬਰ ਸੋਮਵਾਰ(ਰਮੇਸ਼ਵਰ ਸਿੰਘ): ਲੋਕ ਹਿੱਤ ਮਿਸ਼ਨ (ਬਲਾਕ ਮਾਜਰੀ) ਦੀ ਬੜੋਦੀ ਟੋਲ ਪਲਾਜ਼ਾ ਸਟੇਜ ‘ਤੇ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮਦਿਨ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਰੋਮੀ ਘੜਾਮੇਂ ਵਾਲ਼ਾ ਤੇ ਸਾਥੀਆਂ ਨੇ ਕਮਾਲ ਦੀ ਇਨਕਲਾਬੀ ਹਾਜ਼ਰੀ ਲਵਾਈ। ਸਟੇਜ ਸੰਚਾਲਕ ਡਾ. ਐੱਮ. ਐੱਸ. ਸੈਣੀ (ਐਮਰਜੈਂਸੀ ਮੈਡੀਕਲ ਅਫ਼ਸਰ, ਸਾਂਘਾ ਹਸਪਤਾਲ) ਦੁਆਰਾ ਸੰਜੀਦਗੀ ਭਰੀ ਭੂਮਿਕਾ ਬੰਨ੍ਹਣ ਤੋਂ ਬਾਅਦ ਗਾਇਕਾ ਦਿਲਪ੍ਰੀਤ ਅਟਵਾਲ ਨੇ ‘ਭਗਤ ਸਿੰਘ ਦੀ ਘੋੜੀ’ ਤੇ ‘ਮੈਂ ਭਗਤ ਸਿੰਘ ਸਰਦਾਰ ਬੋਲਦਾ ਹਾਂ’ ਗੀਤਾਂ ਨਾਲ਼ ਮਾਹੌਲ ਨੂੰ ਜੋਸ਼ੀਲੀ ਸ਼ੁਰੂਆਤ ਦਿੱਤੀ। ਉਪਰੰਤ ਰੋਮੀ ਨੇ ਮਾਈਕ ਸੰਭਾਲਦਿਆਂ ਹੀ ਲਗਾਤਾਰ ਚਾਰ ਘੰਟੇ ਆਪਣੀਆਂ ਬੀਰ-ਰਸੀ ਤੇ ਵਿਅੰਗਮਈ ਰਚਨਾਵਾਂ ਦੀ ਝੜੀ ਲਾਈ ਰੱਖੀ। ਭਗਤ ਸਿੰਘ ਦੀ ਸੋਚ, ਉੱਠੀਂ ਉੱਠੀਂ ਵੇ ਭਗਤ ਸਿਆਂ, ਛੁਣਛੁਣੇ ਵਿਕਣੇ ਆਏ, ਜੁਮਲੇ ਲੈ ਲਉ ਜੁਮਲੇ, ਅਜੌਕਾ ਛੱਲਾ, ਇਨਕਲਾਬ ਜ਼ਿੰਦਾਬਾਦ, ਇੰਡੀਆ ਦੀ ਕਿਸਮਤ ਆਦਿ ਗੀਤ ਸਰੋਤਿਆਂ ਨੂੰ ਤਾੜੀਆਂ, ਨਾਹਰੇ ਤੇ ਜੈਕਾਰੇ ਗੂੰਜਾਉਣ ਲਈ ਮਜ਼ਬੂਰ ਕਰਦੇ ਰਹੇ। ਸਹਿ ਗਾਇਕਾ ਦਿਲਪ੍ਰੀਤ ਨਾਲ਼ ਦੋਗਾਣਿਆਂ ਦੀ ਹਾਜ਼ਰੀ ਸਮੇਂ ਪੇਸ਼ ਕੀਤੇ ‘ਮੁੰਡਾ ਚੌਂਕੀਦਾਰ ਲੱਗਿਆ’ ਤੇ ‘ਗੋਦੀ ਮੀਡੀਆ’ ਲਈ ਤਾਂ ਸਰੋਤਿਆਂ ਦੀਆਂ ਮੁੜ ਮੁੜ ਫਰਮਾਇਸ਼ਾਂ ਆਉਂਦੀਆਂ ਰਹੀਆਂ। ਪ੍ਰੋਗਰਾਮ ਤੋਂ ਪਹਿਲਾਂ ਤੇ ਬਾਅਦ ਵਿੱਚ ਰਣਬੀਰ ਕੌਰ ਬੱਲ ਯੂ.ਐੱਸ.ਏ. ਕੌਮਾਂਤਰੀ ਚੇਅਰਪਰਸਨ ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਵਿਸ਼ੇਸ਼ ਤੌਰ ‘ਤੇ ਭਿਜਵਾਇਆ ਸ. ਭਗਤ ਸਿੰਘ ਜੀ ਸਬੰਧੀ ਇਨਕਲਾਬੀ ਸਾਹਿਤ ਗੁਰਪ੍ਰੀਤ ਸਿੰਘ (ਇੰਟਰਨੈਸ਼ਨਲ ਤਾਇਕਵਾਂਡੋ ਖਿਡਾਰੀ ਅਤੇ ਕੋਚ) ਦੀ ਅਗਵਾਈ ਵਿੱਚ ਹਨੀ ਬੀ. ਮਿਊਜ਼ਿਕ ਡਾਇਰੈਕਟਰ, ਲੋਕ ਗਾਇਕ ਜਗਦੀਪ ਦੀਪ-ਜੱਸ ਅਟਵਾਲ-ਸ਼ਰਨ ਭਿੰਡਰ, ਵਿਸ਼ਾਲ ਢੀਂਗਰਾ, ਅਭੀ ਢੀਂਗਰਾ, ਸ਼ੁਭਮ ਅਤੇ ਹਰਮਨ ਨੇ ਜੁਝਾਰੂ ਸੰਗਤ ਨੂੰ ਵੰਡਿਆ।

ਅੰਤ ਵਿੱਚ ਲੋਕ ਹਿੱਤ ਮਿਸ਼ਨ ਵੱਲੋਂ ਮੁੱਖ ਮਹਿਮਾਨ ਸ. ਹਰਬੰਸ ਸਿੰਘ ਸੰਧੂ, ਪ੍ਰਮੁੱਖ ਸਹਿਯੋਗੀ ਸ਼ਖਸੀਅਤਾਂ ਰਵਿੰਦਰ ਸਿੰਘ ਮਾਣਕਪੁਰ ਸ਼ਰੀਫ, ਦਲਜੀਤ ਸਿੰਘ ਹੋਬੀ ਕੈਨੇਡਾ (ਕੁਰਾਲੀ) ਤੇ ਰਣਬੀਰ ਕੌਰ ਬੱਲ ਯੂ.ਐੱਸ.ਏ., ਗਾਇਕ ਜੋੜੀ ਰੋਮੀ ਤੇ ਦਿਲਪ੍ਰੀਤ, ਗੁਰਮਨਜੋਤ ਸਿੰਘ ਸੰਧੂ, ਅੰਗਰੇਜ ਸਿੰਘ ਸੂਬਾਈ ਮੀਤ ਪ੍ਰਧਾਨ ਪੰਜਾਬ ਅੰਤਰਰਾਸ਼ਟਰੀ ਇਨਕਲਾਬੀ ਮੰਚ, ਗੁਰਦਾਸ ਸਿੰਘ ਫੌਜੀ ਆਡੀਟਰ ਪੰਜਾਬ ਅੰਤਰਰਾਸ਼ਟਰੀ ਇਨਕਲਾਬੀ ਮੰਚ, ਮਨਦੀਪ ਸਿੰਘ ਸਲਾਹਕਾਰ ਸ਼ਹੀਦ ਮਦਨ ਲਾਲ ਢੀਂਗਰਾ ਯੂਥ ਕਲੱਬ ਪਿੰਡ ਘੜਾਮਾਂ ਦੇ ਉਚੇਚੇ ਤੌਰ ‘ਤੇ ਸਨਮਾਨ ਕੀਤੇ ਗਏ। ਇਸ ਮੌਕੇ ਇਲਾਕੇ ਦੇ ਮੌਹਤਬਰ ਸੱਜਣ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

Previous articleਨਿੱਜੀ ਫਾਇਦੇ ਲਈ ਭਾਜਪਾ ਨੇ ਗੰਨੇ ਦਾ ਭਾਅ ਵਧਾਇਆ: ਮਾਇਆਵਤੀ
Next articleUN members ask China to respect human rights in Tibet