ਇਸਲਾਮਾਬਾਦ (ਸਮਾਜ ਵੀਕਲੀ): ਤਾਲਿਬਾਨ ਦੇ ਰਾਜ ਵਿੱਚ ਅਫ਼ਗ਼ਾਨ ਧਰਤੀ ਨੂੰ ਭਾਰਤ ਖਿਲਾਫ਼ ਦਹਿਸ਼ਤੀ ਸਰਗਰਮੀਆਂ ਲਈ ਵਰਤੇ ਜਾਣ ਦੇ (ਭਾਰਤ ਦੇ) ਫ਼ਿਕਰਾਂ ਦਰਮਿਆਨ ਬਾਗ਼ੀ ਸਮੂਹ ਨੇ ਅੱਜ ਕਿਹਾ ਕਿ ਉਸ ਨੂੰ ‘ਕਸ਼ਮੀਰ’ ਸਮੇਤ ਵਿਸ਼ਵ ਦੇ ਕਿਸੇ ਵੀ ਹਿੱਸੇ ਵਿੱਚ ਰਹਿੰਦੇ ਮੁਸਲਮਾਨਾਂ ਲਈ ਆਵਾਜ਼ ਚੁੱਕਣ ਦਾ ਪੂਰਾ ਹੱਕ ਹੈ। ਤਾਲਿਬਾਨ ਨੇ ਹਾਲਾਂਕਿ ਨਾਲ ਹੀ ਸਾਫ਼ ਕਰ ਦਿੱਤਾ ਕਿ ਉਸ ਦੀ ਕਿਸੇ ਵੀ ਮੁਲਕ ਖਿਲਾਫ਼ ‘ਹਥਿਆਰਬੰਦ ਕਾਰਵਾਈਆਂ’ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਦੋਹਾ ਵਿਚ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਤਰਜਮਾਨ ਸੁਹੇਲ ਸ਼ਾਹੀਨ ਨੇ ਬੀਬੀਸੀ ਨੂੰ ਵਰਚੁਅਲੀ ਦਿੱਤੀ ਵਿਸ਼ੇਸ਼ ਇੰਟਰਵਿਊ ਦੌਰਾਨ ਕਿਹਾ, ‘‘ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ। ਮੁਸਲਮਾਨ ਤੁਹਾਡੇ ਆਪਣੇ ਲੋਕ ਹਨ, ਤੁਹਾਡੇ ਆਪਣੇ ਸ਼ਹਿਰੀ ਹਨ ਤੇ ਤੁਹਾਡੇ ਕਾਨੂੰਨ ਤਹਿਤ ਉਹ ਬਰਾਬਰ ਦੇ ਹੱਕਾਂ ਦਾ ਅਧਿਕਾਰ ਰੱਖਦੇ ਹਨ।’’ ਮੁਸਲਿਮ ਹੋਣ ਦੇ ਨਾਤੇ ਜਥੇਬੰਦੀ ਦਾ ਇਹ ਹੱਕ ਬਣਦਾ ਹੈ ਕਿ ਉਹ ਕਸ਼ਮੀਰ ਤੇ ਕਿਸੇ ਵੀ ਹੋਰ ਮੁਲਕ ਵਿੱਚ ਰਹਿੰਦੇ ਮੁਸਲਮਾਨਾਂ ਦੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰੇ।’’ ਅਮਰੀਕਾ ਨਾਲ ਹੋਏ ਦੋਹਾ ਕਰਾਰ ਦੀਆਂ ਸ਼ਰਤਾਂ ਨੂੰ ਯਾਦ ਕਰਦਿਆਂ ਸ਼ਾਹੀਨ ਨੇ ਕਿਹਾ ਕਿ ਉਨ੍ਹਾਂ ਦੀ ‘ਕਿਸੇ ਵੀ ਮੁਲਕ ਖ਼ਿਲਾਫ਼ ਹਥਿਆਰਬੰਦ ਕਾਰਵਾਈ ਕਰਨ ਦੀ ਕੋਈ ਯੋਜਨਾ ਨਹੀਂ ਹੈ’। ਸ਼ਾਹੀਨ ਦੀਆਂ ਇਹ ਟਿੱਪਣੀਆਂ ਇਸ ਲਈ ਅਹਿਮ ਹਨ ਕਿਉਂਕਿ ਕਤਰ ਵਿੱਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਪਿਛਲੇ ਦਿਨੀਂ ਤਾਲਿਬਾਨ ਦੀ ਗੁਜ਼ਾਰਿਸ਼ ’ਤੇ ਦੋਹਾ ਵਿੱਚ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਮੁਖੀ ਸ਼ੇਰ ਮੁਹੰਮਦ ਅੱਬਾਸ ਸਤਾਨਿਕਜ਼ਈ ਨਾਲ ਮੁਲਾਕਾਤ ਕੀਤੀ ਸੀ। ਮੀਟਿੰਗ ਦੌਰਾਨ ਮਿੱਤਲ ਨੇ ਸਤਾਨਿਕਜ਼ਈ ਨੂੰ ਦੋ ਟੁਕ ਸ਼ਬਦਾਂ ਵਿੱਚ ਸਾਫ਼ ਕਰ ਦਿੱਤਾ ਸੀ ਕਿ ਅਫ਼ਗ਼ਾਨ ਧਰਤੀ ਨੂੰ ਭਾਰਤੀ ਵਿਰੋਧੀ ਦਹਿਸ਼ਤੀ ਤੇ ਹੋਰਨਾਂ ਸਰਗਰਮੀਆਂ ਲਈ ਨਾ ਵਰਤਣ ਦਿੱਤਾ ਜਾਵੇ।
ਇੰਟਰਵਿਊ ਦੌਰਾਨ ਮਿੱਤਲ-ਸਤਾਨਿਕਜ਼ਈ ਮੀਟਿੰਗ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ਼ਾਹੀਨ ਨੇ ਕਿਹਾ, ‘‘ਅਸੀਂ ਇਸ ਗੱਲਬਾਤ ਨੂੰ ਮੌਕੇ ਵਜੋਂ ਲੈਂਦਿਆਂ ਆਪਣੇ ਸਾਰੇ ਫ਼ਿਕਰਾਂ, ਫਿਰ ਚਾਹੇ ਇਹ ਲੋਕਾਂ ਨੂੰ (ਅਫ਼ਗ਼ਾਨਿਸਤਾਨ ’ਚੋਂ) ਬਾਹਰ ਕੱਢਣ ਬਾਰੇ ਹੋਵੇ ਜਾਂ ਫਿਰ ਅਤਿਵਾਦ ਬਾਰੇ, ਤੋਂ ਜਾਣੂ ਕਰਵਾ ਦਿੱਤਾ ਹੈ। ਸਾਨੂੰ ਸਕਾਰਾਤਮਕ ਜਵਾਬ ਮਿਲਿਆ।’’ ਹੱਕਾਨੀ ਨੈੱਟਵਰਕ ਖ਼ਿਲਾਫ਼ ਕੂੜ ਪ੍ਰਚਾਰ ਨੂੰ ਸ਼ਾਹੀਨ ਨੇ ਮਹਿਜ਼ ਦਾਅਵਿਆਂ ’ਤੇ ਆਧਾਰਿਤ ਦੱਸਿਆ। ਸ਼ਾਹੀਨ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਅਲਕਾਇਦਾ ਨੇ ਮੁਸਲਿਮ ਭਾਈਚਾਰੇ ਨੂੰ ਕਿਹਾ ਹੈ ਕਿ ‘ਕਸ਼ਮੀਰ’ ਨੂੰ ਜੇਹਾਦ ਦੇ ਨਿਸ਼ਾਨਿਆਂ ਵਾਲੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ। ਇਸ ਸੂਚੀ ਵਿੱਚ ਸੀਰੀਆ, ਜੌਰਡਨ ਤੇ ਲਿਬਨਾਨ, ਲਿਬੀਆ, ਮੋਰੱਕੋ, ਅਲਜੀਰੀਆ, ਮੌਰੀਟਾਨੀਆ, ਟਿਊਨੀਸ਼ੀਆ, ਸੋਮਾਲੀਆ ਤੇ ਯਮਨ ਵੀ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly