
(ਸਮਾਜ ਵੀਕਲੀ) ਸਿੱਖ ਇਤਿਹਾਸ ਦੇ ਪੰਨਿਆਂ ‘ਤੇ ਕੁਝ ਅਜਿਹੇ ਕਿਰਦਾਰ ਵੀ ਦਰਜ ਹਨ, ਜਿਨ੍ਹਾਂ ਦੀ ਨਿਸ਼ਕਾਮ ਸੇਵਾ ਨੇ ਮੌਤ ਨੂੰ ਵੀ ਮਾਤ ਦਿੱਤੀ। ਇਹ ਉਹ ਰੂਹਾਂ ਸਨ, ਜਿਨ੍ਹਾਂ ਨੇ ਜ਼ੁਲਮ ਦੇ ਹਨੇਰੇ ‘ਚ ਮਨੁੱਖਤਾ ਦੀ ਦੀਵੇ ਵਾਂਗ ਰੌਸ਼ਨੀ ਫੈਲਾਈ। ਅਜਿਹੇ ਹੀ ਇਕ ਅਦੁੱਤੀ ਸੇਵਾਦਾਰ ਸਨ ਬਾਬਾ ਮੋਤੀ ਰਾਮ ਮਹਿਰਾ ਜੀ। ਜਦੋਂ ਗੰਗੂ ਬ੍ਰਾਹਮਣ ਦੀ ਗੱਦਾਰੀ ਕਾਰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਨੂੰ ਸਰਹਿੰਦ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ ਗਿਆ ਤਾਂ ਨਵਾਬ ਵਜ਼ੀਰ ਖ਼ਾਨ ਦੇ ਹੁਕਮਾਂ ਅਧੀਨ ਉਨ੍ਹਾਂ ਨੂੰ ‘ਠੰਡੇ ਬੁਰਜ’ ਵਿੱਚ ਰੱਖਿਆ ਗਿਆ। ਜਿੱਥੇ ਕੜਾਕੇ ਦੀ ਸਰਦੀ ਅਤੇ ਤੇਜ਼ ਹਵਾਵਾਂ ‘ਚ ਭੁੱਖ ਤੇ ਪਿਆਸ ਨਾਲ ਉਨ੍ਹਾਂ ਦੇ ਅਟੱਲ ਮਨੋਬਲ ਨੂੰ ਤੋੜਨ ਦੀ ਇੱਕ ਨਿਰਦਈ ਸਾਜ਼ਿਸ਼ ਰਚੀ ਗਈ। ਉਸ ਸਮੇਂ ਵਜ਼ੀਰ ਖ਼ਾਨ ਦਾ ਸਖ਼ਤ ਫ਼ਰਮਾਨ ਸੀ ਕਿ ਕੋਈ ਵੀ ਕੈਦੀਆਂ ਨੂੰ ਖਾਣ-ਪੀਣ ਨੂੰ ਨਾ ਦੇਵੇ। ਜੋ ਇਸ ਹੁਕਮ ਦੀ ਉਲੰਘਣਾ ਕਰੇਗਾ, ਉਸ ਦੀ ਸਜ਼ਾ ਸਿਰਫ਼ ਮੌਤ ਹੋਵੇਗੀ। ਪਰ ਜਿੱਥੇ ਜ਼ੁਲਮ ਦੀਆਂ ਦੀਵਾਰਾਂ ਉੱਚੀਆਂ ਹੁੰਦੀਆਂ ਹਨ, ਉੱਥੇ ਸੇਵਾ ਦੀ ਰੂਹ ਹੋਰ ਵੀ ਮਜ਼ਬੂਤ ਹੋ ਕੇ ਉਭਰਦੀ ਹੈ। ਸੂਬਾ ਸਰਹਿੰਦ ਦੇ ਕੈਦੀਆਂ ਅਤੇ ਸਿਪਾਹੀਆਂ ਲਈ ਖਾਣਾ ਤਿਆਰ ਕਰਨ ਵਾਲੇ ਰਸੋਈਏ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਇਸ ਹਾਲਤ ਦਾ ਪਤਾ ਲੱਗਿਆ, ਤਾਂ ਉਹ ਭਰੇ ਮਨ ਨਾਲ ਘਰ ਪਹੁੰਚੇ। ਉਨ੍ਹਾਂ ਨੇ ਸਾਰੀ ਗੱਲ ਪਰਿਵਾਰ ਸਾਹਮਣੇ ਰੱਖੀ। ਉਸ ਵੇਲੇ ਉਨ੍ਹਾਂ ਦੀ ਧਰਮ-ਪਤਨੀ ਨੇ ਨਿਡਰਤਾ ਨਾਲ ਕਿਹਾ “ਗੁਰੂ ਜੀ ਦੇ ਪਰਿਵਾਰ ਦੀ ਸੇਵਾ ਲਈ ਜੇ ਜਾਨ ਵੀ ਦੇਣੀ ਪਵੇ ਤਾਂ ਇਹ ਸੌਦਾ ਮਹਿੰਗਾ ਨਹੀਂ ਹੋਵੇਗਾ” ਪਰਿਵਾਰ ਦੀ ਸਹਿਮਤੀ ਅਤੇ ਅਟੱਲ ਹੌਂਸਲੇ ਨਾਲ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਪਾਹੀਆਂ ਨੂੰ ਗਹਿਣਿਆਂ ਦੇ ਲਾਲਚ ਨਾਲ ਤਿੰਨ ਦਿਨ ਤੱਕ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਆਉਣ ਦੀ ਮਹਾਨ ਸੇਵਾ ਨਿਭਾਈ। ਜੋ ਮਨੁੱਖਤਾ,ਧਰਮ ਅਤੇ ਸ਼ਰਧਾ ਦੀ ਉੱਚੀ ਮਿਸਾਲ ਬਣੀ। ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਉਪਰੰਤ ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਹੀ ਸਚਖੰਡ ਜਾ ਬਿਰਾਜੇ, ਤਾਂ ਵਜ਼ੀਰ ਖ਼ਾਨ ਨੂੰ ਬਾਬਾ ਮੋਤੀ ਰਾਮ ਮਹਿਰਾ ਵਲੋਂ ਦੁੱਧ ਪਿਆਉਣ ਦੀ ਸੂਚਨਾ ਮਿਲੀ। ਉਸ ਦੀ ਜ਼ੁਲਮ ਭਰੀ ਹਕੂਮਤ ਨੇ ਫਿਰ ਆਪਣਾ ਨਿਰਦਈ ਚਿਹਰਾ ਵਿਖਾਇਆ। ਬਾਬਾ ਮੋਤੀ ਰਾਮ ਮਹਿਰਾ ਜੀ ਹੀ ਨਹੀਂ, ਸਗੋਂ ਉਨ੍ਹਾਂ ਦੇ ਪੁੱਤਰ, ਮਾਤਾ ਜੀ ਅਤੇ ਧਰਮ-ਪਤਨੀ ਨੂੰ ਵੀ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰਵਾ ਦਿੱਤਾ। ਇਕ ਅਜਿਹਾ ਪਰਿਵਾਰ, ਜਿਸ ਨੇ ਗੁਰੂ-ਘਰ ਦੀ ਸੇਵਾ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਇਤਿਹਾਸ ‘ਚ ਯੁੱਗਾਂ ਤੱਕ ਯਾਦ ਰੱਖੇ ਜਾਣ ਵਾਲੇ ਕਿਰਦਾਰ ਬਣ ਗਏ।ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਸਾਨੂੰ ਇਹ ਸਿਖਾਉਂਦੀ ਹੈ ਕਿ ਸੱਚ ਦੀ ਸੇਵਾ ਕਰਦਿਆਂ ਮੌਤ ਦਾ ਡਰ ਵੀ ਮਨੁੱਖ ਨੂੰ ਕਮਜ਼ੋਰ ਨਹੀਂ ਕਰ ਸਕਦਾ। ਗੁਰੂ ਪ੍ਰਤੀ ਅਟੁੱਟ ਸ਼ਰਧਾ, ਨਿਸ਼ਕਾਮ ਸੇਵਾ ਅਤੇ ਸੰਕਟ ਦੇ ਸਮੇਂ ਦੂਜਿਆਂ ਦੀ ਮਦਦ ਕਰਨਾ ਇਹੀ ਮਨੁੱਖਤਾ ਦਾ ਸਭ ਤੋਂ ਵੱਡਾ ਧਰਮ ਹੈ।
https://play.google.com/store/apps/details?id=in.yourhost.samajweekly



