ਲੋਕ ਸਭਾ ਦੇ ਨਤੀਜਿਆਂ ਨੇ ਕਈਆਂ ਨੂੰ ਕੀਤਾ ਹੈਰਾਨ ਤੇ ਕਈਆਂ ਨੂੰ ਪ੍ਰੇਸ਼ਾਨ

(ਸਮਾਜ ਵੀਕਲੀ) ਲੋਕ ਸਭਾ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਨੇ ਕਈਆਂ ਨੂੰ ਜੇ ਹੈਰਾਨ ਕੀਤਾ ਤਾਂ ਕਈਆਂ ਨੂੰ ਪ੍ਰੇਸ਼ਾਨ ਵੀ ਕੀਤਾ। ਜਿੱਥੇ ਭਾਜਪਾ ਵੱਲੋਂ ਦਿੱਤਾ ਚਾਰ ਸੌ ਦਾ ਨਾਅਰਾ ਠੁੱਸ ਹੋ ਗਿਆ ਉੱਥੇ ਮੀਡੀਆ ਵੱਲੋਂ ਭਾਜਪਾ ਦੇ ਹੱਕ ‘ਚ ਬਣਾਇਆ ਤਾਣਾ ਬਾਣਾ ਵੀ ਆਪਣਾ ਪ੍ਰਭਾਵ ਨਾ ਛੱਡ ਸਕਿਆ‌। ਬੇਸ਼ੱਕ ਭਾਜਪਾ ਆਧਾਰਿਤ ਐਨ.ਡੀ.ਏ. ਮੁੜ ਸੱਤਾ ਵਿੱਚ ਆਉਣ ਦਾ ਪ੍ਰਬਲ ਦਾਅਵੇਦਾਰ ਹੈ ਪਰ ਇਸ ਵਾਰ ਸੱਤਾ ਦੇ ਅਹੰਕਾਰ ਤੇ ਵਿਅਕਤੀ ਵਿਸ਼ੇਸ਼ ਦੀ ਹਾਰ ਹੋਈ ਹੈ। ਜਿੱਥੇ ਭਾਜਪਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਮੁੱਦਿਆਂ ਦੀ ਜਗ੍ਹਾ ਫਿਰ ਹਿੰਦੂ ਮੁਸਲਿਮ, ਪਾਕਿਸਤਾਨ ਦੀ ਰਾਜਨੀਤੀ ਨੂੰ ਚੁਣਿਆ ਉੱਥੇ ਇੰਡੀਆ ਗੱਠਜੋੜ ਅਧੀਨ ਪਾਰਟੀਆਂ ਨੇ ਪੂਰੀ ਵਿਉਂਤਬੰਦੀ ਕਰਕੇ ਭਾਜਪਾ ਨੂੰ ਘੇਰਿਆ। ਕਾਂਗਰਸ ਤੇ ਹੋਰਨਾਂ ਪਾਰਟੀਆਂ ਵੱਲੋਂ ਸੰਵਿਧਾਨ ਨੂੰ ਖ਼ਤਰਾ ਦਾ ਹੋਕਾ ਦਿੱਤਾ ਗਿਆ ਜਿਸ ਦਾ ਅਸਰ ਲੋਕਾਂ ਉੱਤੇ ਜ਼ਰੂਰ ਹੋਇਆ‌। ਵਿਰੋਧੀ ਧਿਰ ਨੇ ਮੁੱਦਿਆਂ ਆਧਾਰਿਤ ਰਾਜਨੀਤੀ ਨੂੰ ਚੁਣਿਆ ਤੇ ਭਾਜਪਾ ਦੀ ਹਰ ਚਾਲ ਨੂੰ ਨਜ਼ਰਅੰਦਾਜ਼ ਕਰਕੇ ਪ੍ਰਭਾਵਹੀਣ ਕਰ ਦਿੱਤਾ।

ਲੋਕ ਸਭਾ ਚੋਣਾਂ ‘ਚ ਭਾਜਪਾ 400 ਦੇਖਦੀ-ਦੇਖਦੀ 240 ‘ਤੇ ਸਿਮਟ ਗਈ। ਉੱਥੇ ਹੀ ਉਸਦੀਆਂ ਭਾਈਵਾਲ ਪਾਰਟੀਆਂ ‘ਚੋਂ ਤੈਲਗੂ ਦੇਸਮ ਪਾਰਟੀ ਨੇ 16 ਅਤੇ ਨਿਤੀਸ਼ ਕੁਮਾਰ ਦੀ ਜੇ.ਡੀ. (ਯੂ) ਨੇ 12 ਸੀਟਾਂ ਹਾਸਲ ਕੀਤੀਆਂ। ਸ਼ਿਵ ਸੈਨਾ (ਸ਼ਿੰਦੇ) ਨੇ 7 ਅਤੇ ਚਿਰਾਗ ਪਾਸਵਾਨ ਦੀ ਪਾਰਟੀ ਨੇ 5 ਸੀਟਾ ਹੀ ਦਿੱਤੀਆਂ। ਹੋਰਨਾਂ ਛੋਟੀਆਂ ਪਾਰਟੀਆਂ ਦੇ ਸਹਿਯੋਗ ਨਾਲ ਐਨ.ਡੀ.ਏ ਨੇ 272 ਦਾ ਜੇਤੂ ਅੰਕੜਾ ਪਾਰ ਕਰਕੇ 292 ਸੀਟਾਂ ਹਾਸਲ ਕੀਤੀਆਂ।

ਕਾਂਗਰਸ ਤੇ ਹੋਰਨਾਂ ਭਾਜਪਾ ਵਿਰੋਧੀ ਪਾਰਟੀਆਂ ਵੱਲੋਂ ਮਿਲ ਕੇ ਬਣਾਇਆ ਗਿਆ ਇੰਡੀਆ ਗੱਠਜੋੜ ਨੇ 234 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਜਿਸ ਨੇ ਮੀਡੀਆ ਵੱਲੋਂ ਕੀਤੇ ਸਰਵੇਖਣਾਂ ਨੂੰ ਧਾਰਾਸ਼ਾਯੀ ਕਰ ਦਿੱਤਾ। ਇੰਡੀਆ ਗੱਠਜੋੜ ‘ਚ ਸ਼ਾਮਲ ਪਾਰਟੀਆਂ ‘ਚ ਕਾਂਗਰਸ ਨੇ 99 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ। ਇਸ ਗੱਠਜੋੜ ‘ਚ ਦੂਜੀ ਵੱਡੀ ਪਾਰਟੀ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਰਹੀ। ਸਮਾਜਵਾਦੀ ਪਾਰਟੀ ਨੇ 37 ਸੀਟਾਂ ਹਾਸਲ ਕੀਤੀਆਂ। ਪੱਛਮੀ ਬੰਗਾਲ ‘ਚ ਮਾਇਆਵਤੀ ਦਾ ਸਿੱਕਾ ਫਿਰ ਚੱਲਿਆ, ਤ੍ਰਿਣਮੂਲ ਕਾਂਗਰਸ ਨੇ 29 ਤੇ ਡੀ.ਐਮ.ਕੇ ਨੇ 22 ਸੀਟਾਂ ਹਾਸਲ ਕੀਤੀਆਂ। ਸ਼ਿਵ ਸੈਨਾ (ਊਧਵ) ਨੇ 9 ਸੀਟਾਂ ਹਾਸਲ ਕੀਤੀਆਂ। ਹੋਰ ਸਹਿਯੋਗੀ ਪਾਰਟੀਆਂ ਦੇ ਦਮ ‘ਤੇ ਇੰਡੀਆ ਗੱਠਜੋੜ 234 ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਰਿਹਾ।

ਇਨ੍ਹਾਂ ਚੋਣਾਂ ਰਾਹੀਂ ਅਗਰ ਆਪਾਂ ਦੇਸ ਦੀ ਰਾਜਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਰਾਜ ਪੱਧਰੀ ਪਾਰਟੀਆਂ ਦੀ ਕਾਰਗੁਜ਼ਾਰੀ ਬਹੁਤ ਰਹੀ‌। ਅਗਲੀ ਸਰਕਾਰ ਬਣਨ ‘ਚ ਰਾਜ ਪੱਧਰੀ ਪਾਰਟੀਆਂ ਦਾ ਅਹਿਮ ਯੌਗਦਾਨ ਹੋਵੇਗਾ‌। ਇਸ ਵਾਰ ਲੋਕਾਂ ਨੇ ਭਾਜਪਾ ਦੀ ਧਰਮ ਆਧਾਰਿਤ ਰਾਜਨੀਤੀ ਨੂੰ ਵੀ ਪੂਰੀ ਤਰ੍ਹਾਂ ਨਕਾਰਿਆ। ਮਹਾਰਾਸ਼ਟਰ ‘ਚ ਅਸਲੀ ਸ਼ਿਵ ਸੈਨਾ ਤੇ ਅਸਲੀ ਰਾਸ਼ਟਰਵਾਦੀ ਪਾਰਟੀ ਕਿਹੜੀ ਹੈ ਇਸ ਦਾ ਫ਼ੈਸਲਾ ਵੀ ਉੱਥੋਂ ਦੀ ਜਨਤਾ ਨੇ ਕਰ ਦਿੱਤਾ। ਹੋਰਨਾਂ ਪਾਰਟੀਆਂ ਨੂੰ ਤੋੜਣ ‘ਚ ਮੁੱਖ ਭੂਮਿਕਾ ਨਿਭਾਉਣ ਵਾਲੀ ਭਾਜਪਾ ਨੇ ਹਿੰਦੂ ਮੁਸਲਮਾਨ ਨੂੰ ਮੁੱਦਾ ਬਣਾਇਆ, ਵਿੱਚੇ ਪਾਕਿਸਤਾਨ ਨੂੰ ਘੜੀਸਿਆ, ਧਰਮ ਆਧਾਰਿਤ ਸ਼ਰਨਾਰਥੀਆਂ ਲਈ ਬਿੱਲ ਪਾਸ ਕੀਤਾ ਤੇ ਰਾਮ ਮੰਦਰ ਦੀ ਉਸਾਰੀ ਨੂੰ ਮੁੱਦਾ ਬਣਾਇਆ। ਪਰ ਅਯੋਧਿਆ ਖੇਤਰ ਦੇ ਹੀ ਲੋਕਾਂ ਨੇ ਭਾਜਪਾ ਦੀ ਇਸ ਨੀਤੀ ਨੂੰ ਮੂੰਹ ਨਾ ਲਾਇਆ, ਉੱਥੋਂ ਭਾਜਪਾ ਦੇ ਉਮੀਦਵਾਰ ਦੀ ਬੁਰੀ ਤਰ੍ਹਾਂ ਹਾਰ ਹੋਈ। ਇਸ ਵਾਰ ਲੋਕ ਭਾਜਪਾ ਦੇ ਇਸ ਕਦਰ ਵਿਰੋਧੀ ਦਿਖੇ ਕਿ ਗਿਣਤੀ ਦੌਰਾਨ ਇੱਕ ਵਾਰ ਤਾਂ ਨਰਿੰਦਰ ਮੋਦੀ ਵੀ ਪਿਛੜ ਗਏ ਸਨ। ਕਿਸੇ ਸਮੇਂ ਰਾਹੁਲ ਗਾਂਧੀ ਨੂੰ ਹਰਾਉਣ ਵਾਲੀ ਸਮ੍ਰਿਤੀ ਇਰਾਨੀ ਵੀ ਇਹ ਵਾਰ ਬੁਰੀ ਤਰ੍ਹਾਂ ਹਾਰੀ‌।

ਅਗਰ ਹੁਣ ਅਗਲੀ ਸਰਕਾਰ ਦੀ ਗੱਲ ਕਰੀਏ ਤਾਂ ਅਗਲੀ ਸਰਕਾਰ ਦੀ ਚਾਬੀ ਪਲਟੀ ਮਾਰਨ ‘ਚ ਮਸ਼ਹੂਰ ਨਿਤੀਸ਼ ਕੁਮਾਰ ਤੇ ਤਜਰਬੇਕਾਰ ਲੀਡਰ ਚੰਦਰ ਬਾਬੂ ਨਾਇਡੂ ਦੇ ਹੱਥ ‘ਚ ਹੈ। ਉਹ ਕਿੰਗ ਮੇਕਰ ਦੀ ਭੂਮਿਕਾ ਨਿਭਾਉਣਗੇ। ਬੇਸੱਕ ਇਹ ਦੋਨਾਂ ਪਾਰਟੀਆਂ ਐਨ.ਡੀ.ਏ ਦਾ ਹਿੱਸਾ ਹਨ ਪਰ ਭਾਜਪਾ ਵੱਲੋਂ ਇਨ੍ਹਾਂ ਨੂੰ ਨਾਲ ਬਣਾਈ ਰੱਖਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇੰਡੀਆ ਗੱਠਜੋੜ ਦੇ ਨੇਤਾ ਵੀ ਇਨ੍ਹਾਂ ਦੋਹਾਂ ਨੂੰ ਆਪਣੇ ਨਾਲ ਮਿਲਾਉਣ ਲਈ ਵੱਡੇ ਅਹੁਦਿਆਂ ਦਾ ਪ੍ਰਸਤਾਵ ਦੇਣਗੇ। ਜਿੱਥੇ ਪਹਿਲਾਂ ਭਾਜਪਾ ਦੀ ਲੱਤ ਉੱਪਰ ਸੀ ਹੁਣ ਉੱਥੇ ਹੀ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਦੀ ਲੱਤ ਉੱਪਰ ਹੋ ਗਈ। ਅਗਰ ਭਾਜਪਾ ਦੀ ਸਰਕਾਰ ਬਣਦੀ ਵੀ ਹੈ ਤਾਂ ਪਹਿਲੀ ਗੱਲ ਇਹ ਦੇਖਣੀ ਹੋਵੇਗੀ ਕਿ ਭਾਜਪਾ ਨਰਿੰਦਰ ਮੋਦੀ ਨੂੰ ਹੀ ਪ੍ਰਧਾਨ ਮੰਤਰੀ ਬਣਾਉਣੀ ਹੈ ਜਾਂ ਕੋਈ ਹੋਰ ਚਿਹਰਾ ਅੱਗੇ ਕੀਤਾ ਜਾਵੇਗਾ। ਅਗਰ ਕੋਈ ਹੋਰ ਚਿਹਰਾ ਹੋਇਆ ਤਾਂ ਉਹ ਚਿਹਰਾ ਅਮਿਤ ਸ਼ਾਹ, ਯੋਗੀ ਅਦਿੱਤਿਆਨਾਥ ਜਾਂ ਕੋਈ ਹੋਰ ਨੇਤਾ ਹੋਵੇਗਾ ਇਹ ਵੀ ਦੇਖਣਯੋਗ ਹੋਵੇਗਾ। ਉਸ ਤੋਂ ਬਾਦ “ਵਨ ਮੈਨ ਆਰਮੀ ਸੌਅ” ਵੀ ਖ਼ਤਮ ਹੋ ਜਾਵੇਗਾ। ਹੁਣ ਤੱਕ ਵੱਡੇ ਫੈਸਲੇ ਮੋਦੀ-ਸ਼ਾਹ ਦੀ ਜੋੜੀ ਦੁਆਰਾ ਹੀ ਹੁੰਦੇ ਰਹੇ ਪਰ ਹੁਣ ਉਨ੍ਹਾਂ ਨੂੰ ਸਹਿਯੋਗੀ ਪਾਰਟੀਆਂ ਦੇ ਨੇਤਾਵਾਂ ਨੂੰ ਵੀ ਸੰਤੁਸ਼ਟ ਕਰਨਾ ਪਵੇਗਾ। ਇਸ ਵਾਰ ਭਾਜਪਾ ਵੱਲੋਂ ਚੰਮ ਦੀਆਂ ਚਲਾਉਣ ਦੀ ਆਸ ਥੋੜੀ ਘੱਟ ਹੀ ਹੋਵੇਗੀ। ਅਗਰ ਭਾਜਪਾ ਦੀ ਹੀ ਸਰਕਾਰ ਬਣਦੀ ਹੈ ਤਾਂ ਇਸ ਵਾਰ ਨਿਆਂਇਕ ਸੰਸਥਾਵਾਂ ਸਮੇਤ ਹੋਰ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਭਾਜਪਾ ਪਹਿਲਾਂ ਦੀ ਤਰ੍ਹਾਂ ਨਹੀਂ ਕਰ ਸਕੇਗੀ। ਇਸ ਵਾਰ ਭਾਜਪਾ ਦੀ ਪਹਿਲੀ ਸਰਕਾਰ ਤੇ ਹੁਣ ਦੀ ਸਰਕਾਰ ‘ਚ ਬਹੁਤ ਸਾਰਾ ਅੰਤਰ ਦੇਖਣ ਨੂੰ ਮਿਲੇਗਾ।

ਅਗਰ ਇੰਡੀਆ ਗੱਠਜੋੜ ਨਿਤੀਸ਼-ਬਾਬੂ ਨੂੰ ਆਪਣੇ ਨਾਲ ਜੋੜਨ ਵਿੱਚ ਸਫ਼ਲ ਹੋ ਜਾਂਦਾ ਹੈ ਤਾਂ ਬੇਸ਼ੱਕ ਭਾਜਪਾ ਹੱਥੋਂ ਸੱਤਾ ਚੱਲੀ ਜਾਵੇਗੀ, ਪ੍ਰਧਾਨ ਮੰਤਰੀ ਰਾਹੁਲ ਗਾਂਧੀ ਜਾਂ ਕੋਈ ਹੋਰ ਲੀਡਰ ਬਣ ਜਾਵੇਗਾ ਪਰ ਇੰਡੀਆ ਗੱਠਜੋੜ ਲਈ ਪੰਜ ਸਾਲ ਸਰਕਾਰ ਚਲਾਉਣੀ ਕੋਈ ਸੌਖਾ ਕੰਮ ਨਹੀਂ ਹੋਵੇਗਾ‌। ਹਰ ਵੇਲੇ ਅਨਿਸ਼ਚਿਤ ਮਾਹੌਲ ਬਣਿਆ ਰਹੇਗਾ। ਹਰ ਪਾਰਟੀ ਦੇਸ ਦੇ ਹਿੱਤਾਂ ਨਾਲੋਂ ਆਪਣੇ ਹਿੱਤਾਂ ਨੂੰ ਪਹਿਲ ਦੇਵੇਗੀ। ਵੱਡੀਆਂ ਸਹਿਯੋਗੀ ਪਾਰਟੀਆਂ ਦੇ ਲੀਡਰ ਆਪਣੀ ਓ ਚਲਾਉਣ ਦੀ ਕੋਸ਼ਿਸ਼ ਕਰਨਗੇ। ਸੋ ਇੱਕ ਤਰ੍ਹਾਂ ਨਾਲ ਇੰਡੀਆ ਗੱਠਜੋੜ ਦੇ ਪ੍ਰਧਾਨ ਮੰਤਰੀ ਦੇ ਸਿਰ ‘ਤੇ ਵੀ ਕੰਡਿਆਂ ਦਾ ਤਾਜ ਹੀ ਹੋਵੇਗਾ। ਪਰ ਸਭ ਤੋਂ ਪਹਿਲਾਂ ਇੰਡੀਆ ਗੱਠਜੋੜ ਨੂੰ ਆਪਣੇ ਐਮ.ਪੀ. ਭਾਜਪਾ ਤੋਂ ਬਚਾਈ ਰੱਖਣ ਦੀ ਲੋੜ ਹੈ। ਭਾਜਪਾ ਜੋੜ-ਤੌੜ ਦੀ ਰਾਜਨੀਤੀ ਵਿੱਚ ਪੂਰੀ ਮਾਹਿਰ ਹੈ। ਕੀਤੇ ਆਏਂ ਨਾ ਹੋਵੇ ਕਿ ਹੋਰਾਂ ਨੂੰ ਨਾਲ ਜੋੜਦੇ-ਜੋੜਦੇ ਆਪਣੇ ਤੋੜ ਕੇ ਬੈਠ ਜਾਣ।

ਬਾਕੀ ਇੱਕ ਦੋ ਦਿਨਾਂ ਵਿੱਚ ਸਪੱਸ਼ਟ ਹੋ ਜਾਵੇਗਾ ਕਿ ਅਗਲੀ ਸਰਕਾਰ ਕਿਸਦੀ ਹੋਵੇਗਾ ਤੇ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਕਿਹੜਾ ਨੇਤਾ ਬੈਠੇਗਾ।

ਜੋਬਨ ਖਹਿਰਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਵਾਤਾਵਰਨ ਦਿਵਸ ਮਨਾਇਆ
Next articleਸਟੈਂਡਰਡ ….!