(ਸਮਾਜ ਵੀਕਲੀ) ਅੱਜ ਮੈਂ ਇੱਕ ਨਵਾਂ ਮੋਬਾਇਲ ਫੋਨ ਖਰੀਦਿਆ। ਫੋਨ ਦੀ ਕੀਮਤ ਲਗਭਗ ਇੱਕੀ ਹਜ਼ਾਰ ਰੁਪਏ ਸੀ। ਫੋਨ ਨੂੰ ਦੇਖ ਕੇ ਸਿਰਫ਼ ਮੈਂ ਹੀ ਨਹੀਂ, ਸਗੋਂ ਘਰ ਦੇ ਸਾਰੇ ਮੈਂਬਰ ਖੁਸ਼ ਸਨ। ਅੱਜ ਦੇ ਸਮੇਂ ਵਿੱਚ ਭਾਵੇਂ ਬਹੁਤ ਸਾਰੇ ਲੋਕ ਇੱਕ ਲੱਖ ਜਾਂ ਇਸ ਤੋਂ ਵੀ ਮਹਿੰਗੇ ਫੋਨ ਖਰੀਦਦੇ ਹਨ, ਪਰ ਅਸੀਂ ਆਪਣੀ ਹੈਸੀਅਤ ਮੁਤਾਬਕ ਖਰੀਦਿਆ ਅਤੇ ਇਸ ਗੱਲ ਦੀ ਖੁਸ਼ੀ ਹਰ ਚਿਹਰੇ ’ਤੇ ਨਜ਼ਰ ਆ ਰਹੀ ਸੀ। ਇਸੇ ਦੌਰਾਨ ਮੈਨੂੰ ਆਪਣੇ ਇੱਕ ਦੋਸਤ ਦੀ ਸੁਣਾਈ ਗੱਲ ਯਾਦ ਆ ਗਈ। ਉਹ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਿਹਾ ਸੀ ਅਤੇ ਰਸਤੇ ਵਿੱਚ ਇੱਕ ਰੈਸਟੋਰੈਂਟ ਤੇ ਰੁਕਿਆ। ਉੱਥੇ ਉਸ ਦਾ ਧਿਆਨ ਬਾਹਰ ਖੜ੍ਹੇ ਕੁਝ ਗਰੀਬ ਬੱਚਿਆਂ ਵੱਲ ਗਿਆ। ਰੈਸਟੋਰੈਂਟ ਦੇ ਬਾਹਰ ਖੜ੍ਹੇ ਇੱਕ ਵਿਅਕਤੀ ਨੇ, ਜੋ ਸ਼ਾਇਦ ਉੱਥੇ ਦਾ ਕਰਮਚਾਰੀ ਸੀ, ਇੱਕ ਭੀਖ ਮੰਗਦੇ ਬੱਚੇ ਨੂੰ ਕਿਹਾ, “ਜੇ ਇਹ ਬਾਲਟੀ ਚਾਹੀਦੀ ਹੈ ਤਾਂ ਲੈ ਜਾ।” ਬੱਚਾ ਉਹ ਬਾਲਟੀ ਲੈ ਕੇ ਇੰਨਾ ਖੁਸ਼ ਹੋਇਆ ਕਿ ਤੁਰੰਤ ਸੜਕ ਦੇ ਦੂਜੇ ਪਾਸੇ ਆਪਣੇ ਪਰਿਵਾਰ ਕੋਲ ਦੌੜ ਗਿਆ। ਉੱਥੇ ਮੌਜੂਦ ਸਾਰੇ ਮੈਂਬਰ ਉਸ ਬਾਲਟੀ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਦੂਰੋਂ ਇਹ ਦ੍ਰਿਸ਼ ਇੰਝ ਲੱਗ ਰਿਹਾ ਸੀ ਜਿਵੇਂ ਉਹ ਉਸ ਵਿਅਕਤੀ ਨੂੰ ਦਿਲੋਂ ਦੁਆਵਾਂ ਦੇ ਰਹੇ ਹੋਣ ਜਿਸ ਨੇ ਉਹਨਾਂ ਨੂੰ ਇਹ ਛੋਟੀ ਜਿਹੀ ਚੀਜ਼ ਦਿੱਤੀ ਸੀ।ਇਸ ਤੋਂ ਬਾਅਦ ਦੋਸਤ ਆਪਣੇ ਰਿਸ਼ਤੇਦਾਰਾਂ ਦੇ ਘਰ ਪਹੁੰਚਿਆ। ਉਹ ਇੱਕ ਬਹੁਤ ਅਮੀਰ ਪਰਿਵਾਰ ਸੀ। ਉਹਨਾਂ ਨੇ ਕੁੱਝ ਦਿਨ ਪਹਿਲਾਂ ਹੀ ਲਗਭਗ ਤੀਹ ਲੱਖ ਰੁਪਏ ਦੀ ਨਵੀਂ ਕਾਰ ਖਰੀਦੀ ਸੀ। ਜਦੋਂ ਉਸ ਨੇ ਘਰ ਦੇ ਵੱਡੇ ਮੈਂਬਰ ਨੂੰ ਕਾਰ ਲਈ ਵਧਾਈ ਦਿੱਤੀ ਤਾਂ ਉਹਨਾਂ ਨੇ ਬਿਲਕੁਲ ਆਮ ਢੰਗ ਨਾਲ ਕਿਹਾ, “ਕਾਰ ਤਾਂ ਮੁੰਡੇ ਨੇ ਲੈ ਲਈ ਹੈ, ਇਹਨਾਂ ਲਈ ਤਾਂ ਇਹ ਆਮ ਗੱਲ ਹੈ। ਕਦੇ ਕਾਰ ਖਰੀਦ ਲੈਂਦੇ ਨੇ, ਕਦੇ ਕੁੱਝ ਹੋਰ।” ਦੋਸਤ ਕਹਿੰਦਾ ਸੀ ਕਿ ਉਸ ਨੂੰ ਅਸਲ ਖੁਸ਼ੀ ਉਸ ਗਰੀਬ ਪਰਿਵਾਰ ਵਿੱਚ ਨਜ਼ਰ ਆਈ ਜਿਸ ਨੂੰ ਇੱਕ ਬਾਲਟੀ ਮਿਲੀ ਸੀ। ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਜਦੋਂ ਮਨੁੱਖ ਦੀਆਂ ਇੱਛਾਵਾਂ ਅਤੇ ਸਹੂਲਤਾਂ ਬੇਹੱਦ ਵੱਧ ਜਾਂਦੀਆਂ ਹਨ ਤਾਂ ਵੱਡੀਆਂ ਚੀਜ਼ਾਂ ਵੀ ਆਮ ਲੱਗਣ ਲੱਗ ਪੈਂਦੀਆਂ ਹਨ। ਦੂਜੇ ਪਾਸੇ, ਜਿਨ੍ਹਾਂ ਲੋਕਾਂ ਕੋਲ ਘੱਟ ਹੁੰਦਾ ਹੈ, ਉਹਨਾਂ ਲਈ ਛੋਟੀਆਂ ਚੀਜ਼ਾਂ ਵੀ ਵੱਡੀ ਖੁਸ਼ੀ ਬਣ ਜਾਂਦੀਆਂ ਹਨ। ਅਖ਼ੀਰ ਖੁਸ਼ੀ ਦੀ ਅਸਲੀ ਕੀਮਤ ਚੀਜ਼ਾਂ ਦੀ ਕੀਮਤ ਨਾਲ ਤੈਅ ਹੁੰਦੀ ਹੈ ਜਾਂ ਮਨ ਦੀ ਸੰਤੁਸ਼ਟੀ ਨਾਲ?
ਪਵਨ ਕੁਮਾਰ ਅੱਤਰੀ (ਕਪੂਰਥਲਾ)
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






