
(ਸਮਾਜ ਵੀਕਲੀ) ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਬਾਅਦ ਜਿਸ ਕ੍ਰਾਂਤੀ ਦੇ ਮੁਜੱਸਮੇ ਨੇ ਇਨਕਲਾਬ ਦੀ ਹਨੇਰੀ ਲਿਆ ਦਿੱਤੀ ਉਸ ਦਾ ਨਾਮ ਸੀ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਬਚਪਨ ਤੋਂ ਕ੍ਰਾਂਤੀਕਾਰੀ ਸੁਰ ਅਲਾਪਣ ਵਾਲੇ ਅਜਾਦੀ ਦੇ ਇਸ ਪ੍ਰਵਾਨੇ ਦਾ ਜਨਮ ਸਰਦਾਰ ਕਿਸ਼ਨ ਸਿੰਘ ਦੇ ਘਰ ਮਾਤਾ ਵਿੱਦਿਆ ਵਤੀ ਦੀ ਕੁਖੋਂ ਅਜ਼ਾਦੀ ਘੁਲਾਟੀਏ ਖਾਨਦਾਨ ਵਿਚ ਹੋਇਆ। ਚਾਚਾ ਅਜੀਤ ਸਿੰਘ ਅਤੇ ਸਵਰਨ ਸਿੰਘ ਦੀਆਂ ਅੰਗਰੇਜ਼ੀ ਹਕੂਮਤ ਵਿਰੁਧ ਚਲਾਈਆਂ ਜਾ ਰਹੀਆਂ ਸਰਗਰਮੀਆਂ ਦਾ ਭਗਤ ਸਿੰਘ ਤੇ ਗਹਿਰਾ ਪ੍ਰਭਾਵ ਪਿਆ। ਇਹੀ ਕਾਰਨ ਸੀ ਕਿ ਦਿਨੋ ਦਿਨ ਜਵਾਨੀ ਦੀ ਦਹਿਲੀਜ਼ ਵੱਧ ਵੱਧਦੇ ਕਦਮ ਅਜ਼ਾਦੀ ਦੀ ਮੰਜ਼ਲ ਵੱਲ ਕਦ ਹੋ ਤੁਰੇ ਪਰਿਵਾਰ ਨੂੰ ਵੀ ਪਤਾ ਨਾ ਚਲਿਆ। ਛੋਟੀ ਉਮਰ ਵਿਚ ਬੰਦੂਕਾਂ ਬੀਜਣ ਵਾਲੇ ਨੰਨ੍ਹੇ ਦਿਮਾਗ ਨੇ ਜ਼ਿਲਿਆਂ ਵਾਲੇ ਬਾਗ਼ ਦੇ ਕਾਡ ਦਾ ਗਹਿਰਾ ਪ੍ਰਭਾਵ ਕਬੂਲ ਲਿਆ। ਕਾਲਜ ਦੇ ਪੜਦਿਆਂ ਪਤਾ ਚਲਿਆ ਕਿ ਦੇਸ਼ ਵਿਚ ਪਾੜੋ ਤੇ ਰਾਜ ਕਰੋ ਦੀ ਨੀਤੀ ਪੂਰੇ ਜ਼ੋਰਾਂ ਤੇ ਸੀ ਭਗਤ ਸਿੰਘ ਨੂੰ ਜਾਤੀ ਨਫ਼ਰਤ ਪ੍ਰਤੱਖ ਰੂਪ ਵਿਚ ਜਲਵੇ ਬਿਖੇਰ ਦੀ ਨਜ਼ਰ ਆ ਰਹੀ ਸੀ। ਗਹਿਰੀ ਚਿੰਤਾ ਵਿਚ ਡੁਬਿਆ ਭਗਤ ਨੋਜਵਾਨ ਸਾਥੀਆਂ ਨਾਲ ਬੈਠ ਕੇ ਇਸ ਬਾਰੇ ਅਕਸਰ ਗਲਬਾਤ ਕਰਦਾ ਤੇ ਆਖਦਾ , ਸਾਥੀਓ ਅੰਗਰੇਜ਼ੀ ਹਕੂਮਤ ਤੋਂ ਤਾਂ ਅਜ਼ਾਦੀ ਮਿਲ ਜਾਵੇਗਾ ਪਰ ਦੇਸ਼ ਵਾਸੀਆਂ ਨੂੰ ਲਾਮਬੰਦ ਹੋ ਕੇ ਕੁਰੀਤੀਆਂ ਨੂੰ ਦੂਰ ਕਰਨ ਲਈ ਲੰਮਾ ਯੁੱਧ ਲੜਨਾ ਪਵੇਗਾ। ਭਗਤ ਸਿੰਘ ਕਾਲਜ ਟਾਈਮ ਤੋਂ ਹੀ ਇਕ ਚੰਗਾ ਬੁਲਾਰਾ , ਸਹੁਰਿਦ ਪਾਠਕ, ਦਾਰਸ਼ਨਿਕ ਚਿੰਤਕ, ਵਿਦਵਾਨ ਅਤੇ ਗਹਿਰੀ ਸਮਝ ਦਾ ਮਾਲਕ ਹੋ ਨਿਬੜਿਆ ਸੀ ਉਸ ਦੇ ਲਿਖੇ ਕ੍ਰਾਂਤੀਕਾਰੀ ਲੇਖਾਂ ਨੇ ਚੰਗਿਆੜੀ ਦਾ ਕੰਮ ਕੀਤਾ ਸੀ ਭਗਤ ਸਿੰਘ ਨੂੰ ਲੋਕਾਂ ਵੱਲੋਂ ਬਹੁਤ ਚਾਹ ਕੇ ਪੜ੍ਹਿਆ ਜਾਂਦਾ ਸੀ ਤੇ ਉਹ ਅਕਸਰ ਅਲੱਗ ਅਲੱਗ ਭਸ਼ਾਵਾਂ ਵਿਚ ਅਲੱਗ ਅਲੱਗ ਪੇਪਰਾਂ ਲਈ ਅਲੱਗ ਅਲੱਗ ਨਾਵਾਂ ਹੇਠ ਪ੍ਰਕਾਸ਼ਿਤ ਹੁੰਦੇ ਰਹਿੰਦੇ ਸਨ। ਹੁਣ ਅੰਗਰੇਜ਼ੀ ਹਕੂਮਤ ਇਨ੍ਹਾਂ ਨੋਜਵਾਨਾਂ ਤੇ ਗਹਿਰੀ ਨਜ਼ਰ ਰੱਖਣ ਲੱਗੀ ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਵਿਦਿਆਰਥੀਆਂ ਦਾ ਕਾਲਜ ਪਾਠਸ਼ਾਲਾ ਘਟ ਅਤੇ ਕ੍ਰਾਂਤੀਕਾਰੀ ਗਤੀਵਿਧੀਆਂ ਦਾ ਅੱਡਾ ਜ਼ਿਆਦਾ ਲਗਦਾ ਸੀ। ਭਗਤ ਸਿੰਘ ਲਈ ਰਾਜਗੁਰੂ ਤੇ ਸੁਖਦੇਵ ਵਰਗੇ ਕ੍ਰਾਂਤੀਕਾਰੀਆਂ ਦਾ ਸਾਥ ਸੋਨੇ ਤੇ ਸੁਹਾਗਾ ਸਾਬਤ ਹੋਇਆ ਸੀ। ਉਤੋਂ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਹੇਠ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾਂ ਲੈਣ ਕਰਕੇ ਇਨ੍ਹਾਂ ਕ੍ਰਾਂਤੀਕਾਰੀਆਂ ਦੇ ਚਰਚੇ ਪੂਰੇ ਦੇਸ਼ ਵਿਚ ਹੋਣ ਲੱਗੇ ਸਨ । ਹਰ ਆਏ ਦਿਨ ਇਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਅਖਬਾਰਾਂ ਵਿੱਚ ਛਪਦੇ ਲੇਖਾਂ ਨੇ ਜਿਥੇ ਸਿਆਸੀ ਗਲਿਆਰਿਆਂ ਵਿਚ ਹਲਚਲ ਮਚਾ ਦਿੱਤੀ ਸੀ ਉਥੇ ਅੰਗਰੇਜ਼ ਸਾਮਰਾਜ ਦੀਆਂ ਨੀਂਦਾਂ ਉਡਾ ਰਖੀਆਂ ਸਨ। ਭਗਤ ਸਿੰਘ ਅਤੇ ਇਸ ਦੇ ਕ੍ਰਾਂਤੀਕਾਰੀ ਸਾਥੀਆਂ ਵੱਲੋਂ ਬੰਬ ਬਣਾਉਣ ਦੀ ਕਲਾਂ ਨੂੰ ਅੰਗਰੇਜ਼ੀ ਹਕੂਮਤ ਆਪਣੇ ਵਿਰੁਧ ਐਲਾਨ ਏ ਜੰਗ ਸਮਝਦੀ ਸੀ। ਭਾਵੇ ਐਸੰਬਲੀ ਹਾਲ ਵਿਚ ਬਿਨਾਂ ਵਿਸਫੋਟ ਸਮਗਰੀ ਦੇ ਚਲਾਏ ਬੰਬ ਦਾ ਧਮਾਕਾ ਅੰਗਰੇਜ਼ੀ ਹਕੂਮਤ ਦੇ ਬੋਲੇ ਕੰਨ ਖੋਲਣ ਲਈ ਕੀਤਾ ਗਿਆ ਸੀ। ਪਰ ਇਸ ਧਮਾਕੇ ਦੌਰਾਨ ਭਗਤ ਸਿੰਘ ਵੱਲੋਂ ਆਪਣਾ ਪੱਖ ਅਦਾਲਤ ਵਿੱਚ ਰੱਖਣ ਦੇ ਇਰਾਦੇ ਨਾਲ ਗ੍ਰਿਫਤਾਰੀ ਦੇ ਦਿੱਤੀ ਅਤੇ ਬਾ ਦਲੀਲ ਮੁਕਦਮੇ ਦੀ ਪੈਰਵਾਈ ਕਰਦਿਆਂ ਆਪਣਾ ਪੱਖ ਰੱਖਦਿਆਂ ਅੰਗਰੇਜ਼ੀ ਹਕੂਮਤ ਨੂੰ ਭਾਰਤ ਛੱਡਣ ਲਈ ਆਖਿਆ। ਸ਼ਹੀਦ ਭਗਤ ਸਿੰਘ ਵੱਲੋਂ ਦਿੱਤੀਆਂ ਦਲੀਲਾਂ ਨੇ ਉਸ ਸਮੇਂ ਦੀਆਂ ਅਖ਼ਬਾਰਾਂ ਵਿਚ ਅਹਿਮ ਸੁਰਖੀਆਂ ਬਟੋਰੀਆਂ ਜਿਸ ਦਾ ਸਮਰਥਨ ਉਸ ਸਮੇਂ ਦੇ ਰਾਜਨੀਤਕ ਨੇਤਾਵਾਂ ਨੂੰ ਨਾ ਚਾਹੁੰਦੇ ਹੋਏ ਵੀ ਕਰਨਾ ਪਿਆ। ਇਨ੍ਹਾਂ ਵਿਚੋਂ ਕੁਝ ਲੋਕ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਸਨ ਉਹ ਅੰਗਰੇਜ਼ਾਂ ਕੋਲੋਂ ਅਜ਼ਾਦੀ ਦੀ ਭੀਖ ਮੰਗ ਰਹੇ ਸਨ। ਦੂਜੇ ਪਾਸੇ ਅੰਗਰੇਜ਼ ਹਕੂਮਤ ਹਰ ਹਲਾਤ ਭਗਤ ਸਿੰਘ ਦੀ ਇਨਕਲਾਬੀ ਸੋਚ ਨੂੰ ਖਤਮ ਕਰਨਾ ਚਾਹੁੰਦੀ ਸੀ। ਇਸ ਲਈ ਇਕ ਸੋਚੀਂ ਸਮਝੀਂ ਸਾਜ਼ਿਸ਼ ਅਧੀਨ ਸਾਂਡਰਸ ਕਤਲ ਕਾਂਡ, ਬੰਬ ਬਣਾਉਣ, ਅਸੈਂਬਲੀ ਬੰਬ ਧਮਾਕਾ ਕਰਨ ਆਦਿ ਕੇਸਾ ਵਿਚ ਝੂਠੇ ਗਵਾਹਾਂ ਨੂੰ ਭੁਗਤਾ ਕੇ ਪਹਿਲਾਂ ਉਮਰਕੈਦ ਅਤੇ ਫਿਰ ਅਦਾਲਤ ਵੱਲੋਂ ਰਾਜਗੁਰੂ, ਸੁਖਦੇਵ, ਅਤੇ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਿਸ ਉਮਰ ਵਿਚ ਨੋਜਵਾਨ ਸਿਹਰਾ ਸਜ਼ਾ ਕੇ ਸ਼ਗਨਾਂ ਦੀ ਘੋੜੀ ਚੜ ਲਾੜੀ ਵਿਆਹੁਣ ਲਈ ਜਾਂਦੇ ਹਨ ਉਸ ਉਮਰ ਵਿਚ ਇਨ੍ਹਾਂ ਸੂਰਮਿਆਂ ਨੇ ਅੱਜ ਦੇ ਦਿਨ 23 ਮਾਰਚ 1931 ਨੂੰ ਆਪਣੇ ਹੱਥੀਂ ਹੱਸਦੇ ਹੱਸਦੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਅਤੇ ਦੇਸ਼ ਦੀ ਆਜ਼ਾਦੀ ਲਈ ਲਾੜੀ ਮੌਤ ਵਰ ਲਿਆ। ਪੂਰੇ ਭਾਰਤ ਵਰਸ਼ ਵੱਲੋਂ ਇਕੱਠੇ ਹੋ ਕੇ ਇਨ੍ਹਾਂ ਸ਼ਹੀਦਾਂ ਦਾ ਸਿਹਰਾ ਗਾਉਂਦਿਆਂ ਇਨ੍ਹਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਇਸ ਤਰਾਂ ਅਜ਼ਾਦੀ ਦੇ ਪ੍ਰਵਾਨੇ ਕਰੋੜਾਂ ਦਿਲਾਂ ਵਿਚ ਅਜ਼ਾਦੀ ਦੀ ਜੋਤ ਜਗਾਉਂਦੇ ਹੋਏ ਸਦਾ ਲਈ ਅਮਰ ਹੋ ਗਏ। ਇਨਕਲਾਬ ਜ਼ਿੰਦਾਬਾਦ।।
https://play.google.com/store/apps/details?id=in.yourhost.samaj