ਕੌਮੀ ਏਕਤਾ ਦਾ ਸਵਾਲ ਬਨਾਮ ਖੂੰਖਾਰ ਸਿਆਸਤਦਾਨ

ਯਾਦਵਿੰਦਰ

(ਸਮਾਜ ਵੀਕਲੀ)

 

— ਲੰਘੇ ਦਿਨਾਂ ਦੌਰਾਨ ਗੁਜਰਾਤ ਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿਚ ਰਾਮਨੌਮੀ ਨੇੜੇ ਹਿੰਸਾ ਹੋਈ (ਜਾਂ ਕਰਵਾਈ ਗਈ ਹੈ,) ਜੋ ਕਿ ਮੰਦਭਾਗਾ ਵਰਤਾਰਾ ਹੈ। ਬਹੁਤ ਸਾਰੇ ਲੋਕ ਇਸ ਨੂੰ ਵੋਟਾਂ ਇਕੱਤਰ ਕਰਨ ਦੀ ਸਿਆਸਤ ਨਾਲ ਜੋੜ ਕੇ ਸਿਧਾਂਤਕ ਤੌਰ ’ਤੇ ਸੁਰਖ਼ਰੂ ਹੋ ਜਾਂਦੇ ਹਨ ਪਰ ਇਹ ਗ਼ੈਰ-ਇਨਸਾਨੀ ਸੋਚ ਹੈ। ਦਰਅਸਲ, ਇਸ ਵਿਚ ਕੋਈ ਸ਼ੱਕ ਨਹੀਂ ਕਿ ਦੋ ਫ਼ਿਰਕਿਆਂ ਵਿਚ ਭਰਮ ਖੜ੍ਹੇ ਕਰ ਕੇ ਕੁਝ ਵੋਟ-ਬਟੋਰੂ ਸਿਆਸਤਦਾਨ ਆਪਣੀਆਂ ਵੋਟਾਂ ਪੱਕੀਆਂ ਕਰ ਕੇ ਲਾਲ ਬੱਤੀ ਵਾਲੀ ਕਾਰ ਝੂਟ ਜਾਂਦੇ ਹਨ। ਭੱਖਦਾ ਸਵਾਲ ਇਹ ਹੈ ਕਿ ਨਪੀੜਿਆ ਕੌਣ ਜਾਂਦਾ ਹੈ? ਉਹੀ ਜਿਨ੍ਹਾਂ ਨੂੰ ਆਮ ਲੋਕ ਕਹਿੰਦੇ ਹਨ।

ਅਸੀਂ ਆਮ ਲੋਕ ਕੰਨਾਂ ਦੇ ਕਿੰਨੇ ਕੱਚੇ ਹੋ ਗਏ ਹਾਂ ਕਿ ਕੋਈ ਵੀ ਸਾਨੂੰ ਦੂਜੇ ਧਰਮ ਜਾਂ ਮਜ਼ਹਬ ਦੇ ਲੋਕਾਂ ਬਾਰੇ ਕੁਝ ਵੀ ਦੱਸ ਦੇਵੇ ਤਾਂ ਸਾਡਾ ਖ਼ੂਨ ਉੱਬਲ ਪੈਂਦਾ ਹੈ। ਨਤੀਜਤਨ, ਅਸੀਂ ਹਿੰਸਕ ਪਸ਼ੂ ਬਣ ਜਾਂਦੇ ਹਾਂ। ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਸਾਰੇ ਧਰਮਾਂ ਦੇ ਲੋਕਾਂ ਨੇ ਇਸੇ ਦੇਸ਼ ਵਿਚ ਰਹਿਣਾ ਹੈ ਤੇ ਸਾਨੂੰ ਲੜਾਉਣ ਵਾਲੇ ਸਿਆਸਤਦਾਨਾਂ ਨੇ ਹਮੇਸ਼ਾਂ ਕਮਾਂਡੋਜ਼ ਤੇ ਸਕਿਓਰਟੀ ਮੁਲਾਜ਼ਮਾਂ ਦੀ ਛਾਂ ਹੇਠ ਵਿਚਰਨਾ ਹੈ। ਹਿੰਸਾ ਦਾ ਸੇਕ ਜਦੋਂ ਵੀ ਲੱਗਣਾ ਹੈ, ਸਾਨੂੰ ਆਮ ਆਦਮੀਆਂ ਨੂੰ ਲੱਗਣਾ ਹੈ। ਕਾਸ਼! ਅਸੀਂ ਆਮ ਲੋਕ ਖੂੰਖਾਰ ਲੋਕ-ਦੋਖੀ ਸਿਆਸਤਦਾਨਾਂ ਦੀ ਚਾਲਬਾਜ਼ੀ ਨੂੰ ਸਮਝ ਸਕੀਏ।

ਸੋਚਣ ਵਾਲੀ ਗੱਲ ਇਹ ਹੈ ਕਿ ਪ੍ਰਭੂ ਸ੍ਰੀ ਰਾਮ ਨਾਲ ਸਬੰਧਤ ਰਾਮਨੌਮੀ ਉਂਝ ਤਾਂ ਧਾਰਮਿਕ ਭਾਈਚਾਰਕ ਸਾਂਝ ਦਾ ਦਿਨ ਹੈ ਪਰ ਕੁਝ ਮਨੁੱਖ-ਦੋਖੀ ਅਨਸਰਾਂ ਨੇ ਇਸ ਦਿਨ ਦੀ ਚੋਣ ਕਰ ਕੇ ਦੇਸ਼ ਦੇ ਨਾਗਰਿਕਾਂ ਦਾ ਆਪਸ ਵਿਚ ਨਫ਼ਰਤੀ ਭੇੜ ਕਰਵਾ ਦਿੱਤਾ। ਗੋਦੀ ਮੀਡੀਆ ਦੇ ਲਾਹਨਤੀ ਖ਼ਬਰਨਵੀਸਾਂ ਦੀਆਂ ਰਿਪੋਰਟਾਂ ਕੁਝ ਵੀ ਕਹਿੰਦੀਆਂ ਹੋਣ ਪਰ ਸੱਚ ਕੁਝ ਹੋਰ ਹੈ। ਪਤਾ ਲੱਗਿਆ ਹੈ ਕਿ ਕੁਝ ਮਾੜੇ ਅਨਸਰਾਂ ਨੇ ਸ਼ਰਾਰਤਨ ਮਸੀਤਾਂ ਅੱਗੇ ਪੁੱਜ ਕੇ ਘਟੀਆ ਬਾਲੀਵੁੱਡ ਫਿਲਮਾਂ ਦੇ ਅਸ਼ਲੀਲ ਗੀਤ ਵਜਾਏ, ਉਥੇ ਛੈਣੇ ਖੜਕਾਏ ਤੇ ਕੁਝ ਨਫ਼ਰਤੀ ਲੋਕਾਂ ਨੇ ਮਸਜਿਦ ਦੇ ਮੀਨਾਰਾਂ ’ਤੇ ਪੁੱਜ ਕੇ ਹਰੇ ਝੰਡੇ ਦਾ ਅਪਮਾਨ ਕਰ ਕੇ ਖੱਟੇ ਰੰਗ ਦਾ ਭਗਵਾਂ ਝੰਡਾ ਵੀ ਲਾਇਆ! ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਇਹ ਸੱਭਿਅਕ ਵਰਤਾਰਾ ਹੈ? ਇਹ ਲੜਾਈ, ਝੰਡੇ ਦੀ ਹੈ ਜਾਂ ਡੰਡੇ ਦੀ ਲੜਾਈ ਹੈ? ਕੀ ਇੰਝ ਕੀਤਿਆਂ ਕਿਸੇ ਮਜ਼ਹਬ ਦਾ ਝੰਡਾ ਹਮੇਸ਼ਾ ਲਈ ਬਦਲਿਆ ਜਾ ਸਕੇਗਾ?

ਇਸ ਸਾਰੇ ਵਰਤਾਰੇ ਦਾ ਮਨੋਵਿਗਿਆਨ ਸਮਝਣ ਦੀ ਲੋੜ ਹੈ। ਅੱਜ ਦੇ ‘ਲੋਕਾਈਨਾਮਾ’ ਕਾਲਮ ਵਿਚ ਅਸੀਂ ਇਹੀ ਨੁਕਤੇ ਛੋਹਣੇ ਹਨ। ਇਤਿਹਾਸ ਵਿਚ ਕਈ ਥਾੲੀਂ ਜ਼ਿਕਰ ਆਉਂਦਾ ਹੈ ਕਿ ਮੁਗ਼ਲ ਹਾਕਮਾਂ ਨੇ ਆਪਣੇ ਰਾਜਭਾਗ ਵੇਲੇ ਭਾਰਤੀ ਲੋਕਾਈ ’ਤੇ (ਕਥਿਤ ਤੌਰ ਉੱਤੇ) ਜ਼ੁਲਮ ਕੀਤੇ ਸਨ। ਇਸੇ ਲਈ ਸ਼ਾਇਦ, ਉਨ੍ਹਾਂ ਦੇ ਰਾਜਭਾਗ ਦੇ ਵੇਲੇ ਨੂੰ ਸਿਲੇਬਸ ਵਿੱਚੋਂ ਖ਼ਾਰਜ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦਾ ਫ਼ਰਜ਼ੀ ਇਤਿਹਾਸ ਨਫ਼ਰਤੀ ਲੋਕਾਂ ਨੂੰ ਵ੍ਹਟਸਐਪ ਗਰੁੱਪਾਂ ਵਿਚ ਸ਼ਾਮਲ ਕਰ ਕੇ ਪੜ੍ਹਾਇਆ ਜਾਂਦਾ ਹੈ। ਸ਼ਾਇਦ ਇਹੀਓ ਵਜ੍ਹਾ ਹੈ ਕਿ ਨਫ਼ਰਤੀ ਲੋਕਾਂ ਦੇ ਵ੍ਹਟਸਐਪ ਗਰੁੱਪਾਂ ਦਾ ‘ਅਧਿਐਨ’ ਹੀ ਉਨ੍ਹਾਂ ਨੂੰ ਇਕ ਖ਼ਾਸ ਮਜ਼ਹਬ ਦੇ ਲੋਕਾਂ ਨਾਲ ਨਫ਼ਰਤੀ ਪਹੁੰਚ ਅਪਣਾਉਣ ਲਈ ਉਕਸਾਉਂਦਾ ਹੈ। ਆਮ ਆਦਮੀ, ਜਿਸ ਨੂੁੰ ਅੰਗਰੇਜ਼ੀ ਵਿਚ ਲੇਅਮੈਨ ਜਾਂ ਆਮ ਭਾਸ਼ਾ ਵਿਚ ‘ਟੁੱਚਾ ਬੰਦਾ’ ਕਹਿੰਦੇ ਹਨ, ਇਹੋ ਜਿਹੇ ਟੁੱਚੇ ਬੰਦੇ ਹੀ ਆਪਣੇ ਕੱਚਘਰੜ ਅਗਿਆਨ ਕਰ ਕੇ ਜਨੂੰਨੀਅਤ ਦਾ ਸ਼ਿਕਾਰ ਹੋ ਜਾਂਦੇ ਹਨ।

ਨਫ਼ਰਤ ਦੇ ਜਨੂੰਨ ਵਿਚ ਕੀਤੀ ਹਿੰਸਾ ਕਾਰਨ ਜਿੱਥੇ ਇਹ ਗੁਮਰਾਹ ਹੋਏ ਲੋਕ ਮੁਕੱਦਮਿਆਂ ਤੇ ਅਦਾਲਤਾਂ ਵਿਚ ਘਿਰ ਕੇ ਲਾਲਚੀ ਵਕੀਲਾਂ ਦੇ ਮਾਇਆਜਾਲ ਵਿਚ ਫਸ ਜਾਂਦੇ ਹਨ, ਉਥੇ ਪਰਿਵਾਰਕ ਜ਼ਿੰਦਗੀ ਦੀ ਬਰਬਾਦੀ ਕਰਾ ਲੈਂਦੇ ਹਨ। ਇਕ ਆਦਮੀ ਜਿਹੜਾ ਕਿ ਨਫ਼ਰਤੀ ਹਿੰਸਾ ਕਰਦਿਆਂ ਹੋਇਆਂ ਸੀ.ਸੀ.ਟੀ.ਵੀ. ਫੁਟੇਜ ਵਿਚ ਆ ਜਾਂਦਾ ਹੈ, ਉਹ ਪਛਾਣਿਆ ਜਾਣ ’ਤੇ ਲਾਲਚੀ ਵਕੀਲਾਂ ਤੇ ਸੁਸਤ ਅਦਾਲਤੀ ਪ੍ਰਣਾਲੀ ਦੀ ਬੁਰਕੀ ਬਣ ਜਾਂਦਾ ਹੈ। ਘਰ-ਬਾਹਰ ਵਿਕ ਜਾਂਦੇ ਹਨ, ਜਵਾਨ ਹੋ ਰਹੀਆਂ ਧੀਆਂ ਦੇ ਪੈਰ, ਬਾਪ ਦੀ ਗ਼ੈਰ ਹਾਜ਼ਰੀ ਵਿਚ ਥਿੜਕ ਜਾਂਦੇ ਹਨ।

ਜਿਸ ਜਵਾਨ ਔਰਤ ਦਾ ਪਤੀ ਅਦਾਲਤੀ ਝਮੇਲਿਆਂ ਵਿਚ ਫਸਿਆ ਹੋਵੇ, ਓਹਨੂੰ ਕਈ ਵਾਰ ਜਿਸਮਫ਼ਰੋਸ਼ੀ ਵਿਚ ਪੈ ਕੇ ਘਰ ਚਲਾਉਣਾ ਪੈਂਦਾ ਹੈ, ਕਈ ਸਰਦੇ ਪੁੱਜਦੇ ਘਰਾਂ ਦੀਆਂ ਔਰਤਾਂ ਨੂੰ ਆਪਣੇ ਜਨੂੰਨੀ ਪਤੀ ਦੀ ‘ਇਕ ਗ਼ਲਤੀ’ ਕਾਰਨ ਗ਼ਰੀਬੀ ਡੈਣ ਦਾ ਸ਼ਿਕਾਰ ਬਣ ਕੇ ਲੋਕਾਂ ਦੇ ਘਰਾਂ ਵਿਚ ਝਾੜੂ-ਪੋਚਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਹਿੰਸਾ ਕਰਵਾਉਣ ਵਾਲੇ ਲਹੂ-ਪੀਣੇ ਲੀਡਰ ਤਾਂ ਅੱਯਾਸ਼ੀ ਭਰਿਆ ਜੀਵਨ ਜਿਊਂਦੇ ਰਹਿੰਦੇ ਹਨ ਪਰ ਹਿੰਸਾ ਕਰਨ ਵਾਲਾ ਗੁਮਰਾਹ ਬੰਦਾ ਜ਼ਿੰਦਗੀ ਦਾ ਜੂਆ ਹਰ ਜਾਂਦਾ ਹੈ।

ਇਹ ਮਹਿਜ਼ ਹਿੰਦੂ-ਮੁਸਲਿਮ ਹਿੰਸਾ ਦਾ ਸਵਾਲ ਨਹੀਂ ਹੈ। ਹਰ ਤਰ੍ਹਾਂ ਦੇ ਫ਼ਿਰਕੂ ਟਕਰਾਅ ਨੂੁੰ ਟਾਲ਼ ਕੇ ਪੁਰਅਮਨ ਤੇ ਸ਼ਾਂਤਮਈ ਪਹੁੰਚ ਅਪਣਾਉਣ ਦੀ ਲੋੜ ਹੈ।

ਯਾਦਵਿੰਦਰ

ਫ਼ੋਨ : 91 6284336763
ਸਰੂਪ ਨਗਰ, ਰਾਓਵਾਲੀ।

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਪ੍ਰਾਇਮਰੀ ਸਕੂਲ ਸਾਹਸਲੇਮਪੁਰ ਪੰਜਵੀਂ ਜਮਾਤ ਦਾ ਨਤੀਜਾ 100% ਰਿਹਾ ।
Next articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂਢੀਗਾ ਦੇ ਬੀ ਏ ਭਾਗ ਤੀਜਾ ਦਾ ਨਤੀਜਾ ਸੌ ਫੀਸਦੀ ਦੇ ਸ਼ਾਨਦਾਰ ਰਿਹਾ