ਖ਼ਾਮੋਸ਼ ਹੋ ਗਈ ਸੁਰਾਂ ਦੀ ਮਲਿਕਾ

ਨਵੀਂ ਦਿੱਲੀ (ਸਮਾਜ ਵੀਕਲੀ):  ਪੀੜ੍ਹੀਆਂ ਤੱਕ ਦੱਖਣੀ ਏਸ਼ਿਆਈ ਖਿੱਤੇ ਦੇ ਲੋਕਾਂ ਦੇ ਮਨਾਂ ’ਚ ਆਪਣੀ ਆਵਾਜ਼ ਰਾਹੀਂ ਵਿਲੱਖਣ ਥਾਂ ਬਣਾਉਣ ਵਾਲੀ ਅਤੇ ਭਾਰਤ ਦੀਆਂ ਸਭ ਤੋਂ ਮਹਾਨ ਸ਼ਖ਼ਸੀਅਤਾਂ ਵਿਚੋਂ ਇਕ ਮੰਨੀ ਜਾਂਦੀ ਉੱਘੀ ਗਾਇਕਾ ਲਤਾ ਮੰਗੇਸ਼ਕਰ ਦਾ ਅੱਜ ਦੇਹਾਂਤ ਹੋ ਗਿਆ। ਉਹ 92 ਵਰ੍ਹਿਆਂ ਦੇ ਸਨ। ਉਨ੍ਹਾਂ ਅੱਜ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਆਖ਼ਰੀ ਸਾਹ ਲਏ। ਜ਼ਿਕਰਯੋਗ ਹੈ ਕਿ ਲਤਾ ਨੂੰ ਕਰੋਨਾ ਹੋ ਗਿਆ ਸੀ ਤੇ ਉਹ 8 ਜਨਵਰੀ ਤੋਂ ਹਸਪਤਾਲ ਦਾਖਲ ਸਨ। ਮਗਰੋਂ ਉਨ੍ਹਾਂ ਨੂੰ ਨਿਮੋਨੀਆ ਵੀ ਹੋ ਗਿਆ ਸੀ।  ਗਾਇਕਾ ਦੀ ਛੋਟੀ ਭੈਣ ਊਸ਼ਾ ਮੰਗੇਸ਼ਕਰ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਅੱਜ ਸਵੇਰੇ ਹੋਈ। ਇੰਦੌਰ ਦੀ ਜੰਮਪਲ ਲਤਾ ਦੇ ਪਰਿਵਾਰ ਵਿਚ ਉਨ੍ਹਾਂ ਦੇ ਭੈਣ-ਭਰਾ- ਮੀਨਾ, ਆਸ਼ਾ, ਊਸ਼ਾ ਤੇ ਹਰਿਦੈਨਾਥ ਹਨ।

ਮੰਗੇਸ਼ਕਰ ‘ਭਾਰਤ ਦੀ ਕੋਇਲ’, ‘ਸੁਰਾਂ ਦੀ ਮਲਿਕਾ’ ਤੇ ‘ਲਤਾ ਦੀਦੀ’ ਜਿਹੇ ਕਈ ਨਾਵਾਂ ਨਾਲ ਮਸ਼ਹੂਰ ਹੋਈ। ਮੰਗੇਸ਼ਕਰ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਸਵੇਰੇ 8.12 ’ਤੇ ਮੌਤ ਹੋਈ, ਮੌਤ ਦਾ ਕਾਰਨ ਸਰੀਰ ਦੇ ਕਈ ਅੰਗਾਂ ਦਾ ਕੰਮ ਕਰਨਾ ਬੰਦ ਹੋਣਾ ਦੱਸਿਆ ਗਿਆ ਹੈ। ਲਤਾ ਮੰਗੇਸ਼ਕਰ ਦੀ ਮੌਤ ’ਤੇ ਕੇਂਦਰ ਸਰਕਾਰ ਨੇ ਦੋ ਦਿਨਾਂ ਦੇ ‘ਸਰਕਾਰੀ ਸੋਗ’ ਦਾ ਐਲਾਨ ਕੀਤਾ ਹੈ। ਲਤਾ ਮੰਗੇਸ਼ਕਰ ਨੇ ਆਪਣੇ 8 ਦਹਾਕਿਆਂ ਦੇ ਕਰੀਅਰ ਵਿਚ 36 ਭਾਰਤੀ ਭਾਸ਼ਾਵਾਂ ਵਿਚ ਕਰੀਬ 25,000 ਗੀਤ ਗਾਏ। ਭਾਰਤ ਦੇ ਸਭ ਤੋਂ ਮਹਾਨ ਪਿੱਠਵਰਤੀ ਗਾਇਕਾਂ ਵਿਚੋਂ ਇਕ ਲਤਾ ਮੰਗੇਸ਼ਕਰ ਨੂੰ ਕਈ ਫ਼ਿਲਮੀ ਸਨਮਾਨ ਤੇ ਕੌਮੀ ਸਨਮਾਨ ਮਿਲ ਚੁੱਕੇ ਹਨ। ਇਨ੍ਹਾਂ ਵਿਚ ‘ਭਾਰਤ ਰਤਨ’, ਪਦਮ ਭੂਸ਼ਣ, ਪਦਮ ਵਿਭੂਸ਼ਣ, ਦਾਦਾ ਸਾਹੇਬ ਫਾਲਕੇ ਐਵਾਰਡ ਤੇ ਕਈ ਕੌਮੀ ਫ਼ਿਲਮ ਪੁਰਸਕਾਰ ਸ਼ਾਮਲ ਹਨ। ਸਰਕਾਰੀ ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਸੁਨੇਹੇ ਭੇਜ ਕੇ ਪੂਰੇ ਭਾਰਤ ਵਿਚ 6 ਤੋਂ 7 ਫਰਵਰੀ ਤੱਕ ਕੌਮੀ ਝੰਡਾ ਅੱਧਾ ਝੁਕਾਉਣ ਲਈ ਕਿਹਾ ਹੈ। ਇਸ ਦੌਰਾਨ ਸਰਕਾਰੀ ਪੱਧਰ ਉਤੇ ਕੋਈ ਮਨੋਰੰਜਕ ਪ੍ਰੋਗਰਾਮ ਨਹੀਂ ਹੋਵੇਗਾ। ਮਹਾਰਾਸ਼ਟਰ ਸਰਕਾਰ ਨੇ ਵੀ ‘ਸੁਰਾਂ ਦੀ ਮਲਿਕਾ’ ਲਤਾ ਮੰਗੇਸ਼ਕਰ ਦੇ ਦੇਹਾਂਤ ’ਤੇ ਇਕ ਦਿਨ ਦੇ ਸੋਗ ਤੇ ਭਲਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ।

ਗਾਇਕਾ ਦੀ ਦੇਹ ਨੂੰ ਅੱਜ ਪਹਿਲਾਂ ਉਨ੍ਹਾਂ ਦੀ ਪੈਡਰ ਮਾਰਗ ਸਥਿਤ ਰਿਹਾਇਸ਼ ‘ਪ੍ਰਭੂ ਕੁੰਜ’ ਲਿਜਾਇਆ ਗਿਆ ਤੇ ਮਗਰੋਂ ਸ਼ਿਵਾਜੀ ਪਾਰਕ ਵਿਚ ਰੱਖਿਆ ਗਿਆ ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕ ਗਾਇਕਾ ਦੀ ਆਖ਼ਰੀ ਝਲਕ ਦੇਖਣ ਲਈ ਜੁੜੇ ਹੋਏ ਸਨ। ਅੰਤਿਮ ਸੰਸਕਾਰ ਸ਼ਿਵਾਜੀ ਪਾਰਕ ਵਿਚ ਹੀ ਸ਼ਾਮ ਕਰੀਬ 6.30 ਵਜੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਮੁੰਬਈ ਪੁੱਜੇ। ਲਤਾ ਦੀ ਦੇਹ ਨੂੰ ਤਿਰੰਗੇ ’ਚ ਲਪੇਟ ਕੇ ਇਕ ਟਰੱਕ ਵਿਚ ਰੱਖ ਕੇ ਅੰਤਿਮ ਰਸਮਾਂ ਲਈ ਉਨ੍ਹਾਂ ਦੀ ਰਿਹਾਇਸ਼ ਤੋਂ ਦੱਖਣੀ ਮੁੰਬਈ ਦੇ ਦਾਦਰ ਸਥਿਤ ਸ਼ਿਵਾਜੀ ਪਾਰਕ ਲਿਜਾਇਆ ਗਿਆ। ਟਰੱਕ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਤੇ ਨਾਲ ਲਤਾ ਦੀ ਇਕ ਵੱਡੀ ਤਸਵੀਰ ਰੱਖੀ ਗਈ ਸੀ। ਇਸ ਮੌਕੇ ਵੱਡੀ ਗਿਣਤੀ ਲੋਕ ਸੜਕਾਂ ਉਤੇ ਇਕੱਠੇ ਹੋ ਗਏ।

ਅੰਤਿਮ ਸੰਸਕਾਰ ਤੋਂ ਪਹਿਲਾਂ ਪੁਲੀਸ ਤੇ ਫ਼ੌਜ ਵੱਲੋਂ ਉਨ੍ਹਾਂ ਨੂੰ ਰਸਮੀ ਸਲੂਟ ਦਿੱਤਾ ਗਿਆ ਤੇ ਬੈਂਡ ਨੇ ਕੌਮੀ ਤਰਾਨਾ ਵਜਾਇਆ। ਲਤਾ ਦੇ ਪਰਿਵਾਰ ਦੇ ਕੁਝ ਮੈਂਬਰ ਜਿਨ੍ਹਾਂ ਵਿਚ ਭੈਣ ਤੇ ਗਾਇਕਾ ਆਸ਼ਾ ਭੌਂਸਲੇ ਵੀ ਸ਼ਾਮਲ ਸਨ, ਟਰੱਕ ਵਿਚ ਸਵਾਰ ਸਨ। ਟਰੱਕ ਦੇ ਅੱਗੇ ਫ਼ੌਜ ਤੇ ਪੁਲੀਸ ਦੀਆਂ ਜੀਪਾਂ ਸਨ। ਲਤਾ ਦੇ ਛੋਟੇ ਭਰਾ ਹਰਿਦੈਨਾਥ ਨੇ ਚਿਖ਼ਾ ਨੂੰ ਅਗਨੀ ਦਿਖਾਈ। ਇਸ ਮੌਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ, ਉਪ ਮੁੱਖ ਮੰਤਰੀ ਅਜੀਤ ਪਵਾਰ, ਐਨਸੀਪੀ ਮੁਖੀ ਸ਼ਰਦ ਪਵਾਰ, ਅਦਾਕਾਰ ਸ਼ਾਹਰੁਖ਼ ਖਾਨ ਤੇ ਆਮਿਰ ਖਾਨ, ਕ੍ਰਿਕਟਰ ਸਚਿਨ ਤੇਂਦੁਲਕਰ ਤੇ ਐਮਐੱਨਐੱਸ ਮੁਖੀ ਰਾਜ ਠਾਕਰੇ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਮੋਦੀ ਨੇ ਲਤਾ ਦੀ ਦੇਹ ਅੱਗੇ ਝੁਕ ਕੇ ਫੁੱਲਮਾਲਾ ਭੇਟ ਕੀਤੀ। ਹਾਲਾਂਕਿ ਉਹ ਚਿਖ਼ਾ ਨੂੰ ਅਗਨੀ ਦਿਖਾਉਣ ਤੋਂ ਪਹਿਲਾਂ ਹੀ ਉੱਥੋਂ ਚਲੇ ਗਏ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ
Next articleਨੌਜਵਾਨ ਨੇ ਰਾਹੁਲ ਗਾਂਧੀ ਦੇ ਮੂੰਹ ’ਤੇ ਪਾਰਟੀ ਦਾ ਝੰਡਾ ਮਾਰਿਆ