ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ

ਲੁਧਿਆਣਾ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਨੂੰ ਲੈ ਕੇ ਕਾਂਗਰਸ ਅੰਦਰ ਚੱਲ ਰਹੇ ਕਿਆਸਾਂ ਨੂੰ ਵਿਰਾਮ ਦਿੰਦਿਆਂ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇਥੇ ਸਨਅਤੀ ਸ਼ਹਿਰ ਵਿੱਚ ਚਰਨਜੀਤ ਸਿੰਘ ਚੰਨੀ ਦੇ ਨਾਮ ’ਤੇ ਰਸਮੀ ਮੋਹਰ ਲਾ ਦਿੱਤੀ ਹੈ। ਇਥੇ ਫਿਰੋਜ਼ਪੁਰ ਰੋਡ ’ਤੇ ਕੀਤੀ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੀ ਕਾਂਗਰਸ ਦਾ ਅਗਲਾ ਸੀਐੱਮ ਚਿਹਰਾ ਐਲਾਨ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਲੋਕਾਂ, ਪਾਰਟੀ ਵਰਕਰਾਂ, ਉਮੀਦਵਾਰਾਂ ਤੇ ਵਰਕਿੰਗ ਕਮੇਟੀ ਮੈਂਬਰਾਂ ਤੋਂ ਲਈ ਰਾਏ ਦੇ ਆਧਾਰ ’ਤੇ ਚੰਨੀ ਨੂੰ ਇਹ ਜ਼ਿੰਮੇਵਾਰੀ ਸੌਂਪਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਲੋਕ ਰਾਏ ਦੌਰਾਨ ਇਹੀ ਗੱਲ ਉਭਰ ਕੇ ਸਾਹਮਣੇ ਆਈ ਕਿ ਪੰਜਾਬ ਦਾ ਮੁੱਖ ਮੰਤਰੀ ਗਰੀਬ ਘਰ ਤੋਂ ਹੋਵੇ। ਐਲਾਨ ਤੋਂ ਫੌਰੀ ਮਗਰੋਂ ਪੂਰੇ ਪੰਡਾਲ ’ਚ ਚਰਨਜੀਤ ਸਿੰਘ ਚੰਨੀ ਦੇ ਨਾਮ ਦੇ ਨਾਅਰੇ ਗੂੰਜਣ ਲੱਗੇ। ਰੈਲੀ ਦੌਰਾਨ ਬੁਲਾਰਿਆਂ ਨੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਨੂੰ ਵੀ ਤਰਜੀਹ ਦਿੱਤੀ, ਹਾਲਾਂਕਿ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਮਗਰੋਂ ਸਿੱਧੂ ਖੇਮੇ ’ਚ ਕਾਫ਼ੀ ਮਾਯੂਸੀ ਹੈ। ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਮਗਰੋਂ ਕਾਂਗਰਸ ’ਤੇ ਵੀ ਲਗਾਤਾਰ ਦਬਾਅ ਸੀ ਕਿ ਉਹ ਮੁੱਖ ਮੰਤਰੀ ਚਿਹਰਾ ਐਲਾਨੇ। ਉਧਰ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਤੇ ਪਾਰਟੀ ’ਤੇ ਸਵਾਲ ਚੁੱਕ ਰਹੇ ਸਨ ਕਿ ‘ਬਿਨਾਂ ਲਾੜੇ ਦੇ ਬਾਰਾਤ ਕਿਵੇਂ ਚੱਲੇਗੀ।’ ਪਿਛਲੇ ਮਹੀਨੇ ਜਲੰਧਰ ’ਚ ਕੀਤੀ ਵਰਚੁਅਲ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਸੀ ਕਿ ਪੰਜਾਬ ’ਚ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਬਾਰੇ ਜਨਤਾ ਤੈਅ ਕਰੇਗੀ। ਉਨ੍ਹਾਂ ਲੋਕ ਰਾਏ ਮਗਰੋਂ ਇਕ ਹਫ਼ਤੇ ਅੰਦਰ ਇਹ ਮਸ਼ਕ ਪੂਰੀ ਕਰ ਲੈਣ ਦਾ ਦਾਅਵਾ ਕੀਤਾ ਸੀ।

ਇਥੇ ਹਰਸ਼ਿਲਾ ਰਿਜ਼ੌਰਟ ਵਿੱਚ ਕੀਤੀ ਰੈਲੀ ਦੌਰਾਨ ਰਾਹੁਲ ਗਾਂਧੀ ਅੱਜ ਹੰਢੇ ਹੋਏ ਸਿਆਸਤਦਾਨ ਵਜੋਂ ਵਿਚਰੇ। ਮੰਚ ਤੋਂ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਤਕਰੀਰ ਕਰਦਿਆਂ ਸਿੱਧੂ ਕਦੇ ਕਦੇ ਜਜ਼ਬਾਤੀ ਹੋ ਜਾਂਦੇ ਹਨ ਅਤੇ ਦਿਲ ਦੀ ਗੱਲ ਆਖ ਜਾਂਦੇ ਹਨ। ਉਨ੍ਹਾਂ ਨਵਜੋਤ ਸਿੱਧੂ ਦੇ ਪੰਜਾਬ ਮਾਡਲ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਵੀ ਤਾਰੀਫ਼ ਕੀਤੀ। ਮਗਰੋਂ ਸਟੇਜ ’ਤੇ ਮੌਜੂਦ ਸਾਰੇ ਆਗੂਆਂ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਗਰੀਬ ਘਰ ਦਾ ਮੁੱਖ ਮੰਤਰੀ ਚਾਹੀਦਾ ਹੈ, ਇਸ ਲਈ ਪੰਜਾਬ ਵਿਧਾਨ ਸਭਾ ’ਚ ਐਤਕੀਂ ਚਰਨਜੀਤ ਸਿੰਘ ਚੰਨੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋਣਗੇ। ਸਾਬਕਾ ਕਾਂਗਰਸ ਪ੍ਰਧਾਨ ਵੱਲੋਂ ਇੰਨਾ ਕਹਿਣ ਦੀ ਦੇਰ ਸੀ ਕਿ ਪੂਰੇ ਪੰਡਾਲ ’ਚ ਚਰਨਜੀਤ ਸਿੰਘ ਚੰਨੀ ਦਾ ਨਾਮ ਅਤੇ ਨਾਅਰੇ ਗੂੰਜਣ ਲੱਗੇ। ਚੰਨੀ ਦੇ ਬਿਲਕੁਲ ਨਾਲ ਵਾਲੀ ਕੁਰਸੀ ’ਤੇ ਬੈਠੇ ਨਵਜੋਤ ਸਿੰਘ ਸਿੱਧੂ ਨੇ ਚੰਨੀ ਦੀ ਬਾਂਹ ਖੜ੍ਹੀ ਕਰ ਦਿੱਤੀ ਤੇ ਸੁਨੀਲ ਜਾਖੜ ਨੂੰ ਅੱਗੇ ਲਿਆ ਕੇ ਦੋਹਾਂ ਦੇ ਨਾਲ ਚੱਲਣ ਦਾ ਵੀ ਭਰੋਸਾ ਦਿੱਤਾ।

ਕਾਂਗਰਸ ਨੇ ਗਰੀਬ ਘਰੋਂ ਉੱਠੇ ਵਿਅਕਤੀ ਨੂੰ ਦਿੱਤਾ ਵੱਡਾ ਮਾਣ : ਚੰਨੀ

ਕਾਂਗਰਸ ਵੱਲੋਂ ਚੋਣਾਂ ਲਈ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਮਗਰੋਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ  ਪਾਰਟੀ ਨੇ ਗਰੀਬ ਘਰ ਤੋਂ ਉੱਠੇ ਵਿਅਕਤੀ ਨੂੰ ਵੱਡਾ ਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਮ ਆਦਮੀ ਨੂੰ ਬਹੁਤ ਵੱਡੇ ਆਹੁਦੇ ’ਤੇ ਬਿਠਾਇਆ ਹੈ, ਜਿਸ ਦਾ ਉਹ ਤੇ ਪੰਜਾਬ ਦੀ ਜਨਤਾ ਮੁੱਲ ਜ਼ਰੂਰ ਮੋੜੇਗੀ। ਚੰਨੀ ਨੇ ਆਪਣੇ ਸੰਬੋਧਨ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਰੀਫ਼ਾਂ ਦੇ ਪੁੱਲ ਬੰਨ੍ਹੇ। ਚੰਨੀ ਨੇ ਕਿਹਾ ਕਿ  ਉਹ ਦਿਨ ਰਾਤ ਲਾ ਕੇ ਪਾਰਟੀ ਲਈ ਤੇ ਸਰਕਾਰ ਬਣਾਉਣ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਰਹੇ ਤੇ ਇਸ ਦੌਰਾਨ 700 ਦੇ ਕਰੀਬ ਕਿਸਾਨ ਸ਼ਹੀਦ ਵੀ ਹੋ ਗਏ। ਉਨ੍ਹਾਂ ਕਿਹਾ ਕਿ ਭਾਜਪਾ ਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਲੋਕ ਕਿਸ ਮੂੰਹ ਨਾਲ ਪੰਜਾਬ ’ਚ ਵੋਟਾਂ ਮੰਗ ਰਹੇ ਹਨ। ਚੰਨੀ ਨੇ ਕਿਹਾ ਕਿ ਉਹ ਹੁਣ ਤੱਕ ਬੇਦਾਗ ਰਹੇ ਹਨ। 40 ਸਾਲ ਦੇ ਰਾਜਸੀ ਕਰੀਅਰ ’ਚ ਉਨ੍ਹਾਂ ’ਤੇ ਕਿਸੇ ਨੇ ਉਂਗਲ ਨਹੀਂ ਚੁੱਕੀ।

ਪੰਜਾਬ ਦੇ ਲੋਕ 700 ਕਿਸਾਨਾਂ ਦੇ ਬਲਿਦਾਨ ਨੂੰ ਸਮਝਣ: ਜਾਖੜ

ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤੇ ਜਾਣ ਤੋਂ ਪਹਿਲਾਂ ਰੈਲੀ ਨੂੰ ਕੀਤੇ ਸੰਬੋਧਨ ਵਿੱਚ ਸੀਨੀਅਰ ਕਾਂਗਰਸ ਆਗੂ ਸੁਨੀਲ ਜਾਖੜ ਨੇ ਕਿਹਾ ਉਹ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਨਹੀਂ ਹਨ ਤੇ ਪਾਰਟੀ ਹਾਈ ਕਮਾਨ ਜੋ ਵੀ ਫੈਸਲਾ ਲਵੇਗੀ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੇ ਸਾਫ਼ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ, ਤਿੰਨੋਂ ਹੀ ਆਪਸ ਵਿੱਚ ਮਿਲੀਆਂ ਹੋਈਆਂ ਹਨ ਤੇ ਅਗਾਮੀ ਚੋਣਾਂ ਵਿੱਚ ਲੋਕਾਂ ਨੂੰ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ 700 ਕਿਸਾਨਾਂ ਦੇ ਬਲਿਦਾਨ ਮਗਰੋਂ ਵੀ ਜੇਕਰ ਪੰਜਾਬ ਦੇ ਲੋਕ ਇਹ ਨਾ ਸਮਝਣ ਕਿ ਇਹ ਤਿੰਨੋਂ ਪਾਰਟੀਆਂ ਇੱਕੋ ਹੀ ਥੈਲੇ ਵਿੱਚੋਂ ਨਿਕਲੀਆਂ ਹਨ, ਤਾਂ ਕਿਸਾਨਾਂ ਦੀਆਂ ਕੁਰਬਾਨੀਆਂ ਕਿਸੇ ਲੇਖੇ ਨਹੀਂ ਲੱਗਣਗੀਆਂ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਜੇਕਰ ਕਿਸੇ ਤਰੀਕੇ ਨਾਲ ਆਪ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਮਦਦ ਕਰਦਾ ਹੈ ਤਾਂ ਉਹ 700 ਕਿਸਾਨਾਂ ਦੀ ਸ਼ਹੀਦੀ ਨਾਲ ਧੱਕਾ ਹੋਵੇਗਾ।

ਈਡੀ ਅਜੇ ਹੋਰ ਛਾਪੇ ਮਾਰੇਗੀ: ਬਿੱਟੂ

ਰੈਲੀ ਵਿੱਚ ਰਾਹੁਲ ਗਾਂਧੀ ਦੇ ਆਉਣ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਟੇਜ ਤੋਂ ਹੀ ਮੁੱਖ ਮੰਤਰੀ ਚੰਨੀ ਦੇ ਭਾਣਜੇ ’ਤੇ ਈਡੀ ਵੱਲੋਂ ਕੀਤੀ ਛਾਪੇਮਾਰੀ ਤੇ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਹੁਣ ਤਾਂ ਅੱਗੇ ਹੋਰ ਛਾਪੇਮਾਰੀਆਂ ਹੋਣਗੀਆਂ, ਧੱਕੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਬਰਦਾਸ਼ਤ ਨਹੀ ਹੋ ਰਿਹਾ ਕਿ ਕਾਂਗਰਸ ਨੇ ਇੱਕ ਟੈਂਟ ਲਗਾਉਣ ਵਾਲੇ ਨੂੰ ਸੀਐੱਮ ਕਿਵੇਂ ਬਣਾ ਦਿੱਤਾ।

ਰਾਹੁਲ ਨੇ ਚੰਨੀ ਦੇ ਹਵਾਲੇ ਨਾਲ ਮੋਦੀ ਤੇ ਯੋਗੀ ਨੂੰ ਘੇਰਿਆ

ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਮੁੱਖ ਮੰਤਰੀ ਗਰੀਬ ਘਰ ਤੋਂ ਹੋਵੇ। ਉਨ੍ਹਾਂ ਕਿਹਾ ਕਿ ਚੰਨੀ ਗਰੀਬ ਪਰਿਵਾਰ ਤੋਂ ਹਨ ਤੇ ਅੱਜ ਆਪਣੀ ਮਿਹਨਤ ਸਦਕਾ ਇਸ ਮੁਕਾਮ ’ਤੇ ਪੁੱਜੇ ਹਨ। ਉਹ ਗਰੀਬੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਚੰਨੀ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਉਹ ਕਦੇ ਵੀ ਲੋਕਾਂ ਦੀ ਮਦਦ ਲਈ ਅੱਗੇ ਨਹੀਂ ਆਏ। ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਲਕਿ ਦੇਸ਼ ਦੇ ਰਾਜਾ ਹਨ ਤੇ ਯੋਗੀ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲ ਰਹੇ ਹਨ, ਜਦੋਂ ਕਿ ਚੰਨੀ ਸਾਧਾਰਨ ਵਿਅਕਤੀ ਹਨ ਤੇ ਸਾਦਾ ਜੀਵਨ ਜਿਊਂਦੇ ਹਨ। ਉਨ੍ਹਾਂ ਵਿੱਚ ਕੋਈ ਹਉਮੈ ਤੇ ਹੰਕਾਰ ਨਹੀਂ ਹੈ।

ਐਲਾਨ ਤੋਂ ਪਹਿਲਾਂ ਹੋਟਲ ’ਚ ਦੋ ਘੰਟੇ ਸਿੱਧੂ ਨੂੰ ਮਨਾਉਂਦੇ ਰਹੇ

ਚਰਨਜੀਤ ਸਿੰਘ ਚੰਨੀ ਨੂੰ ਅਗਾਮੀ ਚੋਣਾਂ ਵਿੱਚ ਅਧਿਕਾਰਤ ਤੌਰ ’ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਪਹਿਲਾਂ ਅੱਜ ਰਾਹੁਲ ਗਾਂਧੀ ਤੇ ਦਿੱਲੀ ਤੋਂ ਆਏ ਹੋਰਨਾਂ ਸੀਨੀਅਰ ਪਾਰਟੀ ਆਗੂਆਂ ਨੂੰ ਨਵਜੋਤ ਸਿੱਧੂ ਨੂੰ ਮਨਾਉਣ ਵਿੱਚ ਖਾਸੀ ਮੁਸ਼ੱਕਤ ਕਰਨੀ ਪਈ। ਹਲਵਾਰਾ ਹਵਾਈ ਅੱਡੇ ਤੋਂ ਸਿੱਧਾ ਹੋਟਲ ਪੁੱਜੇ ਰਾਹੁਲ ਗਾਂਧੀ, ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਨਾਲ ਬੰਦ ਕਮਰਾ ਮੀਟਿੰਗ ਕੀਤੀ। ਕਰੀਬ ਦੋ ਘੰਟੇ ਤੱਕ ਚੱਲੀ ਮੀਟਿੰਗ ਦੌਰਾਨ ਸਿੱਧੂ ਦੀਆਂ ਮਿੰਨਤਾਂ ਕੀਤੀਆਂ ਗਈਆਂ। ਮੀਟਿੰਗ ਲੰਮੀ ਖਿੱਚੀ ਜਾਣ ਕਰਕੇ ਰਾਹੁਲ ਗਾਂਧੀ ਬਾਅਦ ਦੁਪਹਿਰ 2 ਵਜੇ ਲਈ ਤਜਵੀਜ਼ਤ ਰੈਲੀ ਵਿੱਚ ਦੋ ਘੰਟੇ ਦੀ ਦੇਰੀ ਨਾਲ ਪੁੱਜੇ। ਇਸ ਤੋਂ ਪਹਿਲਾਂ ਦੁਪਹਿਰ 12 ਵਜੇ ਦੇ ਕਰੀਬ ਹਲਵਾਰਾ ਏਅਰਪੋਰਟ ’ਤੇ ਪੁੱਜੇ ਰਾਹੁਲ ਗਾਂਧੀ ਨੂੰ ਸੁਨੀਲ ਜਾਖੜ ਖੁਦ ਕਾਰ ਡਰਾਈਵ ਕਰ ਕੇ ਹੋਟਲ ਲੈ ਕੇ ਪੁੱਜੇ। ਕਾਰ ਵਿੱਚ ਉਨ੍ਹਾਂ ਨਾਲ ਨਵਜੋਤ ਸਿੰਘ ਸਿੱਧੂ ਤੇ ਹੋਰ ਆਗੂ ਮੌਜੂਦ ਸਨ। ਸੂਤਰਾਂ ਮੁਤਾਬਕ ਮੀਟਿੰਗ ਇਸ ਫ਼ੈਸਲੇ ਨਾਲ ਮੁੱਕੀ ਕਿ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਜਾਵੇਗਾ ਤੇ ਨਵਜੋਤ ਸਿੱਧੂ ਦੇ ਪੰਜਾਬ ਮਾਡਲ ’ਤੇ ਕਾਂਗਰਸ ਆਪਣੀ ਮੋਹਰ ਲਗਾਏਗੀ ਤੇ ਇਸ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਜਾਏਗਾ। ਇਸ ਦੌਰਾਨ ਇਹ ਫੈਸਲਾ ਵੀ ਹੋਇਆ ਕਿ ਅਹਿਮ ਫੈਸਲਿਆਂ ਵਿੱਚ ਸਿੱਧੂ ਸ਼ਾਮਲ ਹੋਣਗੇ।

ਪੰਜਾਬ ਮੇਰੇ ਦਿਲ ਿਵੱਚ ਵੱਸਦੈ: ਸਿੱਧੂ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਦੀ ਕੋਈ ਲਾਲਸਾ ਨਹੀਂ ਹੈ। ਪੰਜਾਬ ਉਨ੍ਹਾਂ ਦੇ ਦਿਲ ’ਚ ਵਸਦਾ ਹੈ ਤੇ ਉਹ ਪੰਜਾਬ ਦੇ ਹਿੱਤਾਂ ਲਈ ਲੜਦੇ ਰਹਿਣਗੇ। ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਰਾਹੁਲ ਗਾਂਧੀ ਨੂੰ ਇਥੋਂ ਤੱਕ ਆਖ ਦਿੱਤਾ ਕਿ ਉਨ੍ਹਾਂ ਨੂੰ ‘ਦਰਸ਼ਨੀ ਘੋੜਾ’ ਨਾ ਬਣਾਓ ਤੇ ਉਹ ਅਰਬੀ ਘੋੜੇ ਹਨ। ਸਿੱਧੂ ਨੇ ਕਿਹਾ ਕਿ ਉਹ ਪੰਜਾਬ ਲਈ ਰੱਖੀ ਜਾ ਰਹੀ ਨੀਂਹ ਦਾ ਪਹਿਲਾ ਪੱਥਰ ਬਣਨ ਨੂੰ ਤਿਆਰ ਹਨ। ਉਨ੍ਹਾਂ ਕਿਹਾ, ‘‘ਮੈਂ ਕਦੇ ਕਿਸੇ ਤੋਂ ਕੁਝ ਨਹੀਂ ਮੰਗਿਆ। ਪਰ ਜੇਕਰ ਮੈਨੂੰ ਫੈਸਲੇ ਲੈਣ ਦੀ ਤਾਕਤ ਮਿਲੀ ਤਾਂ ਪੰਜਾਬ ’ਚੋਂ ਮਾਫ਼ੀਆ ਖਤਮ ਕਰ ਦੇਵਾਂਗਾ।’’ ਉਨ੍ਹਾਂ ਕਿਹਾ ਕਿ ਉਹ ਚੰਨੀ ਦਾ ਪੂਰਾ ਸਾਥ ਦੇਣਗੇ। ਸਿੱਧੂ ਨੇ ਕਾਂਗਰਸ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ 13 ਸਾਲ ਤੱਕ ਭਾਜਪਾ ’ਚ ਰਹੇ, ਪਰ ਉਨ੍ਹਾਂ ਤੋਂ ਸਿਰਫ਼ ਪ੍ਰਚਾਰ ਕਰਵਾਇਆ ਗਿਆ। ਕਾਂਗਰਸ ਨੇ ਸਿਰਫ਼ 4 ਸਾਲ ’ਚ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਸਿੱਧੂ ਨੇ ਤਕਰੀਰ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਉਨ੍ਹਾਂ ਖਿਲਾਫ਼ ਚੋਣ ਲੜ ਰਹੇ ਬਿਕਰਮ ਸਿੰਘ ਮਜੀਠੀਆ ਨੂੰ ਵੀ ਖੂਬ ਰਗੜੇ ਲਾਏ। ਸਿੱਧੂ ਨੇ ਚਿਤਾਵਨੀ ਭਰੇ ਅੰਦਾਜ਼ ਵਿੱਚ ਕਿਹਾ ਕਿ ਜੇਕਰ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਤਾਂ ਕਿਸੇ ਵੀ ਵਿਧਾਇਕ ਜਾਂ ਉਸ ਦੇ ਪੁੱਤਰ ਨੂੰ ਬੋਰਡ ਤੇ ਕਾਰਪੋਰੇਸ਼ਨ ਦਾ ਚੇਅਰਮੈਨ ਨਹੀਂ ਬਣਨ ਦੇਣਗੇ। ਚੇਅਰਮੈਨ ਹੁਣ ਸਿਰਫ਼ ਵਰਕਰ ਹੀ ਹੋਣਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਵਿਡ ਟੀਕਾਕਰਣ ਕਰਵਾਉਣ ਨਾਲ ਕੋਵਿਡ ਹੋਣ ਦਾ ਖਤਰਾ ਕਾਫੀ ਘੱਟ ਜਾਂਦਾ ਹੈ – ਐੱਸ.ਐੱਮ.ਓ
Next articleਖ਼ਾਮੋਸ਼ ਹੋ ਗਈ ਸੁਰਾਂ ਦੀ ਮਲਿਕਾ