ਲੰਡਨ (ਸਮਾਜ ਵੀਕਲੀ): ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਹਸਪਤਾਲ ਵਿੱਚ ਇੱਕ ਰਾਤ ਬਿਤਾਉਣ ਮਗਰੋਂ ਸਿਹਤਯਾਬ ਹੋ ਕੇ ਆਪਣੀ ਰਿਹਾਇਸ਼ ਵਿੰਡਸਰ ਮਹਿਲ ਵਾਪਸ ਆ ਗਈ ਹੈ। ਇਹ ਜਾਣਕਾਰੀ ਬਕਿੰਘਮ ਪੈਲੇਸ ਵੱਲੋਂ ਦਿੱਤੀ ਗਈ ਹੈ। ਪੈਲੇਸ ਨੇ ਦੱਸਿਆ ਹੈ ਕਿ 95 ਸਾਲਾ ਮਹਾਰਾਣੀ ਨੇ ਮੱਧ ਲੰਡਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੁੱਧਵਾਰ ਦੀ ਰਾਤ ਬਿਤਾਈ ਅਤੇ ਵੀਰਵਾਰ ਦੁਪਹਿਰ ਨੂੰ ਠੀਕ ਹੋ ਕੇ ਪਰਤ ਆਈ ਹੈ।
ਤਾਜ਼ਾ ਜਾਣਕਾਰੀ ਉਸ ਸਮੇਂ ਆਈ ਜਦੋਂ ਮਹਾਰਾਣੀ ਨੇ ਕੁਝ ਦਿਨਾਂ ਲਈ ਆਰਾਮ ਕਰਨ ਦੀ ਡਾਕਟਰੀ ਸਲਾਹ ਮੰਨਦਿਆਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਉੱਤਰੀ ਆਇਰਲੈਂਡ ਦੀ ਯੋਜਨਾਬੱਧ ਯਾਤਰਾ ਰੱਦ ਕਰ ਦਿੱਤੀ। ਬੀਬੀਸੀ ਅਨੁਸਾਰ ਮਹਾਰਾਣੀ ਕਾਰ ਰਾਹੀਂ ਵਿੰਡਸਰ ਤੋਂ ਲਗਭਗ 32 ਕਿਲੋਮੀਟਰ ਦੂਰ ਮੈਰੀਲੇਬੋਨ ਦੇ ਕਿੰਗ ਐਡਵਰਡ ਸੱਤਵੇਂ ਦੇ ਹਸਪਤਾਲ ਵਿੱਚ ਗਈ, ਜਿੱਥੇ ਉਨ੍ਹਾਂ ਨੂੰ ਮਾਹਿਰਾਂ ਨੇ ਵੇਖਿਆ। ਉਸਦੇ ਦਾਖਲੇ ਨੂੰ ਕਰੋਨਾਵਾਇਰਸ ਨਾਲ ਨਹੀਂ ਜੋੜਿਆ ਗਿਆ। 2013 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਮਹਾਰਾਣੀ ਨੂੰ ਹਸਪਤਾਲ ’ਚ ਰਹਿਣਾ ਪਿਆ ਹੋਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly