ਕਪੂਰਥਲਾ,28 ਅਗਸਤ ( ਕੌੜਾ )– ਮੁੱਖ ਮੰਤਰੀ ਰਾਜਪਾਲ ਵਿਵਾਦ ‘ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬੀ.ਐਲ.ਪੁਰੋਹਿਤ ਵਿਚਾਲੇ ਚੱਲ ਰਹੀ ਜੰਗ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀ ਐਮ ਭਗਵੰਤ ਪੰਜਾਬ ਦੇ ਸੰਵੇਦਲਸ਼ੀਲ ਮੁੱਦਿਆਂ ਨੂੰ ਭਟਕਾਉਣ ਲਈ ਸਿਰਫ ਤੇ ਰਾਜਪਾਲ ਨਾਲ ਵਿਵਾਦ ਨੂੰ ਵਧਾਵਾ ਦੇ ਰਹੇ ਹਨ।ਖੋਜੇਵਾਲ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਨੂੰ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੀਆਂ ਚਿੱਠੀਆਂ ਦਾ ਜਵਾਬ ਦੇਣਾ ਚਾਹੀਦਾ ਹੈ।ਇਸ ਨੂੰ ਸਿਰਫ ਸੂਬੇ ਦਾ ਵਿਸ਼ਾ ਕਹਿ ਕੇ ਜਾਂ ਅੜੀਅਲ ਰਵਈਆ ਆਪਣਾ ਕੇ ਮਾਮਲੇ ਨੂੰ ਘੁੰਮਾਉਣ ਦੀ ਕੋਸ਼ਿਸ਼ ਨਾ ਕਰੋ।ਮਾਨ ਸਰਕਾਰ ਕੋਲ ਰਾਜਪਾਲ ਦੀ ਸੰਵਿਧਾਨਕ ਨਿਯੁਕਤੀ ਤੇ ਸਵਾਲ ਉਠਾਉਣ ਦਾ ਕੋਈ ਕਾਰਨ ਜਾਂ ਤਰਕ ਨਹੀਂ ਹੈ।ਖੋਜੇਵਾਲ ਨੇ ਕਿਹਾ ਕਿ ਅਨਾੜੀ ਤੇ ਅੜੀਅਲ ਰਵਈਆ ਨਾ ਹੀ ਸਮਾਜ ਲਈ ਚੰਗਾ ਹੈ ਤੇ ਨਾ ਹੀ ਪਰਿਵਾਰ ਲਈ ਚੰਗਾ ਹੈ।ਨਸ਼ਾ ਅਤੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਦਾ ਵਾਅਦਾ ਕਰਕੇ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਆਪਣੀ ਕਿਸਮਤ ਦੀ ਵਾਗਡੋਰ ਦਿੱਤੀ ਸੀ ਪਰ ਅਫਸੋਸ ਦੀ ਗੱਲ ਹੈ ਕਿ ਨਸ਼ੇ ਦੇ ਸਬੰਧ ਵਿੱਚ ਲੋਕਾਂ ਨੇ ਆਪ ਮੁਹਾਰੇ ਇਕ ਲਹਿਰ ਖੜ੍ਹੀ ਕੀਤੀ ਪਰ ਸਰਕਾਰ ਨੇ ਡੇਢ ਸਾਲ ਵਿੱਚ ਪੂਣੀ ਵੀ ਨਹੀਂ ਕੱਤੀ ਸਗੋਂ ਨਸ਼ਾ ਦੁੱਗਣੀ ਰਫ਼ਤਾਰ ਨਾਲ ਵਧ ਗਿਆ।ਖੋਜੇਵਾਲ ਨੇ ਕਿਹਾ ਕਿ ਸੀਐਮ ਮਾਨ ਦੀ ਪੰਜਾਬ ਦੇ ਲੋਕਾਂ ਪ੍ਰਤੀ ਜਵਾਬਦੇਹੀ ਹੈ। ਪਰ ਰਾਜਪਾਲ ਵੱਲੋਂ ਉਠਾਏ ਗਏ ਮੁੱਦਿਆਂ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ,ਕਿਉਂਕਿ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਰਾਜਪਾਲ ਵੱਲੋਂ ਮੁੱਦੇ ਉਠਾਏ ਗਏ ਹਨ।ਇੱਥੋਂ ਤੱਕ ਕਿ ਖੋਜੇਵਾਲ ਨੇ ਵੀ ਆਪ ਨੂੰ ਸਲਾਹ ਦਿੱਤੀ। ਉਨ੍ਹਾਂ ਪੰਜਾਬ ਦੀ ‘ਆਪ ਸਰਕਾਰ ਨੂੰ ਦਿੱਲੀ ਦੀ ਤਰਜ਼ ਤੇ ਰਾਜਪਾਲ ਜਾਂ ਕੇਂਦਰ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਣ ਦੀ ਸਲਾਹ ਦਿੱਤੀ।ਖੋਜੇਵਾਲ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਇਸ ਕਦਰ ਭਰਮਾ ਲਿਆ ਕਿ ਸਰਕਾਰ ਬਣਦੇ ਸਾਰ ਤੁਹਾਡੀ ਜ਼ਿੰਦਗੀ ਨੂੰ ਚਾਰ ਚੰਨ ਲੱਗ ਜਾਣਗੇ।ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਸਕੁੂਲਾਂ ਅਤੇ ਹਸਪਤਾਲਾਂ ਰਾਹੀਂ ਬਿਹਤਰ ਸੇਵਾਵਾਂ ਦੇਣ ਦੀ ਗੱਲ ਕੀਤੀ ਸੀ।ਲੋਕਾਂ ਨੂੰ ਲੱਗਿਆ ਕਿ ਸ਼ਾਇਦ ਸੰਭਵ ਹੋਵੇਗਾ। ਪਰ ਹੋਇਆ ਕੁਝ ਵੀ ਨਹੀਂ।ਉਨ੍ਹਾਂ ਕਿਹਾ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਸੁਰੱਖਿਆ ਦੇ ਮਾਮਲੇ ਵਿਚ ਦੂਜੇ ਸੂਬਿਆਂ ਨਾਲੋਂ ਅਤਿ ਨਾਜ਼ੁਕ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ।ਪੰਜਾਬ ਦੀ ਸਰਕਾਰ ਅਜੇ ਤੱਕ ਅਮਨ ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਦੇ ਨਜ਼ਰੀਏ ਤੋਂ ਵੀ ਫੇਲ੍ਹ ਸਾਬਿਤ ਹੋਈ ਹੈ।ਅੱਤਵਾਦੀ ਕਾਰਵਾਈਆਂ ਤੇ ਗੈਗਵਾਰਾਂ ਵਿਚ ਨਾਮੀ ਬੰਦੇ ਜਾਨ ਗੁਆ ਚੁੱਕੇ ਹਨ।ਸਰਕਾਰ ਦੀ ਹੋਂਦ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਲੋਕਾਂ ਦਾ ਸਰਕਾਰ ਵਿਚ ਕਿੰਨਾ ਕੁ ਵਿਸ਼ਵਾਸ ਹੈ?ਵੱਡੀਆਂ ਗੱਲਾਂ ਕਰਕੇ ਲੋਕਾਂ ਦਾ ਵਿਸ਼ਵਾਸ ਨਹੀ ਜਿੱਤਿਆ ਜਾ ਸਕਦਾ।ਇਸ ਮੌਕੇ ਤੇ ਜ਼ਿਲ੍ਹਾ ਜਰਨਲ ਸਕੱਤਰ ਐਡਵੋਕੇਟ ਪਿਯੂਸ਼ ਮਨਚੰਦਾ,ਜ਼ਿਲ੍ਹਾ ਉਪ ਪ੍ਰਧਾਨ ਕਪੂਰ ਚੰਦ ਥਾਪਰ,ਜ਼ਿਲ੍ਹਾ ਉਪ ਪ੍ਰਧਾਨ ਧਰਮਪਾਲ ਮਹਾਜਨ,ਯੂਥ ਬੀਜੇਪੀ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਰਾਕੇਸ਼ ਗੁਪਤਾ,ਲੱਕੀ ਸਰਪੰਚ,ਸੰਦੀਪ ਥਿੰਦ ਮੁਸ਼ਕਵੇਦ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly