ਚੰਡੀਗੜ੍ਹ (ਸਮਾਜ ਵੀਕਲੀ): ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਲਈ ਤਿਆਰੀ ਖਿੱਚ ਲਈ ਹੈ ਤੇ ਐਲਾਨ ਪੂਰੇ ਸਿਆਸੀ ਜਲੌਅ ਤੇ ਢੋਲ-ਢਮੱਕੇ ਨਾਲ ਕੀਤਾ ਜਾਵੇਗਾ| ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਕਿ ਪਾਰਟੀ ਵੱਲੋਂ ਆਗੂਆਂ ਅਤੇ ਵਰਕਰਾਂ ਤੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਫੀਡਬੈਕ ਲੈ ਲਈ ਗਈ ਹੈ ਅਤੇ 6 ਫਰਵਰੀ ਨੂੰ ਪਾਰਟੀ ਅਹਿਮ ਐਲਾਨ ਕਰੇਗੀ| ਸਿਆਸੀ ਹਲਕੇ ਆਖਦੇ ਹਨ ਕਿ ਕਾਂਗਰਸ ਪਾਰਟੀ ਵੱਲੋਂ ਚਰਨਜੀਤ ਚੰਨੀ ਨੂੰ ਚਿਹਰਾ ਐਲਾਨੇ ਜਾਣ ਦਾ ਮਨ ਬਣਾ ਲਿਆ ਗਿਆ ਹੈ| ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਕਾਂਗਰਸ ਆਪਣੇ ਪੱਖ ’ਚ ਸਿਆਸੀ ਲਹਿਰ ਖੜ੍ਹੀ ਕਰਨ ਵਿਚ ਜੁੱਟ ਗਈ ਹੈ| ਚੌਧਰੀ ਨੇ ਅੱਜ ਇੱਥੇ ਰਸਮੀ ਤੌਰ ’ਤੇ ਦੱਸਿਆ ਕਿ ਰਾਹੁਲ ਗਾਂਧੀ 6 ਫਰਵਰੀ ਨੂੰ ਲੁਧਿਆਣਾ ਵਿਚ ਦੋ ਵਜੇ ਮੁੱਖ ਮੰਤਰੀ ਦੇ ਚਿਹਰੇ ਦਾ ਵਰਚੁਅਲ ਰੈਲੀ ਵਿਚ ਐਲਾਨ ਕਰਨਗੇ|
ਕਾਂਗਰਸ ਪਾਰਟੀ ਵੱਲੋਂ ਸਿਆਸੀ ਪ੍ਰਭਾਵ ਛੱਡਣ ਲਈ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿਚ ਵੱਡੀਆਂ ਸਕਰੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿੱਥੇ ਹਰ ਹਲਕੇ ਵਿਚ ਇੱਕ-ਇੱਕ ਹਜ਼ਾਰ ਵਰਕਰਾਂ ਦਾ ਇਕੱਠ ਕੀਤਾ ਜਾਣਾ ਹੈ| ਪਾਰਟੀ ਦੇ ਉਮੀਦਵਾਰ ਆਪੋ-ਆਪਣੇ ਹਲਕੇ ਵਿਚ ਵਰਕਰਾਂ ਨਾਲ ਇੱਕ ਥਾਂ ਮੌਜੂਦ ਰਹਿਣਗੇ ਜਿੱਥੇ ਸਕਰੀਨ ਲੱਗਣੀ ਹੈ| ਸਮੁੱਚੇ ਪੰਜਾਬ ਵਿਚ 1.17 ਲੱਖ ਵਰਕਰਾਂ ਦਾ ਇਕੱਠ ਕੀਤਾ ਜਾ ਰਿਹਾ ਹੈ| ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਮਗਰੋਂ ਸੂਬੇ ਦੇ ਸਿਆਸੀ ਰੁਖ਼ ਵਿਚ ਬਦਲਾਅ ਆਇਆ ਸੀ। ਉਸੇ ਤਰਜ਼ ’ਤੇ ਹੁਣ ਕਾਂਗਰਸ ਵੀ ਚਿਹਰਾ ਐਲਾਨਣ ਮਗਰੋਂ ਆਪਣੇ ਪੱਖ ਵਿਚ ਮਾਹੌਲ ਸਿਰਜਣਾ ਚਾਹੁੰਦੀ ਹੈ| ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਪਹਿਲਾਂ ਅੰਦਰੋਂ-ਅੰਦਰੀਂ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਰਮਿਆਨ ਇੱਕ ਦੌੜ ਲੱਗ ਗਈ ਹੈ| ਚਿਹਰਾ ਐਲਾਨੇ ਜਾਣ ਤੋਂ ਐਨ ਪਹਿਲਾ ਕਾਂਗਰਸ ਅੰਦਰ ਸਿਆਸੀ ਮਾਹੌਲ ਭਖ਼ ਗਿਆ ਹੈ|
ਪਾਰਟੀ ਜਿਸ ਨੂੰ ਵੀ ਚਿਹਰਾ ਐਲਾਨੇਗੀ, ਪ੍ਰਵਾਨ ਹੋਵੇਗਾ: ਚੰਨੀ
ਮੁੱਖ ਮੰਤਰੀ ਚਰਨਜੀਤ ਚੰਨੀ ਦਾ ਪ੍ਰਤੀਕਰਮ ਹੈ ਕਿ ਉਹ ਜਲੰਧਰ ਵਿਚ ਪਹਿਲਾਂ ਹੀ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਵਚਨ ਦੇ ਚੁੱਕੇ ਹਨ ਕਿ ਜਿਸ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ, ਉਹ ਮਨਜ਼ੂਰ ਹੋਵੇਗਾ| ਨਵਜੋਤ ਸਿੱਧੂ ਨੂੰ ਚਿਹਰਾ ਐਲਾਨ ਦਿੱਤਾ ਗਿਆ ਤਾਂ ਉਨ੍ਹਾਂ ਦੀ ਜ਼ਮੀਰ ਇਜਾਜ਼ਤ ਨਹੀਂ ਦੇਵੇਗੀ ਕਿ ਉਹ ਸਿੱਧੂ ਨੂੰ ਪ੍ਰਵਾਨ ਨਾ ਕਰਨ| ਉਨ੍ਹਾਂ ਨੂੰ ਇਹ ਪ੍ਰਵਾਨ ਹੋਵੇਗਾ| ਚੰਨੀ ਨੇ ਇਹ ਵੀ ਕਿਹਾ ਕਿ 6 ਫਰਵਰੀ ਮਗਰੋਂ ਪੰਜਾਬ ਚੋਣਾਂ ਵਿਚ ਲੜਾਈ ਚਿਹਰਿਆਂ ਦੀ ਹੋਵੇਗੀ| ਉਨ੍ਹਾਂ ਇਹ ਵੀ ਕਿਹਾ ਕਿ ਅਗਰ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਂਦਾ ਹੈ ਤਾਂ ਉਨ੍ਹਾਂ ਦੀ ਲੜਾਈ ਰਜਵਾੜਾਸ਼ਾਹੀ ਨੂੰ ਖ਼ਤਮ ਕਰਨ ਦੀ ਹੋਵੇਗੀ ਅਤੇ ਆਮ ਲੋਕਾਂ ਦਾ ਰਾਜ ਕਾਇਮ ਕਰਨਾ ਹੋਵੇਗਾ।
ਉਮੀਦਵਾਰਾਂ ਨੂੰ ਹਲਕਿਆਂ ’ਚ ਢੋਲ ਵਜਾਉਣ, ਪਟਾਕੇ ਚਲਾਉਣ ਤੇ ਲੱਡੂ ਵੰਡਣ ਲਈ ਕਿਹਾ ਗਿਆ
ਕਾਂਗਰਸ ਵੱਲੋਂ ਉਮੀਦਵਾਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਜਿਉਂ ਹੀ ਰਾਹੁਲ ਗਾਂਧੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ, ਉਸੇ ਵੇਲੇ ਹਰ ਹਲਕੇ ਵਿਚ ਢੋਲ ਵਜਾਏ ਜਾਣ ਅਤੇ ਪਟਾਕੇ ਚਲਾਏ ਜਾਣ| ਉਮੀਦਵਾਰਾਂ ਨੂੰ ਸਕਰੀਨ ਵਾਲੀ ਜਗ੍ਹਾ ’ਤੇ ਲੱਡੂਆਂ ਦਾ ਪ੍ਰਬੰਧ ਕਰਨ ਵਾਸਤੇ ਵੀ ਕਿਹਾ ਗਿਆ ਹੈ| ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਹੋਣ ਮਗਰੋਂ ਹੀ ਚਿਹਰੇ ਨੂੰ ਉਭਾਰਨ ਲਈ ਵੱਡੀ ਗਿਣਤੀ ਵਿਚ ਹਰ ਹਲਕੇ ਵਿਚ ਫਲੈਕਸਾਂ ਲਾਈਆਂ ਜਾਣਗੀਆਂ| ਰਾਹੁਲ ਗਾਂਧੀ ਵੱਲੋਂ ਜਿਸ ਨੂੰ ਵੀ ਚਿਹਰਾ ਐਲਾਨਿਆ ਜਾਵੇਗਾ, ਉਸ ’ਤੇ ਇੱਕ ਵਿਸ਼ੇਸ਼ ਗੀਤ ਵੀ ਤਿਆਰ ਕੀਤਾ ਜਾਣਾ ਹੈ| ਸੋਸ਼ਲ ਮੀਡੀਆ ’ਤੇ ਵੀ ਇੱਕ ਮੁਹਿੰਮ ਨਾਲ ਹੀ ਸ਼ੁਰੂ ਕੀਤੀ ਜਾਵੇਗੀ|
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly