ਸਮਾਜ ਵੀਕਲੀ ਯੂ ਕੇ
“‘ਨੀ ਸੁਖਜੀਤ ਕੌਰ! ਮੈਨੂੰ ਤੇਰੀ ਆਹ ਗੱਲ ਬਹੁਤ ਮਾੜੀ ਲੱਗਦੀ… ਜਿਹੜਾ ਤੂੰ ਸਾਰਾ ਦਿਨ ਨੂੰਹ ਦੇ ਮਗਰ ਮਗਰ ਤੁਰੀ ਫਿਰਦੀ ਰਹਿੰਦੀ ਏ। ਉਸ ਦਾ ਸਾਰਾ ਕਿਹਾ ਮੰਨਦੀ ਏ । ਨੂੰਹ ਪੁੱਤਰ ਨੂੰ ਘੁੰਮਣ ਤੋਰੀ ਰੱਖਦੀ ਏ ਤੇ ਆਪ ਤੂੰ ਘਰੇ ਕੰਮ ਕਰਦੀ ਏ। ਤੇਰੀ ਨੂੰਹ ਤੈਨੂੰ ਨੌਕਰ ਤੋਂ ਵੱਧ ਕੁਝ ਨਹੀਂ ਸਮਝੂਗੀ ਤੇ ਤੈਨੂੰ ਨੌਕਰ ਹੀ ਬਣਾ ਕੇ ਰੱਖੂਗੀ। ਦੇਖ ਲਈ ਮੇਰੀ ਗੱਲ ਜੇ ਸੱਚੀ ਸਾਬਤ ਨਾ ਹੋਈ ਤਾਂ ….।”
“ਮੇਰੇ ਵੱਲ ਦੇਖ… ਪੂਰਾ ਰੋਹਬ ਪਾ ਕੇ ਰੱਖਦੀ ਆਂ ਨੂੰਹ ਤੇ। ਸਾਰਾ ਸਾਰਾ ਦਿਨ ਉਹ ਘਰੇ ਕੰਮ ਕਰਦੀ ਆ ਤੇ ਮੈਂ ਆਰਾਮ…ਤੇ ਮੌਜਾਂ ਕਰਦੀ ਆਂ…… ਮੈਂ ਤੇ ਭੋਰਾ ਵੀ ਕੁਸਕਨ ਨਹੀਂ ਦਿੰਦੀ ਉਹਨੂੰ। ਇਹ ਇਦਾਂ ਹੀ ਸੂਤ ਆਉਂਦੀਆਂ ਤੇ ਇਦਾਂ ਹੀ ਸੇਵਾ ਕਰਦੀਆਂ।’ ਰਣਜੀਤ ਕੌਰ ਬੋਲੀ ।
“ਚੱਲ ਕੋਈ ਗੱਲ ਨੀ , ਇਹ ਵੀ ਤੇ ਆਪਣੀ ਹੀ ਧੀ। ਕੀ ਹੋਇਆ ਜੇ ਨੂੰਹ ਬਣ ਕੇ ਆ ਗਈ… ਵਿਆਹ ਤੋਂ ਬਾਅਦ ਮੌਜ ਮਸਤੀ ਵੀ ਤੇ ਕਰਨੀ ਹੁੰਦੀ ਬੱਚਿਆਂ ਨੇ…ਚਲ ਕਰ ਲੈਣ ਮੌਜ ਮਸਤੀ.. ਮੇਰਾ ਕੀ ਆ…ਕੰਮ ਤਾਂ ਅੱਗੇ ਵੀ ਕਰਦੀ ਸੀ…ਹੁਣ ਵੀ ਕਰੀ ਜਾਨੀ ਆ…ਹੌਲੀ ਹੌਲੀ ਇਹ ਆਪੇ ਹੀ ਜਿੰਮੇਵਾਰੀ ਸੰਭਾਲ ਲਊਗੀ।”
“ਸਵਾਹ ਸੰਭਾਲਣਾ….।” ਤੇ ਰਣਜੀਤ ਕੌਰ ਬੁੜਬੁੜ ਕਰਦੀ ਆਪਣੇ ਘਰ ਵੱਲ ਹੋ ਤੁਰਦੀ।
ਵਕਤ ਬੀਤਦਿਆਂ ਦੇਰ ਨਾ ਲੱਗੀ । ਆਉਦਿਆਂ ਹੀ ਸੋਹਰੇ ਘਰੋਂ ਰੱਜਵਾਂ ਪਿਆਰ ਮਿਲਣ ਕਾਰਨ ਸੁਖਜੀਤ ਦੀ ਨੂੰਹ ਵੀ ਉਸ ਨੂੰ ਅਥਾਹ ਪਿਆਰ ਕਰਨ ਲੱਗੀ। ਦੋਵੇਂ ਕਿਧਰੇ ਜਾਂਦੀਆਂ ਤਾਂ ਲੋਕ ਉਨ੍ਹਾਂ ਨੂੰ ਮਾਵਾਂ ਧੀਆਂ ਹੀ ਸਮਝਦੇ।
ਤੇ ਉਧਰ ਜਦੋਂ ਰਣਜੀਤ ਕੌਰ ਦੇ ਹੱਡ ਪੈਰ ਜਵਾਬ ਦੇਣ ਲੱਗੇ ਤਾਂ ਹੌਲੀ ਹੌਲੀ ਰਣਜੀਤ ਕੌਰ ਆਪਣੀ ਨੂੰਹ ਦੇ ਦਬਾਅ ਹੇਠ ਆ ਗਈ ।
ਹੁਣ ਜਦ ਵੀ ਉਹ ਸੁਖਜੀਤ ਕੌਰ ਨੂੰ ਮਿਲਦੀ ਤਾਂ ਉਸ ਨੂੰ ਕਹਿੰਦੀ, ” ਤੈਨੂੰ ਨੂੰਹ ਚੰਗੀ ਮਿਲੀ ਜੋ ਤੇਰਾ ਏਨਾ ਕਰਦੀ ਤੇ ਮੈਨੂੰ ਰੱਜ ਕਿ ਮਾੜੀ।”
ਸੁਖਜੀਤ ਹੱਸਦੀ ਹੋਈ ਕਹਿੰਦੀ, “ਨਾ ਨਾ ਭੈਣ…ਇਹ ਤਾਂ ਤੇਰੀ ਸੋਚ ਆ.. ਪਰ ਮੇਰੇ ਅਨੁਸਾਰ ਤਾਂ ਆਪਾਂ ਦੋਵਾਂ ਦੀਆਂ ਨੀਤਾਂ ਨੂੰ ਹੀ ਮੁਰਾਦਾਂ ਪਈਆਂ ਨੇ ਬਸ।”