“ਮਜ਼ਦੂਰ ਵਰਗ ਦੀ ਮੌਜੂਦਾ ਸਥਿਤੀ ਅਤੇ ਮਈ ਦਿਵਸ”

  (ਸਮਾਜ ਵੀਕਲੀ)-ਅੱਜ ਭਾਰਤ ਹੀ ਨਹੀਂ ਬਲਕਿ ਪੂਰੀ ਦੁਨਿਆਂ ਮਜ਼ਦੂਰ ਦਿਵਸ ਮਨਾ ਰਹੀ ਹੈ। ਜਦੋਂ ਅਮਰੀਕਾ ਵਿਚ 1 ਮਈ 1886 ਨੂੰ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਹੜਤਾਲ ਕੀਤੀ ਤਾਂ ਇਸ ਹੜਤਾਲ ਨੂੰ ਕੁਚਲਣ ਵਾਸਤੇ ਸਾਜ਼ਿਸ਼ ਤਹਿਤ ਸ਼ਿਕਾਗੋ ਵਿਚ ਇਕ ਬੰਬ ਧਮਾਕਾ ਕਰਵਾਇਆ ਗਿਆ ਅਤੇ ਪੁਲਿਸ ਵੱਲੋਂ ਮਜ਼ਦੂਰਾਂ ‘ਤੇ ਗੋਲ਼ੀਆਂ ਚਲਾਈਆਂ ਗਈਆਂ ਜਿਸ ਕਾਰਨ ਕਈ ਮਜ਼ਦੂਰ ਮਾਰੇ ਗਏ, ਜਿਨ੍ਹਾਂ ਦੀ ਯਾਦ ਵਿਚ ਸ਼ਿਕਾਗੋ ਵਿਚ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਣ ਲੱਗਿਆਂ। ਇਸ ਤੋਂ ਬਾਅਦ ਭਾਵੇਂ ਭਾਰਤ ਸਮੇਤ ਦੁਨੀਆ ਦੇ ਤਕਰੀਬਨ 85 ਮੁਲਕਾਂ ਨੇ 1 ਮਈ ਨੂੰ ਛੁੱਟੀ ਕਰ ਕੇ ਮਜ਼ਦੂਰ ਦਿਵਸ ਵਜੋਂ ਮਨਾਉਣਾ ਸ਼ੁਰੂ ਤਾਂ ਕਰ ਦਿੱਤਾ ਪਰ ਇਸ ਨੂੰ ਮਨਾਉਣ ਦਾ ਮਜ਼ਦੂਰ ਵਰਗ ਨੂੰ ਕਿਨ੍ਹਾਂ ਕੁ ਫ਼ਾਇਦਾ ਹੋਇਆ ਇਸ ਦੀ ਮਿਸਾਲ ਭਾਰਤ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਕਿਸੇ ਮਜ਼ਦੂਰ ਦੇ ਘਰ ਜਾ ਕੇ ਦੇਖੀ ਜਾ ਸਕਦੀ ਹੈ ਭਾਰਤੀ ਮਜ਼ਦੂਰ ਜਮਾਤ ਦੀ ਹਾਲਤ ਕਿਸੇ ਤੋਂ ਛਿਪੀ ਨਹੀਂ ਇਥੇ ਕੇਂਦਰ ਸਰਕਾਰ ਜਾਂ ਸੂਬਾ ਸਰਕਾਰਾਂ ਮਜ਼ਦੂਰਾਂ ਵਾਸਤੇ ਕਈ ਸਕੀਮਾਂ ਤਾਂ ਚਲਾ ਦਿੰਦਿਆਂ ਹਨ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ ਕਿਉਂ ਕਿ ਮਹਿੰਗਾਈ ਤੇ ਬੇਰੁਜ਼ਗਾਰੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਅੱਜ ਹਰ ਮਜ਼ਦੂਰ ਅਤੇ ਉਸ ਦਾ ਪਰਿਵਾਰ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ।
ਸਭ ਤੋਂ ਪਹਿਲਾਂ ਮਜ਼ਦੂਰ ਨੂੰ ਆਪਣੀ ਦਿਹਾੜੀ ਵਾਸਤੇ ਜਦੋਂ ਜਹਿਦ ਕਰਨੀ ਪੈਂਦੀ ਹੈ, ਉਹ ਸਵੇਰੇ ਹੀ ਲੇਬਰ ਚੌਕ ‘ਤੇ ਚਲਾ ਜਾਂਦਾ ਹੈ ਅਤੇ ਬਹੁਤ ਵਾਰੀ ਉਸ ਨੂੰ ਬਿਨਾਂ ਕੰਮ ਤੋਂ ਹੀ ਘਰ ਵਾਪਸ ਪਰਤਣਾ ਪੈਦਾ ਹੈ ਕਿਉਂ ਕਿ ਸਰਕਾਰਾਂ ਵੱਲੋਂ ਮਜ਼ਦੂਰਾਂ ਵਾਸਤੇ ਕੰਮ ਦੀ ਗਰੰਟੀ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਜੇਕਰ ਉਸ ਦੀ ਦਿਹਾੜੀ ਲੱਗ ਵੀ ਜਾਂਦੀ ਹੈ ਤਾਂ ਮਹਿੰਗਾਈ ਦਾ ਆਲਮ ਇਹ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿਹਤ ਸਹੂਲਤਾਂ ਤੇ ਸਿੱਖਿਆ ਤਾਂ ਕੀ, ਭਰ ਪੇਟ ਰੋਟੀ ਵੀ ਨਹੀਂ ਦੇ ਸਕਦਾ। ਉਸ ਦੇ ਬੱਚਿਆਂ ਨੂੰ ਵੀ ਮਜਬੂਰਨ ਦਿਹਾੜੀ/ ਮਜ਼ਦੂਰੀ ਕਰਨ ਵਾਸਤੇ ਉਨ੍ਹਾਂ ਦੇ ਨਾਲ ਜਾਣਾ ਪੈਂਦਾ ਹੈ ਅਤੇ ਇਨ੍ਹਾਂ ਦੀਆਂ ਕਈ ਪੀੜੀਆਂ ਦਰ ਪੀੜੀਆਂ ਮਜ਼ਦੂਰੀ ਕਰਨ ਲਈ ਲੇਬਰ ਚੌਕਾਂ ‘ਤੇ ਖੜੀਆਂ ਨਜ਼ਰ ਆਉਂਦੀਆਂ ਹਨ। ਇਹੀ ਹਾਲ ਪੰਜਾਬ ਦੇ ਪਿੰਡਾ ਵਿੱਚ ਬੇਜ਼ਮੀਨੇ ਮਜ਼ਦੂਰ ਵਰਗ ਦਾ ਹੈ ਜਿਨ੍ਹਾਂ ਦੀ ਸਦੀਆਂ ਤੋਂ ਪੀੜੀ ਦਰ ਪੀੜੀ ਮਜ਼ਦੂਰੀ ਕਰਦੀਆਂ ਆ ਰਹੀਆਂ ਹਨ। ਗਰੀਬੀ ਕਾਰਨ ਇਨ੍ਹਾਂ ਦੇ ਬੱਚਿਆਂ ਦਾ ਚੰਗੀ ਸਿੱਖਿਆ ਲੈਕੇ ਉਚ ਅਹੁਦਿਆਂ ਤੇ ਪਹੁੰਚਣਾ ਸੌਖਾ ਹੀ ਨਹੀਂ ਬਲਕਿ ਨਾਮੁਮਕਿਨ ਹੁੰਦਾ ਜਾ ਰਿਹਾ ਹੈ। ਇਕ ਕਵੀ ਦੀਆਂ ਇਹ ਸਤਰਾਂ ਮਜ਼ਦੂਰਾਂ ਦੀ ਤਰਾਸਦੀ ਬਿਆਨ ਦੀਆਂ ਹਨ;-
“ਔਰ ਤੋ ਮੁਝਕੋ ਮਿਲਾ ਹੈ ਕਿਆ ਮੇਰੀ ਮਿਹਨਤ ਕਾ ਸਿਲ੍ਹਾ,
ਚੰਦ ਸਿੱਕੇ ਹੈਂ ਮੇਰੇ ਹਾਥ ਮੇਂ ਛਾਲੋਂ ਕੀ ਤ੍ਰਹ।
ਕਿਸੇ ਦੇਸ਼ ਦਾ ਵਿਕਾਸ ਮਜ਼ਦੂਰ ਵਰਗ ਤੋਂ ਬਿਨਾਂ ਨਾ ਮੁਮਕਿਨ ਹੈ ਮਜ਼ਦੂਰਾਂ ਨੇ ਲੋਕਾਂ ਵਾਸਤੇ ਵੱਡੇ ਵੱਡੇ ਮਕਾਨ, ਸੜਕਾਂ, ਪੁਲ ਫੈਕਟਰੀਆਂ ਅਤੇ ਇਮਾਰਤਾਂ ਬਣਾ ਕੇ ਦਿੱਤੀਆਂ ਹਨ ਪਰ ਬਹੁਤਿਆਂ ਕੋਲ ਆਪਣੇ ਰਹਿਣ ਲਈ ਛੱਤ ਨਹੀਂ ਹੈ ਅਤੇ ਜਿਨ੍ਹਾਂ ਕੋਲ ਹੈ ਵੀ ਉਹ ਵੀ ਬਰਸਾਤ ਦੇ ਦਿਨਾਂ ਵਿਚ ਚੋਣ ਵਾਲੀਆ ਕੱਚੀਆਂ ਛੱਤਾਂ ਹਨ। ਵੋਟਾਂ ਵੇਲੇ ਪਾਰਟੀਆਂ,ਸਰਕਾਰਾਂ ਅਤੇ ਨੇਤਾ ਲੋਕ ਇਹਨਾਂ ਕੋਲ ਵੱਡੇ ਵੱਡੇ ਵਾਅਦੇ ਕਰ ਕੇ ,ਸਬਜ਼ ਬਾਗ ਦਿਖਾ ਕੇ ਤਾਕਤ ਤਾਂ ਲੈ ਲੈਂਦੇ ਹਨ ਪਰ ਇਸ ਤੋਂ ਬਾਅਦ ਸ਼ਾਇਦ ਹੀ ਕਿਸੇ ਸੂਬੇ ਦੀ ਸਰਕਾਰ ਜਾਂ ਨੇਤਾ ਲੋਕ ਹੋਣਗੇ ਜਿਨਾਂ ਨੇ ਇਨਾਂ ਲੋਕਾਂ ਦੀ ਜ਼ਮੀਨੀ ਪੱਧਰ ‘ਤੇ ਹਾਲਤ ਦੇਖ ਕੇ ਅਵਾਜ਼ ਉਠਾਈ ਹੋਵੇ ਜਾਂ ਹਾਲਤ ਸੁਧਾਰਨ ਲਈ ਕੋਈ ਠੋਸ ਕਦਮ ਚੁੱਕੇ ਹੋਣ। ਗਰੀਬੀ ਅਤੇ ਆਰਥਿਕ ਤੰਗੀ ਕਾਰਨ ਕਰ ਕੇ ਇਹਨਾਂ ਦੇ ਕਈ ਪਰਿਵਾਰਕ ਮੈਂਬਰ ਬਿਨਾਂ ਇਲਾਜ ਹੀ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਹਨ। ਇਹਨਾਂ ਦੇ ਬੱਚੇ ਵੀ ਪੀੜੀ ਦਰ ਪੀੜੀ ਮਜ਼ਦੂਰੀ ਕਰਨ ਲਈ ਮਜਬੂਰ ਹਨ। ਬੇਸ਼ੱਕ 01 ਮਈ ਦਾ ਦਿਨ ਅੰਤਰਰਾਸ਼ਟਰੀ ਮਜਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਵੱਖ-ਵੱਖ ਥਾਵਾਂ ਤੇ ਮਜ਼ਦੂਰਾਂ ਦੀ ਮਾੜ੍ਹੀ ਹਾਲਤ ਤੇ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਅਤੇ ਇਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਕੀਮਾਂ ਬਣਾਈਆਂ ਜਾਂਦੀਆਂ ਹਨ। ਗੈਰ ਸੰਗਠਤ ਖੇਤਰ ਹੋਟਲਾਂ, ਢਾਬਿਆਂ, ਖੇਤੀਬਾੜੀ, ਭੱਠਿਆਂ, ਸੜ੍ਹਕ ਅਤੇ ਬਿਲਡਿੰਗ ਨਿਰਮਾਣ, ਠੇਕੇਦਾਰਾਂ ਵਲੋਂ ਕਰਵਾਏ ਜਾ ਰਹੇ ਕੰਮ ਵਿੱਚ ਲੱਗੇ ਮਜਦੂਰਾਂ ਦੀ ਭਲਾਈ ਦੇ ਨਾਂ ਤੇ ਹਰ ਸਾਲ ਕਰੋੜ੍ਹਾਂ ਰੁਪਏ ਖਰਚੇ ਜਾਂਦੇ ਹਨ। ਸਰਕਾਰ ਵਲੋਂ ਮਹਿਲਾ ਮਜਦੂਰਾਂ, ਬਾਲ ਮਜਦੂਰਾਂ ਵੱਲ ਵਿਸ਼ੇਸ਼ ਧਿਆਨ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਇਹਨਾਂ ਦੇ ਵਿਕਾਸ ਲਈ ਸਕੀਮਾਂ ਬਣਾਈਆਂ ਜਾਂਦੀਆ ਹਨ ਪਰ ਇਹ ਸਕੀਮਾਂ ਕਾਗਜ਼ਾਂ ਵਿੱਚ ਹੀ ਰਹਿ ਜਾਂਦੀਆਂ ਹਨ। ਸਰਕਾਰ ਵਲੋਂ ਕੀਤੇ ਜਾਂਦੇ ਵਾਅਦਿਆ ਦੀ ਹਵਾ ਉੱਡ ਜਾਂਦੀ ਹੈ ਅਤੇ ਪੁਰਾ ਸਾਲ ਮੁੜਕੇ ਕਿਸੇ ਰਾਜਨੀਤੀਵਾਨ ਨੂੰ ਅਤੇ ਅਧਿਕਾਰੀਆਂ ਨੂੰ ਮਜਦੂਰਾਂ ਦੀ ਯਾਦ ਨਹੀਂ ਆਂਦੀ ਹੈ। ਮਜਦੂਰਾਂ ਦੀ ਕੰਮ ਕਾਜ ਦੇ ਮਾੜੇ ਹਾਲਤਾਂ ਕਾਰਨ ਵਿਗੜਦੀ ਜਾ ਰਹੀ ਸਿਹਤ, ਮਜਦੂਰ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਹੋ ਰਹੀ ਲੁੱਟ ਖਸੁੱਟ, ਆਏ ਦਿਨ ਮਜਦੂਰਾਂ ਨਾਲ ਵਾਪਰ ਰਹੇ ਹਾਦਸੇ ਆਦਿ ਕਾਰਨ ਮਜ਼ਦੂਰਾਂ ਦੀ ਹਾਲਤ ਵਿਗੜਦੀ ਹੀ ਜਾ ਰਹੀ ਹੈ। ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪੇਂਡੂ ਮਜਦੂਰਾਂ ਲਈ ਮਹਾਤਮਾ ਗਾਂਧੀ ਰੁਜਗਾਰ ਗਰਾਂਟੀ ਯੋਜਨਾ ਮਨਰੇਗਾ ਵੀ ਅਧਿਕਾਰੀਆਂ ਅਤੇ ਰਾਜਨੀਤੀਵਾਨਾਂ ਦੀ ਮਿਲੀਭੁਗਤ ਕਾਰਨ ਮਜਦੂਰਾਂ ਨਾਲੋ ਅਧਿਕਾਰੀਆਂ ਲਈ ਵੱਧ ਲਾਭਦਾਇਕ ਸਾਬਿਤ ਹੋ ਰਹੀ ਹੈ। ਬੇਸ਼ੱਕ ਸਰਕਾਰ ਵਲੋਂ ਬਾਲ ਮਜ਼ਦੂਰਾਂ ਤੋਂ ਕਿਸੇ ਵੀ ਤਰਾਂ ਦੀ ਮਜ਼ਦੂਰੀ ਕਰਵਾਉਣਾ ਗੈਰ ਕਨੂੰਨੀ ਕਰਾਰ ਦਿਤਾ ਗਿਆ ਹੈ ਅਤੇ ਬਾਲ ਮਜ਼ਦੂਰੀ ਕਰਵਾਉਣ ਲਈ ਜਿੰਮੇਵਾਰ ਅਧਿਕਾਰੀਆਂ ਅਤੇ ਲੋਕਾਂ ਖਿਲਾਫ ਸਜ਼ਾ ਅਤੇ ਜੁਰਮਾਨਾ ਰੱਖਿਆ ਗਿਆ ਹੈ ਅਤੇ ਸਰਕਾਰ ਵਲੋਂ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਮੇ-ਸਮੇ ਤੇ ਬਾਲ ਮਜ਼ਦੂਰਾਂ ਬਾਰੇ ਵੀ ਅੰਕੜੇ ਇੱਕਠੇ ਕੀਤੇ ਜਾਂਦੇ ਹਨ ਅਤੇ ਬਾਲ ਮਜਦੂਰੀ ਰੋਕਣ ਲਈ ਨੀਤੀਆਂ ਵੀ ਬਣਾਈਆਂ ਜਾਂਦੀਆਂ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਭਾਰਤ ਦੇਸ਼ ਵਿੱਚ ਬਾਲ ਮਜ਼ਦੂਰਾਂ ਤੋਂ ਸ਼ਰੇਆਮ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਹਰ ਸ਼ਹਿਰ ਕਸਬੇ ਵਿੱਚ ਬੱਚਿਆਂ ਦਾ ਸ਼ੋਸਣ ਕੀਤਾ ਜਾ ਰਿਹਾ ਹੈ। ਹੋਟਲਾਂ, ਢਾਬਿਆਂ, ਭੱਠਿਆਂ, ਸੜ੍ਹਕ ਅਤੇ ਬਿਲਡਿੰਗ ਨਿਰਮਾਣ, ਠੇਕੇਦਾਰਾਂ ਵਲੋਂ ਕਰਵਾਏ ਜਾ ਰਹੇ ਕੰਮ ਵਿੱਚ ਲੱਗੇ ਮਜ਼ਦੂਰਾਂ ਵਿੱਚ ਜ਼ਿਆਦਾ ਗਿਣਤੀ ਬਾਲ ਮਜ਼ਦੂਰਾਂ ਦੀ ਹੁੰਦੀ ਹੈ। ਇਨ੍ਹਾਂ ਬਾਲ ਮਜ਼ਦੂਰਾਂ ਤੋਂ ਜੋਖਿਮ ਭਰੇ ਕੰਮ ਕਰਵਾਏ ਜਾ ਰਹੇ ਹਨ ਅਤੇ ਮਜ਼ਦੂਰੀ ਨਾਂ- ਮਾਤਰ ਦਿਤੀ ਜਾਂਦੀ ਹੈ। ਇਹਨਾਂ ਮਜਦੂਰਾਂ ਨੂੰ ਜੋਖਿਮ ਭਰੇ ਕੰਮ ਕਰਨ ਕਾਰਨ ਕਈ ਤਰਾਂ ਦੀਆਂ ਬਿਮਾਰੀਆਂ ਵੀ ਲੱਗ ਚੁਕੀਆਂ ਹਨ ਪਰ ਮਾਲਕਾਂ ਵਲੋਂ ਇਹਨਾਂ ਤੋਂ ਸਿਰਫ ਕੰਮ ਲੈਣ ਤੱਕ ਹੀ ਮਤਲਬ ਰੱਖਿਆ ਜਾਦਾ ਹੈ। ਬੇਸ਼ੱਕ ਸਰਕਾਰ ਵਲੋਂ ਮਜਦੂਰਾਂ ਦੀ ਭਲਾਈ ਲਈ ਵੱਖ ਵੱਖ ਵਿਭਾਗ ਬਣਾਏ ਗਏ ਹਨ ਪਰ ਮਜਦੂਰਾਂ ਦੇ ਇਨਸਾਫ ਅਤੇ ਭਲਾਈ ਲਈ ਬਣਾਏ ਗਏ ਬੋਰਡ ਅਤੇ ਵਿਭਾਗ ਵੀ ਬਹੁਤੀ ਵਾਰ ਮਜ਼ਦੂਰਾਂ ਦੀ ਥਾਂ ਅਪਣੇ ਹੀ ਅਧਿਕਾਰੀਆਂ ਅਤੇ ਆਗੂਆਂ ਦਾ ਭਲਾ ਕਰਨ ਵਿੱਚ ਲਾਭ ਮਹਿਸੂਸ ਕਰਦੇ ਹਨ। ਇਸ ਤਰਾਂ ਸਰਕਾਰਾਂ, ਮਜ਼ਦੂਰ ਯੂਨੀਅਨਾਂ, ਸਰਕਾਰੀ ਅਧਿਕਾਰੀਆਂ, ਰਾਜਨੀਤਿਕ ਪਾਰਟੀਆ ਵਲੋਂ ਕਰਵਾਏ ਜਾਂਦੇ ਵੱਡੇ ਵੱਡੇ ਸਮਾਗਮ ਸਿਰਫ ਖਾਨਾਪੂਰਤੀ ਹੀ ਬਣ ਕੇ ਰਹਿ ਜਾਂਦੇ ਹਨ। ਪਿਛਲੇ ਸਮੇਂ ਦੌਰਾਨ ਵਾਪਰੀਆਂ ਅਣਸੁਖਾਵੀਂ ਘਟਨਾਵਾਂ ਨੇ ਸਾਬਤ ਕਰ ਦਿਤਾ ਹੈ ਕਿ ਸਰਕਾਰਾਂ ਮਜਦੂਰਾਂ ਦੀ ਸੁਰਖਿਆ ਲਈ ਕਿੰਨੀ ਕੁ ਗੰਭੀਰ ਹਨ। ਗੈਰ ਸੰਗਠਿਤ ਖੇਤਰ ਵਿੱਚ ਕੰਮ ਕਰਦੇ ਲੱਖਾਂ ਮਜਦੂਰਾਂ ਨੂੰ ਅਜੇ ਤੱਕ 01 ਮਈ ਦੇ ਮਜ਼ਦੂਰ ਦਿਵਸ ਵਾਰੇ ਵੀ ਵੀ ਪੂਰੀ ਜਾਣਕਾਰੀ ਨਹੀਂ ਹੈ ਅਤੇ ਨਾਂ ਹੀ ਕਿਸੇ ਸਰਕਾਰੀ ਅਧਿਕਾਰੀ ਨੇ ਇਹਨਾਂ ਵੱਲ ਦੇਖਿਆ ਹੈ। ਇਨ੍ਹਾਂ ਮਜਦੂਰਾਂ ਲਈ 01 ਮਈ ਮਜਦੂਰ ਦਿਵਸ ਦਾ ਕਦੋਂ ਮਹੱਤਵ ਹੋਉਗਾ ਇਹ ਅਜੇ ਤੱਕ ਵੀ ਇੱਕ ਵੱਡੀ ਬੁਝਾਰਤ ਹੀ ਹੈ। ਜੇਕਰ ਅਸੀਂ ਸੱਚਮੁਚ ਸ਼ਿਕਾਗੋ ਦੇ ਸ਼ਹਿਦਾਂ ਨੂੰ ਸ਼ਰਧਾਂਜਲੀ ਦੇਣੀ ਹੈ ਤਾਂ ਸਾਨੂੰ ਸਭਨੂੰ ਮਿਲਕੇ ਮਜ਼ਦੂਰਾਂ ਦੀ ਵਿਗੜਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ। 01 ਮਈ ਦਾ ਦਿਹਾੜਾ ਮਨਾਉਣ ਦਾ ਅਸਲੀ ਮਕਸਦ ਉਦੋਂ ਹੀ ਪੂਰਾ ਹੋਵੇਗਾ ਜਦੋਂ ਮਜਦੂਰਾਂ ਦੇ ਹੱਕ ਪੂਰੀ ਤਰਾਂ ਸੁਰਖਿਅਤ ਹੋਣਗੇ, ਉਨ੍ਹਾਂ ਦੀ ਹੋ ਰਹੀ ਲੁੱਟ ਖਸੁਟ ਬੰਦ ਹੋਵੇਗੀ।  ਸਰਕਾਰਾਂ ਮਜ਼ਦੂਰ ਵਰਗ ਅਤੇ ਉਹਨਾਂ ਦੇ ਪਰਿਵਾਰਾਂ ਲਈ ਸਿੱਖਿਆ, ਸਿਹਤ ਅਤੇ ਕੰਮ ਦੀ ਗਰੰਟੀ ਦੇ ਸਬੰਧ ਵਿਚ ਕੋਈ ਠੋਸ ਨੀਤੀਆਂ ਲੈ ਕੇ ਆਉਣ ਅਤੇ ਮਜ਼ਦੂਰ ਜਮਾਤ ਦੇ ਬੱਚਿਆਂ ਲਈ ਮਿਆਰੀ ਅਤੇ ਉਚ ਸਿੱਖਿਆ ਦੇਣ ਲਈ ਕੋਈ ਕਨੂੰਨ ਲੈ ਕੇ ਆਵੇ। ਕਿਸੇ ਵੀ ਦੇਸ਼ ਦੀ ਬੁਨਿਆਦ ਉੱਥੋਂ ਦੇ ਮਜ਼ਦੂਰਾਂ ਵੱਲੋਂ ਬਣਾਈ ਗਈ ਨੀਂਹ ‘ਤੇ ਟਿਕੀ ਹੋਈ ਹੈ, ਇਸ ਲਈ ਮਜ਼ਦੂਰ ਅਤੇ ਦੇਸ਼ ਦੀ ਨੀਂਹ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਕਵੀ ਸੰਤ ਰਾਮ ਉਦਾਸੀ ਨੇ ਮਜ਼ਦੂਰ ਵਰਗ ਲਈ ਬਹੁਤ ਵਧੀਆ ਲਿਖਿਆ ਹੈ;-
“ਜਿੱਥੇ ਬੰਦਾ ਜੰਮਦਾ ਸੀਰੀ ਹੈ,
ਟਕਿਆਂ ਦੀ ਮੀਰੀ-ਪੀਰੀ ਹੈ,
ਜਿੱਥੇ ਕਰਜ਼ੇ ਹੇਠ ਪੰਜੀਰੀ ਹੈ,
 ਬਾਪੂ ਦੇ ਕਰਜ਼ੇ ਦਾ ਸੂਦ ਨੇ, ਪੁੱਤ ਜੰਮਦੇ ਜਿਹੜੇ,
ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ।
ਜਿੱਥੇ ਲੋਕ ਬੜੇ ਮਜਬੂਰ ਜਿਹੇ
ਦਿੱਲੀ ਦੇ ਦਿਲ ਤੋਂ ਦੂਰ ਜਿਹੇ
ਜਿੱਥੇ ਭੁਖਾਂ ਵਿਚ ਮਸ਼ਹੂਰ ਜਿਹੇ
ਜਿੱਥੇ ਮਰ ਕੇ ਚੰਬਲ ਜਾਂਵਦੇ ਹਨ ਭੂਤ ਜਠੇਰੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।
ਕੁਲਦੀਪ ਸਿੰਘ ਸਾਹਿਲ 
ਮੋਬਾਈਲ ਨੰਬਰ -88376-46099

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleक्षत्रिय प्रतिरोध की राजनीति और भविष्य के विकल्प
Next articleਖਾਲਸਾ ਸਾਜਨਾ ਦਿਵਸ ਦੇ ਸਬੰਧ ਚ ਲੈਸਟਰ ਚ ਵਿਸ਼ਾਲ ਨਗਰ ਕੀਰਤਨ 28 ਨੂੰ