ਲਫ਼ਜ਼ਾਂ ਦੀ ਤਾਕਤ

ਮਕਸੂਦ ਸਾਕਿਬ

(ਸਮਾਜ ਵੀਕਲੀ)

ਅੰਮਾਂ ਮੇਰੀ ਅੰਮੀ ਦੀ ਮਾਂ ਜਾਣੇ ਮੇਰੀ ਨਾਨੀ ਨੇ ਜਬਰੂ ਨਜ਼ਾਮ ਵੇਖੇ ਹੋਏ ਸਨ। ਮੈਂ ਨਾਨੀ ਦੀਆਂ ਅੱਖਾਂ ਵੇਖਦਾ ਰਹਿੰਦਾ। ਓਥੇ ਗੋਲ ਮੋਟੇ ਸ਼ੀਸ਼ਿਆਂ ਦੀ ਐਨਕ ਲੱਗੀ ਹੁੰਦੀ। ਉਹਦੇ ਵਿੱਚੋਂ ਅੰਮਾਂ ਦੀਆਂ ਅੱਖਾਂ ਕਿਤੇ ਬਹੁਤ ਦੂਰ ਵਿਖਾਲੀ ਦਿੰਦੀਆਂ। ਮੈਂ ਹੋਰ ਨੀਝਦਾ ਤਾਂ ਉਹ ਦੋਵੇਂ ਇਕ ਹੋ ਕੇ ਡੂੰਘਾ ਖੂਹ ਬਣ ਜਾਂਦੀਆਂ।

ਮੈਂ ਅੰਮਾਂ ਨੂੰ ਐਨਕ ਲਾਹੁਣ ਦਾ ਆਖਦਾ। ਉਹ ਨਾ ਮੰਨਦੀ। ਮੈਂ ਅੜੀ ਕਰਦਾ, ਉਹ ਥੋੜ੍ਹਾ ਗੁੱਸੇ ਹੁੰਦੀ, ‘‘ਕਾਲੀ ਮੈਨੂੰ ਦਿੱਸਣਾ ਨਹੀਂ।’’

‘‘ਨਹੀਂ ਅੰਮਾਂ ਦਿੱਸੇਗਾ।’’ ਮੈਂ ਭੰਡੀ ਪਾਣੀ। ਅੰਮਾਂ ਨੇ ਪਲ ਲਈ ਐਨਕ ਲਾਹੁਣੀ ਤੇ ਮੈਂ ਉਹਦੀਆਂ ਅੱਖਾਂ ਵਿੱਚ ਗਹੁ ਨਾਲ਼ ਵੇਖਣ ਦਾ ਯਤਨ ਕਰਨਾ…

‘‘ਕਾਲੀ ਮੇਰੀਆਂ ਅੱਖਾਂ ਅੱਗੇ ਹਨ੍ਹੇਰਾ ਹੋ ਗਿਆ ਏ ਮੈਨੂੰ ਕੁਝ ਨਹੀਂ ਪਿਆ ਦਿਸਦਾ।’’ ਉਹਨੇ ਐਨਕ ਲਾ ਲੈਣੀ। ਤੇ ਬਾਰੀਕ ਧਾਰੀਆਂ ਵਾਲ਼ੀ ਚਾਦਰ ਸਿਰ ’ਤੇ ਸਵਾਹਰੀ ਕਰ ਕੇ ਬੁੱਕਲ ਮਾਰ ਲੈਣੀ।

ਅੰਮਾ ਪਤਲੀ ਜਿਹੀ ਸੀ। ਰੰਗ ਪੱਕਾ ਸੀ ਪਰ ਵਿਚੋਂ ਲਾਲੀ ਦੀ ਭਾਹ ਵੱਜਦੀ ਸੀ। ਕਾਲਾ ਨਹੀਂ ਤਾਂ ਲਾਖਾ ਜਰੂਰ ਆਖ ਸਕਦੇ ਸਾਂ। ਨੈਣ ਨਕਸ਼ ਉਮਰ ਵਡੇਰੀ ਹੋ ਕੇ ਵੀ ਨਾ ਫਿੱਕੇ ਪਏ ਸਨ ਤੇ ਨਾ ਮਿਟੇ ਲੱਗਦੇ ਸਨ। ਤਿ੍ਰੱਖੇ ਤੇ ਜਗਦੇ ਮਘਦੇ ਸਨ। ਦੋਵਾਂ ਕੰਨਾਂ ਵਿਚ ਚੀਲਕਾਂ ਹੁੰਦੀਆਂ ਸਾਸੂ। ਵੱਟਿਆਂ ਵਿਚ ਵਾਲੇ। ਕੁੜਤਾ ਪਾਂਦੀ ਸੀ ਬਰੀਕ ਮਗ਼ਜ਼ੀ ਵਾਲਾ। ਗਲਮੇ ਦੀ ਫੱਟੀ ਸਿੱਧੀ। ਰੰਗ ਬਹੁਤ ਗੇਰੂਆ, ਗਾੜ੍ਹਾ ਬਿਸਕੁਟੀ ਆਖ ਲਵੇ…

ਲੱਕ ਚਾਦਰ ਹੋਣੀ ਨੀਲੀ ਪਾਪਲੀਨ ਦੀ ਢੀਂਗਵਾਲ ਤੇ ਪੈਰੀਂ ਕੰਨਿਆਂ ਵਾਲੀ ਜੁੱਤੀ। ਬੜੀ ਬਾਂਕੀ ਜਿਹੀ। ਪੱਬਾਂ ਤੇ ਅੱਡੀਆਂ ’ਤੇ ਬੂਟੀ ਕਢੀਜੀ ਹੋਈ। ਹੁੱਕਾ ਬੜਾ ਛਿਕਦੀ ਸੀ। ਕੋਈ ਹਿੰਦੁਸਤਾਨਣਾ ਸਨ ਹਾਫ਼ਜ਼ਿਆਣੀਆਂ ਉਨ੍ਹਾਂ ਵੱਲ ਜਾਂਦੀ ਤੇ ਉਨ੍ਹਾਂ ਪਾਨ ਜ਼ਰੂਰ ਲਾ ਕੇ ਦੇਣਾ ਤਮਾਕੂ ਵਾਲਾ… ਬੜੇ ਸ਼ੌਕ ਨਾਲ ਖਾਂਦੀ ਸੀ। ਕਈ ਵਾਰੀਂ ਮੈਨੂੰ ਉਧਰ ਘੱਲ ਦੇਣਾ।

ਅੰਮਾਂ ਅੰਮੀ ਮੇਰੀ ਕੋਲ ਚਲ੍ਹਾਨੀ ਵਿਚ ਹੁੱਕਾ ਗੁੜਕਾਂਦੀ ਪਈ ਹੁੰਦੀ… ਮੈਂ ਬਾਹਰੋਂ ਆਉਣਾ ਤੇ ਨਾਲ ਘਸਰ ਕੇ ਬਹਿ ਜਾਣਾ… ਅੰਮਾਂ ਨੇ ਮੇਰੀ ਮਾਂ ਨਾਲ ਗੱਲਾਂ ਕਰਦਿਆਂ ਜ਼ਰੀ ਜਿੰਨਾ ਵੀ ਅਝਕਣਾ ਤੇ ਮੈਂ ਆਪਣੀ ਖੋਤਰਾ ਖੋਤਰੀ ਛੋਹ ਦੇਣੀ। ਇਕ ਦਿਨ ਮੈਂ ਪੁੱਛਿਆ, ‘‘ਅੰਮਾਂ ਤੁਸਾਂ ਜਬਰੂ ਨਜ਼ਾਮ ਇਨ੍ਹਾਂ ਅੱਖਾਂ ਨਾਲ ਈ ਵੇਖੇ ਸਨ?’’

‘‘ਹਾਂ ਕਾਲੀ ਸਗਵਿਆਂ ਇਨ੍ਹਾਂ ਅੱਖਾਂ ਨਾਲ ਕੋਈ ਇਕ ਵਾਰੀ? ਹੁਣ ਤੇ ਚੇਤੇ ਈ ਨਹੀਂ ਕਿੰਨੀ ਕੁ ਵਾਰੀ ਡਿਠੇ… ਮੀਆਂ ਜੀ ਕੋਲ ਆਏ ਈ ਰਹਿੰਦੇ ਸਨ। ਜਦੋਂ ਮੱਸਿਆ ਦੀਆਂ ਰਾਤਾਂ ਚਲਣੀਆਂ ਉਨ੍ਹਾਂ ਫੇਰਾ ਰੱਖਣਾ… ਅਕਸਰ ਇਕੱਲੇ ਇਕੱਲੇ… ਕੱਠੇ ਕਦੀ ਨਹੀਂ ਸਨ ਆਉਂਦੇ।’’

‘‘ਅੰਮਾਂ ਤੁਹਾਡੇ ਮੀਆਂ ਜੀ ਤੇ ਥਾਣੇਦਾਰ ਸਨ।’’

‘‘ਆਹੋ ਥਾਣੇ ਸਨ ਵੱਡੇ ਥਾਣੇਦਾਰ… ਫਾਰਸੀ ਪੜ੍ਹੇ ਹੋਏ ਸਨ ਨਾ…’’

‘‘ਪਰ ਅੰਮਾਂ ਜਬਰੂ ਤੇ ਨਜ਼ਾਮ ਤੇ ਤੁਸੀਂ ਦੱਸਦੇ ਓ ਡਾਕੂ ਸਨ ਬੜੇ ਵੱਡੇ। ਉਨ੍ਹਾਂ ਦੇ ਸਿਰਾਂ ਦੇ ਤਾਂ ਇਨਾਮ ਲੱਗੇ ਹੋਏ ਸਨ। ਮੀਆਂ ਜੀ ਉਨ੍ਹਾਂ ਨੂੰ ਫੜਦੇ ਕਿਉਂ ਨਹੀਂ ਸਨ?’’

‘‘ਕਾਲੀ ਪੁੱਤਰ ਡਾਕੂ ਤੇ ਉਨ੍ਹਾਂ ਨੂੰ ਅੰਗਰੇਜ਼ ਆਖਦੇ ਸਨ। ਉਨ੍ਹਾਂ ਨੂੰ ਤੇ ਹੋਰ ਵਰਯਾਮਾਂ ਨੂੰ ਡਾਕੂ ਦੱਸ ਕੇ ਉਹ ਆਪਣਾ ਤੇ ਆਪਣੇ ਝੋਲੀ ਚੁੱਕਾਂ ਦਾ ਭੜ ਬਣਾਂਦੇ ਸਨ। ਅਸਲ ਡਾਕੂ ਤੇ ਉਹ ਆਪ ਸਨ। ਮੀਆਂ ਜੀ ਸਾਡੇ ਇਹੋ ਦੱਸਦੇ ਸਨ ਸਾਨੂੰ। ਨਾਲ ਪੱਕੀ ਕਰਦੇ ਸਨ ਕਿਸੇ ਨਾਲ ਗੱਲ ਨਹੀਂ ਕਰਨੀ, ਨਹੀਂ ਤੇ ਅੰਗਰੇਜ਼ਾਂ ਜਿਉਂਦਿਆਂ ਨਹੀਂ ਛੱਡਣਾ। ਘਾਣ ਬੱਚਾ ਕੋਹਲੂ ਕਰ ਦੇਣਗੇ ਸਾਡਾ… ਅਸਾਂ ਆਪਣੇ ਆਪ ਨੂੰ ਸੂਤੀ ਰੱਖਣਾ…’’

‘‘ਅੰਮਾਂ ਤੁਸਾਂ ਉਨ੍ਹਾਂ ਨੂੰ ਏਨੀ ਵਾਰੀ ਵੇਖਿਆ… ਮੈਂ ਤੁਹਾਡੀਆਂ ਅੱਖਾਂ ਵੇਖਣਾਂ ਮੈਨੂੰ ਉਹ ਦਿੱਸਦੇ ਤੇ ਨਹੀਂ ਵਿਚੋਂ, ਪਰ ਮੈਨੂੰ ਇਹ ਸੁਆਦ ਆਵੰਦਾ ਏ ਬਈ ਇਨ੍ਹਾਂ ਅੱਖਾਂ ਉਨ੍ਹਾਂ ਨੂੰ ਵੇਖਿਆ ਹੋਇਆ ਏ। ਕਦੀ ਉਹ ਵਿਚੋਂ ਦਿਸ ਵੀ ਪੈਣ ਨਾ…’’

ਅੰਮਾਂ ਹੱਸੀ… ‘‘ਕਾਲੀ ਉਹ ਅੱਖਾਂ ਤੋਂ ਚੇਤੇ ਵਿਚ ਜਾ ਲੱਥੇ ਨੇ ਤੇ ਓਥੋਂ ਲਫ਼ਜ਼ਾਂ ਵਿਚ ਆ ਗਏ ਹੋਏ ਨੇ। ਹੁਣ ਸਾਰੀ ਗੱਲ ਇਨ੍ਹਾਂ ਲਫ਼ਜ਼ਾਂ ਉੱਤੇ ਏ ਜਦੋਂ ਚੇਤੇ ਆਉਂਦੇ ਨੇ ਚਿੱਤਰ ਬਣ ਕੇ ਅੱਖਾਂ ਮੂਹਰੇ ਆ ਜਾਂਦੇ ਨੇ ਤੇ ਲਫ਼ਜ਼ ਬਣ ਕੇ ਬੁੱਲ੍ਹਾਂ ’ਤੇ… ਮੈਂ ਤੈਨੂੰ ਗੱਲ ਸੁਣਾਈ ਸੀ ਨਾ ਉਨ੍ਹਾਂ ਦੀ।’’

‘‘ਹਾਂ ਅੰਮਾ…’’

‘‘ਤੇ ਕੀ ਲੱਗਾ ਸੀ ਤੈਨੂੰ?’’

‘‘ਉਹ ਮੈਨੂੰ ਦਿੱਸਣ ਲੱਗ ਪਏ ਸਨ। ਸਰਕਾਰੀ ਖ਼ਜਾਨੇ ਤੇ ਡਾਕਾਂ ਲੁੱਟਦੇ, ਸ਼ਾਹੂਕਾਰਾਂ ਦੀਆਂ ਵਹੀਆਂ ਫੂਕਦੇ। ਗਰੀਬਾਂ ਨੂੰ ਬਹੁੜਦੇ… ਤੁਹਾਡੇ ਬੋਲੇ ਲਫ਼ਜ਼ਾਂ ਨਾਲ ਮੂਰਤਾਂ ਜਗ ਪਈਆਂ ਸਨ ਮੇਰੇ ਚੇਤੇ ਵਿਚ ਟੁਰਦੀਆਂ ਫਿਰਦੀਆਂ। ਇੱਥੋਂ ਈ ਤਾਂ ਮੈਨੂੰ ਖ਼ਿਆਲ ਆਇਆ ਸੀ ਉਨ੍ਹਾਂ ਨੂੰ ਤੁਹਾਡੀਆਂ ਅੱਖਾਂ ਵਿਚ ਵੇਖਣ ਦਾ। ਪਰ ਉਹ ਤੇ ਮੇਰੀਆਂ ਅੱਖਾਂ ਵਿਚ ਟੁਰਦੇ ਫਿਰਦੇ ਪਏ ਸਨ ਕੰਨਾਂ ਵਿਚ ਤੁਹਾਡੇ ਲਫ਼ਜ਼ ਗੂੰਜਣ ਨਾਲ…

ਪਰ ਅੰਮਾਂ ਇਹ ਨਹੀਂ ਦੱਸਿਆ ਤੁਸੀਂ ਉਹ ਮੀਈਂ ਕੋਲ ਕੀ ਲੈਣ ਆਉਂਦੇ ਸਨ?’’

‘‘ਕਾਲੀ, ਮੀਈਂ ਹੋਰੀਂ ਉਨ੍ਹਾਂ ਨੂੰ ਪੁਲੀਸ ਤੋਂ ਚੌਕਸ ਰੱਖਦੇ ਸਨ। ਕਿੱਥੇ ਕਿੱਥੇ ਪੁਲੀਸ ਨੇ ਉਨ੍ਹਾਂ ਨੂੰ ਫੜਨ ਲਈ ਚੜ੍ਹਣਾ ਏ, ਸੁੂੰਹਿਆਂ ਨੇ ਕਿਹੜੀਆਂ ਕਿਹੜੀਆਂ ਸੂੰਹਾਂ ਕੱਢੀਆਂ ਨੇ ਉਨ੍ਹਾਂ ਦੀਆਂ। ਉਨ੍ਹਾਂ ਕਿਹੜੀਆਂ ਥਾਵਾਂ ’ਤੇ ਜਾਣਾ ਏ ਤੇ ਕਿਹੜੀਆਂ ’ਤੇ ਨਹੀਂ। ਉਹ ਫੇਰ ਆਪਣਾ ਸਾਮ੍ਹਾ ਕਰ ਲੈਂਦੇ ਸਨ।’’

‘‘ਅੰਮਾਂ ਮੀਈਂ ਹੋਰੀਂ ਤੇ ਫੇਰ ਉਨ੍ਹਾਂ ਨਾਲ ਰਲੇ ਹੋਏ ਸਨ ਨਾ…’’

‘‘ਹਾਂ ਪੁੱਤਰ ਉਨ੍ਹਾਂ ਦਾ ਪੱਖ ਕਰਨਾ ਈ ਈਮਾਨ ਸੀ।’’

ਅੰਮੀ ਮੇਰੀ ਸਾਡੀ ਨਾਨੀ ਦੋਹਤਰੇ ਦੀ ਗੱਲ ਚੁੱਪ-ਚਾਪ ਸੁਣਦੀ ਸੀ। ਉਹ ਰੋਟੀਆਂ ਪਕਾਉਂਦੀ ਪਕਾਉਂਦੀ ਹਾਂਡੀ ਵੇਖ ਲੈਂਦੀ, ਉਹਦਾ ਧਿਆਨ ਦੋਵਾਂ ਚੁੱਲਿ੍ਹਆਂ ਵਿਚ ਬਲਦੇ ਗੋਹਿਆਂ ਅਤੇ ਲੱਕੜਾਂ ’ਤੇ ਵੀ ਰਹਿੰਦਾ ਸੀ।

‘‘ਮੀਆਂ ਜੀ ਬੜੇ ਈਮਾਨ ਵਾਲੇ ਬੰਦੇ ਸਨ… ਕਦੀ-ਕਦੀ ਉਨ੍ਹਾਂ ਨੂੰ ਲੱਗਣਾ ਜਿਵੇਂ ਅੰਗਰੇਜ਼ ਅਫ਼ਸਰਾਂ ਨੂੰ ਉਨ੍ਹਾਂ ’ਤੇ ਸ਼ੱਕ ਹੋ ਗਿਆ ਏ ਜਬਰੂ ਨਜ਼ਾਮ ਦਾ। ਉਦੋਂ ਮੀਈਂ ਹੋਰੀਂ ਉਨ੍ਹਾਂ ਨੂੰ ਆਪਣੇ ਵੱਲ ਫੇਰਾ ਮਾਰਨੋਂ ਵਰਜ ਦਿੰਦੇ… ਇਹ ਸੁਨੇਹਾ ਉਹ ਕਿਸੇ ਹੱਥ ਨਹੀਂ ਸਨ ਘੱਲਦੇ। ਥਾਹਰ ਸੀ ਜਿਥੇ ਕੋਈ ਸ਼ੈਅ ਰੱਖਣ ਚੁੱਕਣ ਦੀ ਸੈਨਤ ਹੁੰਦੀ ਸੀ… ਅੱਛਾ ਕਾਲੀ ਇਹ ਦੱਸ ਤੈਨੂੰ ਮੀਆਂ ਜੀ ਵੀ ਨਜ਼ਰ ਆਉਂਦੇ ਨੇ ਮੇਰੀਆਂ ਗੱਲਾਂ ਵਿਚੋਂ?’’

‘‘ਆਹੋ ਅੰਮਾਂ ਦਿੱਸਦੇ ਨੇ। ਜਿਵੇਂ-ਜਿਵੇਂ ਤੁਹਾਡੀ ਸੁਣਾਈ ਗੱਲ ਚੇਤੇ ਵਿਚ ਉਤਰਦੀ ਏ ਅੱਖਾਂ ਅੱਗੇ ਮੂਰਤ ਉਘੜਦੀ ਜਾਂਦੀ ਏ ਉਨ੍ਹਾਂ ਦੀ…’’

‘‘ਮੀਈਂ ਹੋਰਾਂ ਨੂੰ ਅਖ਼ੀਰ ਅੰਗਰੇਜ਼ਾਂ ਨੇ ਫੜ੍ਹ ਲਿਆ। ਥੋੜ੍ਹੀ ਬਹੁਤ ਜ਼ਮੀਨ ਸੀ ਤੇ ਆਪਣਾ ਘਰ… ਸਭ ਜ਼ਬਤ ਕਰ ਲਿਆ ਉਨ੍ਹਾਂ। ਅਖੇ ਇਹ ਅੰਗਰੇਜ਼ੀ ਸਰਕਾਰ ਦੇ ਵੈਰੀਆਂ ਨਾਲ ਰਲਿਆ ਹੋਇਆ ਏ। ਮੁਕੱਦਮਾ ਚਲਿਆ। ਕੁਝ ਵੀ ਸਾਬਤ ਨਾ ਹੋਇਆ। ਆਪੇ ਸ਼ਹਾਦਤੀ ਪਾ ਕੇ ਢਾਈ ਵਰ੍ਹੇ ਕੈਦ ਪੰਜ ਹਜ਼ਾਰ ਜੁਰਮਾਨਾ ਤੇ ਨੌਕਰੀਓਂ ਬਰਖਾਸਤ ਕਰ ਦਿੱਤੋਂ ਨੇ। ਬੜਾ ਔਖਾ ਵੇਲਾ ਆ ਗਿਆ ਕਾਲੀ ਸਾਡੇ ’ਤੇ। ਮਾਂ ਸਾਡੀ ਹਿੰਮਤ ਵਾਲੀ ਸੀ। ਜ਼ਰੀ ਨਾ ਡੋਲੀ। ਭਰਾ ਦੇ ਹਿੱਸੇ ’ਤੇ ਪੈਲੀ ਲੈ ਲਈ ਉਸ। ਚੌਥੇ ’ਤੇ। ਆਪ ਕੀਤੀ ਓਸ ਵਾਹੀ। ਸਾਨੂੰ ਸਾਰਿਆਂ ਨੂੰ ਨਾਲ ਲਾ ਕੇ। ਭਰਾ ਸਨ ਤਿੰਨ ਮੈਥੋਂ ਵੱਡੇ। ਸਰੀਰ ਦੇ ਵਾਹਵਾ ਤਗੜੇ। ਮਾਂ ਦੀਆਂ ਬਾਹਵਾਂ ਬਣ ਗਏ। ਅਸੀਂ ਦੋ ਭੈਣਾਂ ਵੀ ਜਿੰਨੇ ਜੋਗੀਆਂ ਸਨ ਮਾਂ ਨਾਲ ਹੱਥ ਵਟਾਂਦੀਆਂ।

ਇਹ ਸਾਰੀ ਚੂਨੀਆਂ ਦੀ ਗੱਲ ਏ। ਅਸੀਂ ਓਥੋਂ ਦੇ ਈ ਤੇ ਸਾਂ। ਜਬਰੂ ਨਜ਼ਾਮ ਲਈ ਅੰਗਰੇਜ਼ਾਂ ਸ਼ਾਹੂਕਾਰਾਂ, ਲੰਬਰਾਂ, ਸਫ਼ੈਦ-ਪੋਸ਼ਾਂ, ਜ਼ੈਲਦਾਰਾਂ ਤੇ ਪੁਲਸਾਂ ਦੀਆਂ ਥਾਂ-ਥਾਂ ਬੌਰਾਂ ਲਾ ਦਿੱਤੀਆਂ। ਉਨ੍ਹਾਂ ਦੇ ਜੁੱਟਾਂ ਵਿਚ ਕੱਚੇ ਪਿੱਲੇ ਬੰਦੇ ਵਾੜ ਦਿਤੀਓ ਨੇ। ਓੜਕ ਹੋਣੀ ਵਾਰ ਕਰ ਗਈ। ਪਹਿਲਾਂ ਜਬਰੂ ਮਾਰਿਓਂ ਨੇ ਫੇਰ ਨਜ਼ਾਮ ਘੋੜੇ ’ਤੇ ਚੜ੍ਹਿਆ ਸਿਰ ’ਤੇ ਕੜਾਹੀ ਧਰ ਕੇ ਪੁਲੀਸ ਦਾ ਘੇਰਾ ਤੋੜ ਕੇ ਨਿਕਲਦਾ ਬੂਹੇ ਦੀ ਸਰਦਲ ਨਾਲ ਵੱਜ ਕੇ ਢੱਠਾ ਥਾਂ ਮਰ ਗਿਆ। ਜਬਰੂ ਦਾ ਆਂਹਦੇ ਨੇ ਮੁਲਾਹਜੇ ਵਿਚ ਦਿਲ ਕੱਢ ਕੇ ਤੋਲਿਓ ਨੇ ਤਾਂ ਸਵਾ ਸੇਰ ਪੱਕੇ ਦਾ ਨਿਕਲਿਆ… ਅਸਲ ਵਿਚ ਜਵਾਨ ਈ ਢਿਗ ਸੀ। ਆਹ ਪਹਾੜ ਜਿੱਡਾ ਕੱਦ,

ਕਾਲਾ ਸ਼ਾਹ ਰੰਗ, ਟਿੰਡ ਕਰਾਈ ਹੁੰਦੀ ਸਾਸੂ। ਦੋਵਾਂ ਕੰਨੀਆਂ ਵਿਚ ਨੱਤੀਆਂ। ਜਾਮ੍ਹਨਾਂ ਦਾ ਨਾਈ ਸੀ। ਧਰਮ ਦਾ ਹਿੰਦੂ ਤੇ ਨਜ਼ਾਮ ਮੁਸਲਮੀਨ। ਨਹੀਂ ਹਿੰਦੂ-ਮੁਸਲਮੀਨ ਕੋਈ ਨਾ। ਬੱਸ ਨਾਈ ਤੇ ਲੁਹਾਰ ਤੇ ਮੀਆਂ ਜੱਟ ਹਲਵਾਹਕ, ਸਗਵਾਂ ਉਨ੍ਹਾਂ ਵਿਚੋਂ ਇਕ। ਇੱਕਾ ਮੇਲ। ਨਜ਼ਾਮ ਗੋਰਿਆਂ ਦੀ ਪਲਟਣ ਛੱਡ ਆਇਆ ਸੀ। ਇਹ ਗੱਲਾਂ ਵੱਡੇ ਵੱਡੇ ਆਲਮਾਂ ਨੂੰ ਨਹੀਂ ਸਨ ਸੁਝਦੀਆਂ ਇਨ੍ਹਾਂ ਪਾ ਲਈਆਂ ਸਨ। ਜਥੇਬੰਦ ਹੋ ਗਏ। ਵੱਖਰਾ ਵੱਖਰਾ ਤੇ ਨਾਂ ਈ ਨਹੀਂ ਸੀ ਬੋਲਦਾ ਉਨ੍ਹਾਂ ਦਾ, ਜਿਸ ਆਖਣਾ ਜਬਰੂ ਨਜ਼ਾਮ ਈ ਆਖਣਾ। ਮਜ਼ਹਬ ਸਨ ਨੇ ਜ਼ਾਲਮਾਂ ਨਾਲ ਲੜਨਾ। ਇਹਤੋਂ ਵੱਡਾ ਕਿਹੜਾ ਮਜ਼ਹਬ ਹੋ ਸਕਦਾ ਏ।’’

ਅੰਮਾਂ ਚੁੱਪ ਕਰ ਗਈ।

ਜ਼ਮਾਨੇ ਬੀਤ ਗਏ ਨੇ। ਮੈਂ ਆਪਣੀ ਅੰਮੀ ਦੀ ਉਸ ਵੇਲੇ ਦੀ ਉਮਰ ਟੱਪ ਕੇ ਆਪੂੰ ਅੰਮਾਂ ਦੀ ਉਮਰ ਨੂੰ ਅੱਪੜਿਆ ਖਲਾ ਹਾਂ। ਅੰਮਾਂ ਤੋਂ ਮਗਰੋਂ ਇਹ ਜਬਰੂ ਨਜ਼ਾਮ ਦੀ ਗੱਲ ਮੈਂ ਅੰਮੀ ਕੋਲੋਂ ਸੁਣਦਾ ਰਹਿਆਂ। ਜਦੋਂ ਉਨ੍ਹਾਂ ਨੂੰ ਵੇਖਣ ਨੂੰ ਦਿਲ ਕਰਦਾ ਏ ਅੰਮੀ ਤੇ ਅੰਮਾਂ ਦੇ ਮੂੰਹੋਂ ਨਿਕਲੇ ਲਫ਼ਜ਼ ਚੇਤੇ ਕਰਨੇ ਛੋਹ ਦੇਨਾਂ। ਸਾਰਾ ਕੁਝ ਮੇਰੀਆਂ ਅੱਖਾਂ ਵਿਚ ਉਭਰ ਆਉਂਦਾ ਏ… ਮੇਰਾ ਆਪਣੀ ਬੋਲੀ ’ਤੇ ਪੱਕ ਹੋਰ ਦਿ੍ਰੜ ਹੋ ਜਾਂਦਾ ਏ। ਮੈਂ ਹੋਰ ਹਰ ਬੋਲੀ ਸਿੱਖ ਸਕਨਾਂ ਪੜ੍ਹ ਸਕਨਾਂ, ਲੋੜ ਪਵੇ ਤਾਂ ਬੋਲ ਵੀ ਸਕਨਾਂ ਪਰ ਚੇਤੇ ਮੇਰੇ ਵਿਚ ਚਿਤਰ ਆਪਣੀ ਬੋਲੀ ਈ ਵਿਖਾਲਦੀ ਏ। ਨਾਨੀ ਮੇਰੀ ਕਿੱਡੀ ਸੱਚੀ ਸੀ। ਕਹਿੰਦੀ ਸੀ, ਆਪਣੇ ਲਫ਼ਜ਼ਾਂ ਰਾਹੀਂ ਜੋ ਤੂੰ ਸੁਣਿਆ ਏ ਜੋ ਤੂੰ ਵੇਖਿਆ ਏ ਉਹਨੂੰ ਜਿੰਨੀ ਵਾਰੀ ਚਾਹਵੇਂ ਵੇਖ ਸਕਣਾ ਐਂ। ਜਿਉਂਦਾ ਜਾਗਦਾ। ਬੱਸ ਲਫ਼ਜ਼ ਨਾ ਵਿਸਰਨ ਤੈਨੂੰ… ਲਫ਼ਜ਼ ਵਿਸਰੇ ਤਾਂ ਚੇਤਾ ਗਵਾਚ ਜਾਈਦਾ। ਚੇਤੇ ਬਿਣਾ ਤੇ ਬੰਦੇ ਦੀ ਜੜ੍ਹ ਮੁਣਿਆਦ ਈ ਖੇਹ ਹੋ ਜਾਂਦੀ ਏ ਉਸ ਅਜੋਕ ਭਲਕ ਕੀ ਵੇਖਣੀ ਏ। ਜਬਰੂ ਨਜ਼ਾਮ ਸਾਡਾ ਕਲੌਕ ਸਨ। ਉਨ੍ਹਾਂ ਬਿਨਾਂ ਨਾ ਸਾਡਾ ਹੁਣ ਏ ਨਾ ਸਾਡਾ ਅੱਗੋਂ। ਸ਼ਰਤ ਇੱਕਾ ਏ ਜੇ ਸਾਡੀ ਬੋਲੀ ਸਾਨੂੰ ਇਹ ਦੱਸੇ ਤਾਂ…।

ਮਕਸੂਦ ਸਾਕਿਬ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਤਿਹਾਸ
Next articleਕੋਰੜਾ ਛੰਦ