ਪੂਨਾ ਪੈਕਟ ਦਲਿਤਾਂ ਦੀ ਰਾਜਨੀਤਕ ਪਛਾਣ ਦਾ ਪ੍ਰਤੀਕ – ਪ੍ਰੋ. ਰਾਜੇਸ਼ ਕੁਮਾਰ
ਸਦੀਆਂ ਉਪਰੰਤ ਅਛੂਤਾਂ ਵਿਚ ਵਿਦਿਅਕ ਕ੍ਰਾਂਤੀ ਦਾ ਆਗਾਜ਼ ਹੋਇਆ – ਡਾ. ਕੌਲ
ਜਲੰਧਰ (ਸਮਾਜ ਵੀਕਲੀ) : ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਵੱਲੋਂ ਅੰਬੇਡਕਰ ਭਵਨ ਟਰੱਸਟ (ਰਜਿ.) ਅਤੇ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਸਹਿਯੋਗ ਨਾਲ ਬਾਬਾ ਸਾਹਿਬ ਦੀ ਚਰਨ-ਛੋਹ ਭੂਮੀ ਅੰਬੇਡਕਰ ਭਵਨ ਜਲੰਧਰ ਵਿਖੇ ਪੂਨਾ ਪੈਕਟ ਦਿਵਸ ‘ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦੇ ਆਗਾਜ਼ ਤੋਂ ਪਹਿਲਾਂ ਪ੍ਰਸਿੱਧ ਅੰਬੇਡਕਰਵਾਦੀ, ਚਿੰਤਕ ਅਤੇ ਭੀਮ ਪੱਤਰਿਕਾ ਦੇ ਸੰਪਾਦਕ ਸ੍ਰੀ ਲਾਹੌਰੀ ਰਾਮ ਬਾਲੀ ਨੂੰ ਉਨ੍ਹਾਂ ਦੇ ਸਦੀਵੀ ਵਿਛੋੜੇ ’ਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਵਿਚਾਰ-ਗੋਸ਼ਟੀ ਵਿੱਚ ਪ੍ਰੋ. ਰਾਜੇਸ਼ ਕੁਮਾਰ ਥਾਨੇਵਾਲ, ਮੁਖੀ ਪੋਸਟ ਗ੍ਰੈਜੂਏਟ ਰਾਜਨੀਤੀ ਸ਼ਾਸਤਰ ਵਿਭਾਗ, ਜੀ ਕੇ ਐਸ ਐਮ ਸਰਕਾਰੀ ਕਾਲਜ, ਟਾਂਡਾ ਉੜਮੁੜ ਅਤੇ ਡਾ. ਜੀ ਸੀ ਕੌਲ, ਸਾਬਕਾ ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਡੀਏਵੀ ਕਾਲਜ, ਜਲੰਧਰ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰੋ. ਰਾਜੇਸ਼ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੂਨਾ ਪੈਕਟ 24 ਸਤੰਬਰ 1932 ਨੂੰ ਭਾਰਤ ਦੇ ਹਿੰਦੂ ਨੇਤਾਵਾਂ ਅਤੇ ਡਾ. ਅੰਬੇਡਕਰ ਵਿਚਕਾਰ ਹੋਇਆ ਇੱਕ ਅਜਿਹਾ ਸਮਝੌਤਾ ਸੀ ਜਿਸ ਦੁਆਰਾ ਸਦੀਆਂ ਤੋਂ ਪੀੜਤ ਅਤੇ ਸਤਾਏ ਹੋਏ ਅਛੂਤ ਵਰਗਾਂ ਵਿੱਚ ਇੱਕ ਕ੍ਰਾਂਤੀ ਦਾ ਮੁੱਢ ਬੱਝਿਆ । ਇਹ ਇੱਕ ਅਜਿਹਾ ਦਸਤਾਵੇਜ਼ ਹੈ, ਜਿਸ ਦੇ ਤਹਿਤ ਲਗਪਗ ਬਾਈ ਸੌ ਸਾਲ ਉਪਰੰਤ ਦਲਿਤਾਂ ਨੂੰ ਰਾਜਨੀਤਕ ਪਛਾਣ ਮਿਲੀ, ਵੋਟ ਦੇ ਅਧਿਕਾਰ ਸਮੇਤ ਕੇਂਦਰ ਅਤੇ ਪ੍ਰਾਂਤਾਂ ਵਿਚ ਅਛੂਤਾਂ ਨੂੰ ਸਿਆਸੀ ਪ੍ਰਤੀਨਿਧਤਾ ਦਾ ਅਧਿਕਾਰ ਪ੍ਰਾਪਤ ਹੋਇਆ।.ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਵੱਲੋਂ ਦਲਿਤਾਂ ਲਈ ਵੱਖਰੇ ਰਾਜਨੀਤਕ ਅਧਿਕਾਰਾਂ ਦੀ ਪ੍ਰਾਪਤੀ ਲਈ 1917 ਵਿਚ ਸਾਊਥਬੋਰੋ ਕਮਿਸ਼ਨ ਤੋਂ ਲੈਕੇ ਸਾਈਮਨ ਕਮਿਸ਼ਨ ਦੀ ਆਮਦ ਅਤੇ ਲੰਡਨ ਵਿਖੇ 1930 ਤੋਂ 1932 ਤਕ ਆਯੋਜਿਤ ਗੋਲਮੇਜ਼ ਕਾਨਫਰੰਸਾਂ ਦੇ ਸਿੱਟੇ ਵਜੋਂ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰੈਮਜ਼ੇ ਮੈਕਡੋਨਲਡ ਵੱਲੋਂ 17 ਅਗਸਤ 1932 ਨੂੰ ਐਲਾਨੇ ਗਏ ਸੰਪਰਦਾਇਕ ਫੈਸਲੇ ਅਨੁਸਾਰ ਭਾਰਤੀ ਘੱਟ ਗਿਣਤੀਆਂ ਦੇ ਵੱਖਰੇ ਅਧਿਕਾਰਾਂ ਸਮੇਤ ਭਾਰਤ ਦੇ ਅਛੂਤਾਂ ਨੂੰ ਵੀ ਵੱਖਰੇ ਅਧਿਕਾਰ ਪ੍ਰਾਪਤ ਹੋਏ । ਪਰੰਤੂ ਗਾਂਧੀ ਜੀ ਵੱਲੋਂ ਦਲਿਤਾਂ ਨੂੰ ਪ੍ਰਦਾਨ ਕੀਤੇ ਗਏ ਚੋਣ ਅਧਿਕਾਰਾਂ ਵਿਰੁੱਧ 20 ਸਤੰਬਰ 1932 ਨੂੰ ਰੱਖੇ ਗਏ ਮਰਨ ਵਰਤ ਦੇ ਸਿੱਟੇ ਵਜੋਂ ਤਤਕਾਲੀਨ ਹਿੰਦੂ ਲੀਡਰਾਂ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਵਿਚਕਾਰ 24 ਸਤੰਬਰ 1932 ਨੂੰ ਪੂਨਾ ਵਿਖੇ ਹੋਏ ਸਮਝੌਤੇ ਅਨੁਸਾਰ ਬੇਸ਼ੱਕ ਵੱਖਰੇ ਚੋਣ ਅਧਿਕਾਰਾਂ ਨੂੰ ਸਾਂਝੀਆਂ ਰਾਖਵੀਆਂ (ਰਿਜ਼ਰਵ) ਸੀਟਾਂ ਵਿਚ ਬਦਲ ਦਿੱਤਾ ਗਿਆ, ਪਰ ਇਸਦੇ ਬਾਵਜੂਦ ਸੈਂਕੜੇ ਸਾਲਾਂ ਬਾਅਦ ਮਿਲੇ ਇਨ੍ਹਾਂ ਚੋਣ ਅਧਿਕਾਰਾਂ ਨੇ ਭਾਰਤ ਦੇ ਅਛੂਤਾਂ ਨੂੰ ਇੱਕ ਵੱਖਰੀ ਰਾਜਨੀਤਕ ਪਛਾਣ ਦਿੱਤੀ।
ਇਸ ਮੌਕੇ ਤੇ ਡਾ. ਜੀ ਸੀ ਕੌਲ ਨੇ ਕਿਹਾ ਕਿ ਪੂਨਾ ਪੈਕਟ ਨੇ ਦਲਿਤਾਂ ਵਿਚ ਵਿਦਿਅਕ ਕ੍ਰਾਂਤੀ ਦਾ ਆਗਾਜ਼ ਕੀਤਾ, ਜਿਸ ਦੇ ਸਿੱਟੇ ਵਜੋਂ ਸਦੀਆਂ ਤਕ ਵਿਦਿਅਕ ਅਦਾਰਿਆਂ ਤੋਂ ਦੂਰ ਰੱਖੇ ਗਏ ਅਛੂਤ ਉੱਚ-ਵਿਦਿਆ ਪ੍ਰਾਪਤ ਕਰਕੇ, ਬਾਬਾ ਸਾਹਿਬ ਦੇ ਅਣਥੱਕ ਸੰਘਰਸ਼ਾਂ ਸਦਕਾ ਵਕੀਲ, ਇੰਜੀਨੀਅਰ, ਡਾਕਟਰ, ਪ੍ਰੋਫੈਸਰ, ਹਾਈ ਕੋਰਟਾਂ ਦੇ ਜੱਜ, ਪ੍ਰਸ਼ਾਸ਼ਨਿਕ ਅਧਿਕਾਰੀ ਬਣਕੇ ਰਾਜਾਂ ਦੇ ਮੁਖ ਸਕੱਤਰ, ਡੀ.ਜੀ.ਪੀ., ਹਾਈ ਕਮਿਸ਼ਨਰ, ਅੰਬੇਸੇਡਰ, , ਮੰਤਰੀ, ਮੁਖ ਮੰਤਰੀ, ਗਵਰਨਰ, ਸੁਪਰੀਮ ਕੋਰਟ ਦੇ ਮੁੱਖ ਨਿਆਏਧੀਸ਼, ਅਤੇ ਰਾਸ਼ਟਰਪਤੀ ਵਰਗੇ ਸਰਬ ਉੱਚ ਅਹੁਦਿਆਂ ਤਕ ਵੀ ਪਹੁੰਚੇ। ਉਨ੍ਹਾਂ ਦੇਸ਼ ਦੀ ਵਰਤਮਾਨ ਸਥਿਤੀ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਵੱਲੋਂ ਨਿਰੰਤਰ ਸੰਘਰਸ਼ ਦੁਆਰਾ ਭਾਰਤੀ ਸੰਵਿਧਾਨ ਵਿਚ ਦਲਿਤਾਂ ਦੇ ਵਿਕਾਸ ਲਈ ਕੀਤੇ ਪ੍ਰਾਵਧਾਨ ਖਤਮ ਕੀਤੇ ਜਾ ਰਹੇ ਹਨ। ਸਾਨੂੰ ਸਾਰਿਆਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਸੈਮੀਨਾਰ ਦੌਰਾਨ ਵਿਦਵਾਨ ਸ਼ਰੋਤਿਆਂ ਦੇ ਪ੍ਰਸ਼ਨਾਂ ਦੇ ਜੁਆਬ ਵੀ ਦਿੱਤੇ ਗਏ।
ਸਮਾਗਮ ਦੌਰਾਨ ਅੰਬੇਡਕਰਵਾਦੀ ਜਥੇਬੰਦੀਆਂ ਦੇ ਆਗੂਆਂ ਨੇ ਮੁੱਖ ਬੁਲਾਰਿਆਂ ਨੂੰ ਲੋਈ ਅਤੇ ਬੁੱਕੇ ਦੇ ਕੇ ਸਨਮਾਨਿਤ ਕੀਤਾ। ਸੈਮੀਨਾਰ ਦੀ ਸ਼ੁਰੂਆਤ ਵਿਚ ਮੁੱਖ ਬੁਲਾਰਿਆਂ ਅਤੇ ਸ੍ਰੋਤਿਆਂ ਦਾ ਸਵਾਗਤ ਕਰਦਿਆਂ ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਚੇਅਰਮੈਨ ਪ੍ਰੋ. ਸੋਹਨ ਲਾਲ, ਸੇਵਾਮੁਕਤ ਡੀ.ਪੀ.ਆਈ. (ਕਾਲਜਾਂ) ਨੇ ਬਾਬਾ ਸਾਹਿਬ ਦੀਆਂ ਸਾਰੀਆਂ ਲਿਖਤਾਂ ਨੂੰ ਪੁਸਤਕਾਂ ਦੇ ਰੂਪ ਵਿਚ ਪ੍ਰਕਾਸ਼ਿਤ ਕਰਨ ਲਈ ਦਲ ਵੱਲੋਂ ਮਹਾਰਾਸ਼ਟਰ ਵਿਚ ਕੀਤੇ ਗਏ ਤਿੱਖੇ ਸੰਘਰਸ਼ਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ । ਸੈਮੀਨਾਰ ਦੇ ਆਖਿਰ ਵਿਚ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਸ਼੍ਰੀ ਜਸਵਿੰਦਰ ਵਰਿਆਣਾ ਨੇ ਸ਼ਾਮਲ ਸ੍ਰੋਤਿਆਂ ਅਤੇ ਮੁੱਖ ਬੁਲਾਰਿਆਂ ਦਾ ਧੰਨਵਾਦ ਕੀਤਾ । ਸਟੇਜ ਦਾ ਬਾਖੂਬੀ ਸੰਚਾਲਨ ਕਰਦਿਆਂ ਦਲ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਦਲ ਦੇ ਸੰਗਠਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਤਾ ਸੈਨਿਕ ਦਲ ਦਾ ਗਠਨ ਬਾਬਾ ਸਾਹਿਬ ਨੇ ਖੁਦ 13 ਮਾਰਚ 1927 ਨੂੰ ਕੀਤਾ ਸੀ। ਦਲ ਦਾ ਹੈੱਡ ਆਫ਼ਿਸ ਨਾਗਪੁਰ ਵਿਖੇ ਹੈ ਅਤੇ ਇਸ ਦਾ ਆਪਣਾ ਟ੍ਰੇਨਿੰਗ ਸੈਂਟਰ ਹੈ ਜਿਥੇ ਨੌਜਵਾਨਾਂ (ਲੜਕੇ ਅਤੇ ਲੜਕੀਆਂ) ਨੂੰ ਮਾਨਸਿਕ, ਸ਼ਰੀਰਕ ਅਤੇ ਨੈਤਿਕ ਸਿਖਲਾਈ ਦਿੱਤੀ ਜਾਂਦੀ ਹੈ।
ਇਸ ਮੌਕੇ ਹਰਭਜਨ ਨਿਮਤਾ, ਐਡਵੋਕੇਟ ਕੁਲਦੀਪ ਭੱਟੀ, ਚਰਨ ਦਾਸ ਸੰਧੂ, ਹਰਮੇਸ਼ ਜੱਸਲ, ਐਡਵੋਕੇਟ ਪਰਮਿੰਦਰ ਸਿੰਘ ਖੁੱਤਣ, ਪ੍ਰੋ. ਬਲਬੀਰ, ਡਾ: ਮਹਿੰਦਰ ਸੰਧੂ, ਬਲਵਿੰਦਰ ਕੁਮਾਰ ਲੀਰ, ਡਾ: ਬਾਘਾ, ਸਤਨਾਮ ਹੀਰ, ਰਵੀਕਾਂਤ, ਪਿਸ਼ੋਰੀ ਲਾਲ ਸੰਧੂ, ਮਦਨ ਲਾਲ, ਜੋਤੀ ਪ੍ਰਕਾਸ਼, ਕ੍ਰਿਸ਼ਨ ਮਹਿਮੀ, ਸਤਵਿੰਦਰ ਮਦਾਰਾ, ਬਲਵਿੰਦਰ ਪੁਆਰ, ਹਰੀ ਰਾਮ ਓ.ਐਸ.ਡੀ., ਮੇਹਰ ਮਲਿਕ, ਡੀ.ਪੀ. ਭਗਤ, ਹਰੀ ਸਿੰਘ ਥਿੰਦ, ਮਾਸਟਰ ਜੀਤ ਕੁਮਾਰ, ਸੇਵਾ ਸਿੰਘ, ਰਾਮ ਲਾਲ ਦਾਸ ਆਦਿ ਹਾਜ਼ਰ ਸਨ। ਇਹ ਜਾਣਕਾਰੀ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਦਿੱਤੀ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਇਕਾਈ।