(ਸਮਾਜ ਵੀਕਲੀ)– ਅੰਬੇਡਕਰ ਨਾਮ ਦਾ ਅਰਥ ਹੀ ਸੱਚਾਈ,ਏਕਤਾ, ਸਮਾਨਤਾ, ਵਿਕਾਸ ਅਤੇ ਇਨਸਾਫ਼ ਵਰਗੇ ਸਬਦਾਂ ਦੀ ਯਾਦ ਦਿਵਾਉਂਦਾ ਹੈ ਪਰ ਜਦੋਂ ਜਦੋਂ ਵੀ ਅਜਿਹੇ ਸ਼ਬਦਾਂ ਨਾਲ ਵਾਦ ਸਬਦ ਜੁੜਿਆ ਤਾਂ ਇੱਕ ਸਾਂਝਾ ਵਾਦ ਪੈਦਾ ਹੋਇਆ ਜਿਸਨੂੰ ਕੱਟੜਵਾਦ ਦਾ ਨਾਮ ਦਿੱਤਾ ਗਿਆ। ਕੱਟੜਵਾਦ ਟੁੱਟੀ ਫੁੱਟੀ ਰਾਜਨੀਤੀ ਖੇਡਣ ਤੋਂ ਬਿਨਾਂ ਹੋਰ ਕੋਈ ਵਿਕਾਸਸ਼ੀਲ ਵਿਚਾਰਧਾਰਾ ਪੈਦਾ ਨਹੀਂ ਕਰ ਸਕਦਾ। ਇਹੀ ਹੋਇਆ ਬਹੁਜਨ ਸਮਾਜ ਪਾਰਟੀ ਦੇ ਨਾਲ, ਜਿਸ ਨੇ ਜਾਤੀਵਾਦ ਦੀ ਅਜਿਹੀ ਰਾਜਨੀਤੀ ਨੂੰ ਪੈਦਾ ਕੀਤਾ ਜਿਸ ਵਿੱਚ ਕਿਸੇ ਨੂੰ ਰੁਚੀ ਹੀ ਨਹੀਂ ਰਹੀ ਅਤੇ ਪੰਜਾਬ ਵਿਧਾਨਸਭਾ ਵਿੱਚ 117 ਵਿੱਚੋਂ ਗਠਬੰਧਨ ਦੇ ਆਧਾਰ ਤੇ ਵੀ ਸਿਰਫ਼ ਇੱਕ ਹੀ ਸੀਟ ਪ੍ਰਾਪਤ ਕਰ ਸਕੀ। ਸਾਹਿਬ ਕਾਸ਼ੀ ਰਾਮ ਜੀ ਨੇ ਕਿਹਾ ਸੀ ਕਿ ਜੋ ਲੋਕ ਅੰਬੇਡਕਰਵਾਦ ਨੂੰ ਚਲਾਉਣ ਵਿੱਚ ਅਸਫਲ ਰਹੇ, ਉਹ ਨਹੀਂ ਚਾਹੁੰਦੇ ਕਿ ਨਵੇਂ ਲੋਕ ਆ ਕੇ ਇਸ ਨੂੰ ਚਲਾਉਣ। ਸੱਚਮੁੱਚ ਉਨ੍ਹਾਂ ਦੇ ਸ਼ਬਦ ਅੱਜ ਸੱਚ ਹੁੰਦੇ ਪ੍ਰਤੀਤ ਹੋ ਰਹੇ ਹਨ। ਮੈਂ ਕਈ ਅਜਿਹੇ ਆਗੂਆਂ ਨੂੰ ਮਿਲਿਆ ਜੋ ਸਿਰਫ਼ ਵੋਟਾਂ ਤੋਂ ਕੁਝ ਦਿਨ ਪਹਿਲਾਂ ਲੋਕਾਂ ਵਿੱਚ ਜਾ ਕੇ ਕਹਿੰਦੇ ਹਨ ਕਿ ਆਪਾਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਹੈ।
ਪਰ ਸੱਚਾਈ ਇਹ ਹੈ ਕਿ ਬੇਰੁਜ਼ਗਾਰੀ,ਮਹਿੰਗਾਈ,ਬੇਇਨਸਾਫੀ ਦੇ ਮਾਹੌਲ ਵਿੱਚ ਪਿਸ ਰਹੀ ਲੋਕਾਈ ਦੀ ਕਿਸੇ ਮਿਸ਼ਨ ਵਿੱਚ ਕੋਈ ਰੁਚੀ ਹੀ ਨਹੀਂ। ਇਸ ਗੱਲ ਨੂੰ ਬਿਲਕੁਲ ਨਕਾਰਿਆ ਨਹੀਂ ਜਾ ਸਕਦਾ ਕਿ ਬਹੁਜਨ ਆਗੂ ਖੁਦ ਅਜਿਹੀ ਵਿਚਾਰਧਾਰਾ ਦਾ ਪ੍ਰਸਾਰ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਿਤ ਹੋਏ ਜੋ ਸਮੁੱਚੀ ਮਨੁੱਖਤਾ ਲਈ ਕਲਿਆਣਕਾਰੀ ਹੋਣ ਦੀ ਸਾਹਦੀ ਭਰਦੀ ਹੋਵੇ, ਇਸੇ ਕਰਕੇ ਬਹੁਜਨ ਰਾਜਨੀਤੀ ਗਠਬੰਧਨਾਂ ਦੀ ਦਲਦਲ ਵਿੱਚ ਫੱਸ ਕੇ ਰਹਿ ਗਈ ਜੋ ਗੂੰਗੇ ਦੁਆਰਾ ਬੋਲੇ ਨੂੰ ਕਹਾਣੀ ਸੁਨਾਉਣ ਤੋਂ ਜਿਆਦਾ ਕੁਝ ਨਹੀਂ। ਸੋਚਣ ਵਾਲੀ ਗੱਲ ਹੈ ਕਿ ਭਾਜਪਾ, ਆਰ ਐੱਸ ਐੱਸ ਨੂੰ ਭਾਰਤੀ ਸੰਵਿਧਾਨ ਲਈ ਸਭ ਤੋਂ ਵੱਡਾ ਖਤਰਾ ਮੰਨਣ ਵਾਲੀ ਬਹੁਜਨ ਸਮਾਜ ਪਾਰਟੀ ਨੇ ਉਸ ਅਕਾਲੀ ਦਲ ਨਾਲ ਗਠਬੰਧਨ ਕੀਤਾ ਜੋ ਲੰਮੇਂ ਸਮੇਂ ਤੋਂ ਭਾਜਪਾ ਨਾਲ ਗਠਬੰਧਨ ਵਿੱਚ ਸੀ ਅਤੇ ਜੇਕਰ ਨਹੁੰ-ਮਾਸ ਦੇ ਰਿਸਤੇ ਵਾਲੀ ਉਦਾਹਰਨ ਉੱਤੇ ਖਰੇ ਉੱਤਰਦੇ ਹੋਏ, ਅਕਾਲੀ ਦਲ ਭਾਜਪਾ ਨਾਲ ਦੁਬਾਰਾ ਗਠਬੰਧਨ ਵਿੱਚ ਆ ਜਾਂਦਾ ਤਾਂ ਬਹੁਜਨ ਸਮਾਜ ਪਾਰਟੀ ਦਾ ਬਣਦਾ ਕੀ? ਕੀ ਇਨ੍ਹਾਂ ਨੇ ਵੀ ਭਾਜਪਾ ਨਾਲ ਹੱਥ ਮਿਲਾ ਕੇ ਚੱਲਦੇ ਰਹਿਣਾ ਸੀ? ਅੰਬੇਡਕਰ, ਜਿੰਨਾਂ ਨੇ ਸਾਰੀ ਉਮਰ ਸ਼ੋਸਿਤ ਲੋਕਾਈ ਦੇ ਹੱਕਾਂ ਲਈ ਦਰਦ ਹੰਢਾਏ ਅਤੇ ਧਾਰਮ-ਜਾਤੀਵਾਦ ਦੀ ਗੰਦੀ ਸਿਆਸਤ ਦੀਆਂ ਜੜਾਂ ਪੁੱਟਣ ਦਾ ਬੇੜਾ ਚੁੱਕਿਆ, ਉਸ ਅੰਬੇਡਕਰ ਦੇ ਵਾਰਿਸ ਕਹਾਉਣ ਵਾਲੇ ਅਖਾਉਤੀ ਬੁੱਧੀਜੀਵੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ, ਹਿੰਦੂਤਵੀਆਂ ਨਾਲ ਗਠਬੰਧਨ ਕਰਕੇ ਜਾਤੀਵਾਦ ਦੀ ਰਾਜਨੀਤੀ ਕਰਨ ਬੈਠ ਗਏ। ਬਿਲਕੁਲ, ਅਸੀਂ ਚਾਹੁੰਦੇ ਹਾਂ ਕਿ ਬਾਬਾ ਸਾਹਿਬ ਅੰਬੇਡਕਰ ਜਿਸ ਤਰ੍ਹਾਂ ਦਾ ਦੇਸ਼ ਚਾਹੁੰਦੇ ਸਨ, ਬਣਨਾ ਚਾਹੀਦਾ ਹੈ ਪਰ ਸੋਚਣ ਵਾਲੀ ਗੱਲ ਹੈ ਕਿ, ਕੀ ਅੱਜ ਜਾਤੀਵਾਦ ਦੀ ਰਾਜਨੀਤੀ ਕਰਨ ਵਾਲੇ ਇਹ ਆਗੂ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਯੋਗ ਹਨ ?
ਅਮਨ ਜੱਖਲਾਂ
(ਪ੍ਰੈੱਸ ਸਕੱਤਰ, ਮਾਲਵਾ ਲਿਖਾਰੀ ਸਭਾ ਸੰਗਰੂਰ)
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly