(ਸਮਾਜ ਵੀਕਲੀ) ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁ) ਭਵਾਨੀਗੜ੍ਹ ਵਿਖੇ ਡਾ. ਰਾਜਵੰਤ ਕੌਰ ਪੰਜਾਬੀ ਜੀ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ ਜੋ ਕਿ ਯਾਦਗਾਰੀ ਹੋ ਨਿਬੜਿਆ। ਉਹਨਾਂ ਨੇ ਆਪਣੇ ਸੰਘਰਸ਼ਮਈ ਜੀਵਨ ਤੇ ਝਾਤ ਮਾਰਦਿਆਂ ਦੱਸਿਆ ਕਿ ਉਹਨਾਂ ਨੇ ਇੱਕ ਦਿਹਾੜੀਦਾਰ ਕਲਰਕ ਤੋਂ ਸ਼ੁਰੂਆਤ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਉਣ ਦਾ ਸੁਭਾਗ ਹਾਸਲ ਕੀਤਾ ਹੈ ਜਿਸ ਪਿੱਛੇ ਉਹਨਾਂ ਦੀ ਅਣਥੱਕ ਮਿਹਨਤ ਛੁਪੀ ਹੋਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਸਾਹਿਤਿਕ ਸਫਰ ਬਾਰੇ ਦੱਸਿਆ ਕਿ ਸਕੂਲੀ ਜੀਵਨ ਵਿੱਚ ਹੀ ਉਹਨਾਂ ਨੂੰ ਸਾਹਿਤਕ ਚੇਟਕ ਲੱਗ ਗਈ ਸੀ ਅਤੇ ਹੁਣ ਤੱਕ ਲਗਾਤਾਰ ਮਾਂ ਬੋਲੀ ਦੀ ਸੇਵਾ ਵਿੱਚ ਘਾਲਣਾ ਘਾਲ਼ ਰਹੇ ਹਨ। ਉਹਨਾਂ ਦੇ ਨਾਲ ਸਾਂਝਾ ਸਾਹਿਤਕ ਮੰਚ ਪਟਿਆਲਾ ਵੱਲੋਂ ਨਵਦੀਪ ਸਿੰਘ ਮੁੰਡੀ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਜੀ ਵੀ ਉਚੇਚੇ ਤੌਰ ਤੇ ਪਹੁੰਚੇ। ਉਹਨਾਂ ਨੇ ਹਾਜ਼ਰ ਸ਼ਾਇਰਾਂ, ਪਾਠਕਾਂ ਤੇ ਸਰੋਤਿਆਂ ਨੂੰ ਆਪਣੇ ਸਾਹਿਤਿਕ ਸਫਰ ਬਾਰੇ ਸੰਖੇਪ ਵਿੱਚ ਦੱਸਦਿਆਂ ਕਿਹਾ ਕਿ ਅਜੋਕਾ ਮਨੁੱਖ ਕੁਦਰਤ ਤੋਂ ਦੂਰ ਹੋ ਗਿਆ ਹੈ ਜਿਸ ਕਾਰਨ ਜੀਵਨ ਵਿੱਚ ਪਹਿਲਾਂ ਵਾਲਾ ਸੁਖ-ਸਕੂਨ ਨਹੀਂ ਰਿਹਾ। ਉਹਨਾਂ ਨੇ ਜਦੋਂ ਆਪਣੀ ਮਸ਼ਹੂਰ ਕਵਿਤਾ ‘ਕਿੱਥੇ ਗਈ ਏਂ ਮਾਰ ਉਡਾਰੀ ਨੀ ਚਿੜੀਏ’ ਸਾਂਝੀ ਕੀਤੀ ਤਾਂ ਸਰੋਤੇ ਝੂਮ ਉਠੇ। ਇਸ ਮੌਕੇ ਇੱਕ ਵਿਸ਼ਾਲ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਪਵਨ ਕੁਮਾਰ ਹੋਸੀ, ਉਮੇਸ਼ ਘਈ, ਕੌਰ ਰਾਮਪੁਰੀ, ਬਲਜੀਤ ਸਿੰਘ ਬਾਂਸਲ, ਕਰਮ ਸਿੰਘ ਜ਼ਖ਼ਮੀ, ਹਰਬੰਸ ਸਿੰਘ ਧੂਰੀ, ਸੁਖਵਿੰਦਰ ਲੋਟੇ, ਮੈਡਮ ਸ਼ਸ਼ੀ ਬਾਲਾ, ਹਰਵੀਰ ਸਿੰਘ ਬਾਗੀ, ਬਲਜਿੰਦਰ ਬੱਲੀ ਈਲਵਾਲ, ਅਮਨ ਵਸ਼ਿਸ਼ਟ, ਸੁਰਜੀਤ ਸਿੰਘ ਮੌਜੀ, ਸਰਬਜੀਤ ਸੰਗਰੂਰਵੀ, ਸੰਦੀਪ ਸਿੰਘ ਬਖੋਪੀਰ, ਗੁਰਦੀਪ ਸਿੰਘ, ਪਟਵਾਰੀ ਚਰਨਜੀਤ ਆਦਿ ਸ਼ਾਇਰਾਂ ਨੇ ਹਾਜ਼ਰੀ ਲਵਾਈ। ਮੰਚ ਦੇ ਸਰਪ੍ਰਸਤ ਸ ਚਰਨ ਸਿੰਘ ਚੋਪੜਾ ਵੱਲੋਂ ਇਸ ਮੌਕੇ ਪਹੁੰਚੇ ਸ਼ਾਇਰਾਂ,ਪਾਠਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


