(ਸਮਾਜ ਵੀਕਲੀ)
ਪੰਜਾਬੀ ਸਾਹਿਤ ਜਗਤ ਵਿੱਚ ‘ਤਾਰਿਆਂ ਦਾ ਰੁਮਾਲ’ ਅਤੇ ‘ਪੈੜਾਂ ਦੇ ਪੈਂਡੇ’ ਸੰਪਾਦਿਤ ਪੁਸਤਕਾਂ ਪਾਉਣ ਤੋਂ ਬਾਅਦ ਆਪਣੀ ਪਲੇਠੀ ਮੂਲ ਕਾਵਿ ਸੰਗ੍ਰਹਿ ਦੀ ਪੁਸਤਕ ‘ਕੱਕੀਆਂ ਕਣੀਆਂ’ ਲੈ ਕੇ ਹਾਜ਼ਰ ਹੋਈ ਹੈ ਕਵਿਤਰੀ ਅੰਜਨਾ ਮੈਨਨ। ਜਿਸ ਵਿੱਚ ਉਸ ਨੇ ਛੋਟੀਆਂ-ਵੱਡੀਆਂ ਕਰੀਬ ਇੱਕ ਸੋ ਇੱਕ ਕਵਿਤਾਵਾਂ ਸ਼ਾਮਲ ਕੀਤੀਆਂ ਹਨ। ਜਿੱਥੇ ਉਸ ਨੇ ਪੁਸਤਕ ਮਾਤ ਭਾਸ਼ਾ ਨਾਲ ਜੋੜਨ ਵਾਲੀ ਆਪਣੀ ਮਾਂ ਨੂੰ ਸਮਰਪਿਤ ਕੀਤੀ ਹੈ ਉੱਥੇ ਉਸ ਨੇ ਆਪਣੀ ਸਿਰਜਣਾ ਲਈ ਇੱਕ ਸਲੋਗਨ ਵੀ ਰੱਖਿਆ ਹੋਇਆ ਹੈ-‘ਜੀਵੇ ਪੰਜਾਬ-ਜੀਵੇ ਪੰਜਾਬੀ ਬੋਲੀ’। ਉਸਨੇ ਆਪਣੇ ‘ਸ਼ਬਦ ਕਲੀਰੇ’ ਵਿੱਚ ਸਪਸ਼ਟ ਕੀਤਾ ਹੈ ਕਿ ਕਵਿਤਾ ਉਸ ਲਈ ਚਿੰਤਨ ਸਲੀਕਾ ਅਤੇ ਵੱਖਰੀ ਤਰ੍ਹਾਂ ਜੀਣ ਦੀ ਅਦਾ ਹੈ। ਉਸ ਨੇ ਕਵਿਤਾ ਨੂੰ ਸਵੈ ਦੇ ਸਫ਼ਰ ਤੇ ਹੰਡਾਇਆ ਹੈ। ਉਸ ਨੇ ਆਪਣਾ ਕਾਵਿ ਸਫ਼ਰ ਕਰਮ ਭੂਮੀ ਰਸੋਈ ਤੋਂ ਸ਼ੁਰੂ ਕੀਤਾ ਹੈ।
ਪੁਸਤਕ ਵਿਚਲੀਆਂ ਕਵਿਤਾਵਾਂ ਦਰਦ ਦਾ ਰੰਗ ਉਘਾੜਦੀਆਂ ਹਨ ਉਹ ਭਾਵੇਂ ਭਰਾ ਦੇ ਚਲੇ ਜਾਣ ਦਾ ਦਰਦ ਹੋਵੇ ਪਿਤਾ ਦੇ ਵਿਛੋੜੇ ਦਾ ਦਰਦ ਹੋਵੇ ਜਾਂ ਘਰ ਛੱਡਣ ਦਾ ਦਰਦ ਹੀ ਹੋਵੇ ਉਸ ਦੀਆਂ ਕਵਿਤਾਵਾਂ ’ਤੇ ਭਾਰੂ ਹੈ। ਕਵਿਤਾਵਾਂ ਮਾਏ ਨੀ ਸੁਨੇਹੇ ਤੂੰ ਆ ਤਾਂ ਸਹੀ ਹੁਣ ਕਦ ਆਉਣਾ ਆਂ ਦੀਵੇ ਜੋ ਬੁਝਗੇ ਉਡੀਕ ਲੱਗੀਆਂ ਨੀ ਮੇਰੇ ਨੈਣੀ ਤੇਰੀ ਛਾਂ ਬਿਨਾ ਅਤੇ ਸਦੀਵੀ ਸੋਗ ਆਦਿ ਦਾ ਮੁਤਾਲਿਆ ਕਰਦਿਆਂ ਇੰਝ ਮਹਿਸੂਸ ਹੋਇਆ। ਕਵਿਤਾ ਧਰਤੀ ਦੀ ਛਾਤੀ ’ਚੋਂ ਨੀਰ ਦਾ ਮੁਕਣਾ ਅਤੇ ਰੁਖਾਂ ਦਾ ਵਢਣਾ ਉਸ ਨੂੰ ਛਾਂ ਦਾਰ ਪੁੱਤਾਂ ਦੇ ਵਢਣ ਵਾਂਗ ਜਾਪਦਾ ਹੈ। ਅਤੇ ਦੂਜੇ ਪਾਸੇ ਉਹ ਧਰਤੀ ਨੂੰ ਹਰੀ ਭਰੀ ਕਰਨ ਦਾ ਯਤਨ ਅਤੇ ਸ਼ਿੰਗਾਰਨ ਦੀ ਆਸ ਉਪਜਾਉਂਦੀ ਹੈ।
ਪੁਸਤਕ ਵਿੱਚ ਜਜ਼ਬਿਆਂ ਦਹਿਸ਼ਤ ਧੋਖਾ ਦੇ ਨਾਲ-ਨਾਲ ਸ਼ਿਵ ਕੁਮਾਰ ਬਟਾਲਵੀ ਗੁਰੂ ਨਾਨਕ ਬਾਲਾ-ਮਰਦਾਨਾ ਕਿ੍ਰਸ਼ਨ-ਸੁਦਾਮਾ ਦੀ ਵਾਰਤਾ ਵੀ ਕਰਦੀ ਹੈ ਕਵਿਤਾ। ਕਵਿਤਾਵਾਂ ਮਾਸਕ ਨੇਚਰ ਐਪ ਅਸੀਂ ਕੁੜੀਆਂ ਪਾਜ਼ਿਟਿਵ ਮਰਦਪੁਣਾ ਤਾਲਾ ਬੰਦੀ ਕੋਰੋਨਾ ਕਾਲ ਆਦਿ ਵਿੱਚ ਔਰਤ ਦੀ ਤਰਾਸਦੀ ਦਾ ਬਿਆਨ ਕਰਦੀਆਂ ਹਨ। ਇਸ ਤਰ੍ਹਾਂ ਕਵਿਤਾ ਧੀ ਵਿੱਚ ਬਹੁਤ ਵੱਡੀ ਗੱਲ ਕਹੀ ਗਈ ਹੈ ਜੋ ਜੀਵਨ ਦਾ ਧੂਰਾ ਹੁੰਦੀ ਹੈ ਜਿਸ ਨਾਲ ਸਾਰੇ ਰਿਸ਼ਤੇ ਬਣਦੇ ਹਨ। ਜਿਵੇਂ-
‘ਧੀ ਧੁਰੀ ਹੈ ਧਰਤੀ ’ਤੇ ਜੀਵਨ ਦੀ
ਇਸ ਦੇ ਘੁੰਮਣ ਨਾਲ ਹੀ ਤਾਂ ਬਣਦੇ ਹਨ
ਬਾਕੀ ਸਭ ਰਿਸ਼ਤੇ।’ (ਧੀ-ਪੰਨਾ 68)
ਕਵਿਤਾ ਸਿਰਫ ਪਿਆਰ ਦੀ ਗੱਲ ਹੀ ਨਹੀਂ ਕਰਦੀ ਸਗੋਂ ਇਸ਼ਕ ਹਕੀਕੀ ਦੀ ਗੱਲ ਵੀ ਕਰਦੀ ਹੈ ਜਿਸ ਵਿੱਚ ਆਪਣਿਆਂ ਰਿਸ਼ਤਿਆਂ ਪ੍ਰਤੀ ਪਿਆਰ ਅਤੇ ਦੁਆ ਕਰਦੀ ਜਾਪਦੀ ਹੈ ਉਹ ਆਪਣਿਆਂ ਨੂੰ ਤਰੱਕੀ ਕਰਕੇ ਜਾਣ ਦੀ ਗੱਲ ਤਾਂ ਕਰਦੀ ਹੈ ਪਰ ਹਕੀਕਤ ਵਿੱਚ ਦੂਰ ਜਾਣ ਦੀ ਗੱਲ ਨਹੀਂ ਕਰਦੀ-
‘ਸ਼ਾਲਾ।
ਤੂੰ ਦੂਰ ਤੀਕ ਜਾਵੀਂ
ਪਰ ਹਾੜਾ ਦੂਰ ਨਾ ਜਾਵੀਂ।’ (ਦੁਆ-ਪੰਨਾ 73)
ਅਤੇ
‘ਤਕਲੀਫ਼ ਉਦੋਂ ਏਨੀ ਨਹੀਂ ਹੁੰਦੀ
ਜਦੋਂ ਕੋਈ ਸਿਰਫ਼ ਦੂਰ ਹੋਵੇ
ਹਾਂ ਉਦੋਂ ਜਰੂਰ ਟੁੱਟ ਜਾਂਦਾ ਏ ਸਬਰ ਦਾ ਬੰਨ
ਜਦ ਕੋਈ ਨਜ਼ਦੀਕ ਹੁੰਦੇ ਵੀ ਨਾਲ ਨਾ ਹੋਵੇ
ਸੱਚੀ ਬਹੁਤ ਤਕਲੀਫ਼ ਹੁੰਦੀ ਹੈ।’ (ਤਕਲੀਫ਼-ਪੰਨਾ 135)
ਕਵਿਤਾ ‘ਡਿਜੀਟਲ ਇੰਡੀਆ’ ਸਮਾਜ ਦੀਆਂ ਵਿਸੰਗਤੀਆਂ ਨੂੰ ਵੀ ਉਜਾਗਰ ਕਰਦੀ ਹੈ ਜਿਵੇਂ ਬੇਰੁਜ਼ਗਾਰੀ ਬਲਾਤਕਾਰ ਜਾਤ-ਪਾਤ ਅੱਤਵਾਦ ਆਦਿ। ਪ੍ਰਲੋਕੀਂ ਵਸਦੀਆਂ ਰੂਹਾਂ ਤੋਂ ਆਪਣੇ ਸਵਾਲਾਂ ਦੇ ਜਵਾਬ ਮੰਗਦੀ ਹੈ ਜਿਨ੍ਹਾਂ ਦੀ ਮਹਿਕ ਰੂਹਾਂ ਵਿੱਚ ਵਸਦੀ ਹੈ। ਇਸੇ ਤਰ੍ਹਾਂ ਹੋਰ ਕਵਿਤਾਵਾਂ ਵੀ ਵੇਖੀਆਂ ਜਾ ਸਕਦੀਆਂ ਹਨ ਜਿਵੇਂ-
‘ਇਹ ਬੀਤ ਚੁੱਕੇ ਪਰ ਸੁਲ਼ਗਦੇ ਪਲ਼ਾਂ ਦਾ ਪਾਠ
ਮੈਂ ਨਿਰੰਤਰ ਆਪਣੇ ਬਿਸਮਾਦ ਦੀ ਬੇਬਸੀ ਦੇ
ਬੇਹੇ ਸਾਹਾਂ ਦਾ ਪ੍ਰਸ਼ਾਦ ਲੈ ਨਮੋਸ਼ ਦਿਲ ਝੁਕੀਆਂ ਪਲ਼ਕਾਂ ਅਤੇ
ਕੰਬਦਿਆਂ ਦੀਦਿਆਂ ਦੀ ਗਾਥਾ ਨੂੰ ਸੱਚ ਦਾ ਕੰਡਿਆਲ਼ਾ ਕਫ਼ਨ
ਪਾ ਕੇ ਮੈਂ ਝੁਰਦੀ ਹਾਂ ਤੁਰਦੀ ਹਾਂ।’ (ਇਕ ਯਾਦ-ਪੰਨਾ 57)
ਅਤੇ
‘ਦੁੱਖਾਂ ਦੀ ਟਾਹਣੀ ਕਿਸੇ ਹਿਲਾਈ ਤਾਂ
ਝੋਲ਼ੀ ’ਚ ਇਹ ਮੋਏ ਸੁਪਨੇ ਪੈ ਗਏ ਮੇਰੇ।’ (ਸੁਪਨੇ-ਪੰਨਾ 91)
ਇਹਨਾਂ ਤੋਂ ਇਲਾਵਾ ਪੁਸਤਕ ਵਿੱਚਲੀਆਂ ਕਵਿਤਾਵਾਂ ਅਮਲ ਹੀ ਜੀਵਨ ਹੈ ਅੱਠਵਾਂ ਰੰਗ ਰਿਸ਼ਤਿਆਂ ਦੀ ਤ੍ਰਾਸਦੀ ਸ਼ਹਿਰ ਤੇਰੇ ਵੱਲ ਤੇਰੇ ਹੋਣ ਤੋਂ ਕੱਚ-ਸੱਚ ਨਾਸੂਰ ਮੋਹ-ਮੁਹੱਬਤਾਂ ਬਰਕਤ ਭੁੱਲ ਅਤੇ ਅੰਤਰ ਯਾਤਰੀ ਪੜ੍ਹਨਯੋਗ ਹਨ। ਇਹ ਕਵਿਤਾਵਾਂ ਕਈ ਪ੍ਰਤੀਬਿੰਬਾਂ ਨੂੰ ਲੈ ਕੇ ਸਿਰਜੀਆਂ ਗਈਆਂ ਹਨ। ਭਾਵੇਂ ਇਹਨਾਂ ਵਿੱਚੋ ਕਾਫ਼ੀ ਹੱਦ ਤੱਕ ਦੀਆਂ ਕਵਿਤਾਵਾ ਸੋਸ਼ਲ ਮੀਡੀਆ ਉੱਪਰ ਵੀ ਮਿਲਦੀਆਂ ਹਨ ਪਰ ਇਹ ਸਾਰੀਆਂ ਹੀ ਅਰਥ ਭਰਪੂਰ ਕਵਿਤਾਵਾਂ ਹਨ ਜਿਨ੍ਹਾਂ ਦੇ ਅਰਥ ਬਹੁਤ ਡੁੰਘੇ ਜਾਪਦੇ ਹਨ।
ਭਾਵੇਂ ਇਸ ਪੁਸਤਕ ਵਿੱਚ ਵਖਰੇਵੇਂ ਤੌਰ ’ਤੇ ਟੱਪੇ ਮੌਡਰਨ ਬੋਲੀਆਂ ਅਤੇ ਹਿੰਦੀ ਰੰਗ ਦੀ ਕਵਿਤਾ ‘ਮਈਆ ਸਬਰ ਕਰੋ’ ਮਿਲਦੀਆਂ ਹਨ ਪਰ ਪੁਸਤਕ ਦੇ ਸ਼ੁਰੂਆਤੀ ਭਾਗ ਵਿੱਚ ਕੁਝ ਸ਼ਬਦਾਂ ਦੇ ਪੈਰਾਂ ਵਿੱਚ ‘ਰ’ ਅੱਖਰ ਬਿਨਾਂ ਕਿਸੇ ਮਕਸਦ ਪਾਇਆ ਅੱਖਰਦਾ ਹੈ ਜਿਵੇਂ- ਇਕੋ ਦੀ ਥਾਂ (ਇ੍ਰਕੋ) ਮਿਟੀ ਦੀ ਥਾਂ (ਮਿ੍ਰਟੀ) ਅਤੇ ਪਿਛੋਂ ਦੀ ਥਾਂ (ਪਿ੍ਰਛੋਂ) ਆਦਿ। ਇਸੇ ਤਰ੍ਹਾਂ ਸ਼ਬਦ ਰਸਤੇ ਦੀ ਥਾਂ (ਰਾਸਤਾ) ਆਉਂਦਾ ਹੈ।
ਪੁਸਤਕ ਵਿਚ ਵਿਸ਼ਾ ਪੱਖ ਸੰਵੇਦਨਸ਼ੀਲ ਪਾਠਕਾਂ ਨੂੰ ਗੰਭੀਰ ਮੁਦਰਾ ਵਿੱਚ ਲਿਆਉਣ ਵਾਲਾ ਅਤੇ ਦਰਦ ਭਰਿਆ ਹੈ। ਸਰਲ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਹੈ। ਲੇਖਿਕਾ ਦੀ ਪਲੇਠੀ ਪੁਸਤਕ ਇਤਨੀ ਗੰਭੀਰ ਹੋ ਸਕਦੀ ਹੈ ਮੰਨਣਾ ਅਚੰਭਿਤ ਜਾਪਦਾ ਹੈ। ਫਿਰ ਵੀ ਇਸ ਪਲੇਠੀ ਕਾਵਿ ਪੁਸਤਕ ‘ਕੱਕੀਆਂ ਕਣੀਆਂ’ ਦੇ ਸਾਹਿਤ ਜਗਤ ਵਿੱਚ ਹੋਏ ਪ੍ਰਵੇਸ਼ ਨੂੰ ਖੁਸ਼ ਆਮਦੀਦ ਕਹਿਣਾ ਬਣਦਾ ਹੈ ਜਿਸ ਨੂੰ ਉਸ ਨੇ ਇੰਨੀ ਗੰਭੀਰਤਾ ਨਾਲ ਸਿਰਜਿਆ ਹੈ। ਕਵਿਤਰੀ ਤੋਂ ਭਵਿੱਖ ਵਿੱਚ ਰਚੀਆਂ ਜਾਣ ਵਾਲੀਆਂ ਹੋਰ ਰਚਨਾਵਾਂ ਦੀ ਆਸ ਵਿੱਚ।
ਤੇਜਿੰਦਰ ਚੰਡਿਹੋਕ
ਸਾਬਕਾ ਏ.ਐਸ.ਪੀ ਨੈਸ਼ਨਲ ਐਵਾਰਡੀ
ਸੰਪਰਕ 95010-00224
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly