(ਸਮਾਜ ਵੀਕਲੀ)
ਨੇਰ੍ਹਿਆਂ ‘ਚੋਂ ਫਿਰੇ ਤੂੰ ਸਵੇਰਾ ਭਾਲਦਾ ।
ਮੂਰਖ਼ ਦਿਸੇ ਨਾ ਕੋਈ ਤੇਰੇ ਨਾਲ ਦਾ ।
ਕਿਤੇ ਕੋਈ ਭੇਖੀ ਵੱਡੀ ਗੱਪ ਛੱਡਦਾ ।
ਕਿਤੇ ਕੋਈ ਬੰਦਿਆਂ ‘ਚੋਂ ਭੂਤ ਕੱਢਦਾ ।
ਕੋਈ ਇੱਥੇ ਹੱਥ ਲਾ ਕੇ ਰੋਗ ਕੱਟਦਾ ।
ਕੰਨ ‘ਚ ਦੇ ਨਾਮ ਕੋਈ ਪੈਸੇ ਵੱਟਦਾ ।
ਕੋਈ ਆਖੇ ਤਨ ‘ਚ ਸ਼ੈਤਾਨ ਵੱਸਿਆ ।
ਮਾਰੋ ਦੋ ਕੁ ਚੀਕਾਂ ਫੇਰ ਵੇਖੋ ਨੱਸਿਆ ।
ਚਾਰੇ ਪਾਸੇ ਵੇਖ ਲੈ ਨਜ਼ਰ ਫੇਰ ਕੇ ।
ਕੂੜ ਨੇ ਹੀ ਰੱਖਿਆ ਹੈ ਸੱਚ ਘੇਰ ਕੇ ।
ਕਈ ਤਾਂ ਗਰੀਬ ਦਾ ਵੀ ਗਲ਼ ਘੁੱਟ ਦੇ ।
ਪੁੰਨ, ਪਾਪ ਆਖਕੇ ਬੜਾ ਹੀ ਲੁੱਟ ਦੇ ।
ਚੋਰਾਂ ਨਾਲ ਯਾਰੀਆਂ ਨੇ ਸਾਧ ਰੱਖਦੇ ।
ਨਾਲੇ ਰਾਜਨੀਤੀ ਦਾ ਸੁਆਦ ਚੱਖਦੇ ।
ਕੁਝ, ਭਾਗ ਖੋਲ੍ਹ ਦੇ ਨੇ ਫੂਕ ਮਾਰ ਕੇ ।
ਖੁਸ਼ ਬੜੇ ਹੁੰਦੇ ਭੋਲਿਆਂ ਨੂੰ ਚਾਰ ਕੇ ।
ਕੋਈ ਦੱਸੇ ਹਾਲ ਵਰਕੇ ਫ਼ਰੋਲ ਕੇ ।
ਕੋਈ ਤਾਂ ਪਿਲਾਏ ਸ਼ਬਦਾਂ ਨੂੰ ਘੋਲ ਕੇ ।
ਕੋਈ ਜਾਦੂ ਟੂਣੇ ਵਾਲਾ ਲੱਭਦਾ ਫਿਰੇ ।
ਸ਼ਾਤਰ ਪਖੰਡੀਆਂ ਦੇ ਪੈਰਾਂ ‘ਤੇ ਗਿਰੇ ।
ਚੌਂਕ ਵਿਚ ਜਾ ਕੇ ਕੋਈ ਝਾੜੂ ਸੁੱਟਦਾ ।
ਦੱਬਣ ਲਈ ਟੂਣਾ ਕੋਈ ਭੋਂ ਪੁੱਟਦਾ ।
ਕਿਤੇ ਕੋਈ ਗਲ਼ ‘ਚ ਤਵੀਤ ਪਾ ਰਿਹਾ ।
ਨਜ਼ਰ ਨਾ ਲੱਗੇ ਕਾਲਾ ਟਿੱਕਾ ਲਾ ਰਿਹਾ ।
ਕਈ ਪਾਣੀ ਵਿਚ ਨਾਰੀਅਲ ਸੁੱਟਦੇ ।
ਕਈ ਨੇ ਪਖੰਡੀਆਂ ਦੇ ਗੋਡੇ ਘੁੱਟਦੇ ।
ਬੜਿਆਂ ਨੇ ਗਿੱਟੇ ਨਾਲ ਧਾਗਾ ਬੰਨ੍ਹਿਆ ।
ਬੜਿਆਂ ਨੇ ਭੇਖੀਆਂ ਨੂੰ ਰੱਬ ਮੰਨਿਆ ।
ਕੋਈ ਫਿਰੇ ਰੁੱਖਾਂ ਵਿਚ ਕਿੱਲ ਗੱਡਦਾ ।
ਕੋਈ ਰੁੱਖਾਂ ਨਾਲ ਧਾਗੇ ਬੰਨ੍ਹ ਛੱਡਦਾ ।
ਗੁਰੂ ਘਰ ਹੁਣ ਕੋਈ ਵਿਰਲਾ ਵੜੇ ।
ਸਾਧਾਂ ਦਿਆਂ ਡੇਰਿਆਂ ‘ਤੇ ਜਾਂਦੇ ਨੇ ਬੜੇ ।
ਗੁਰੂਆਂ ਦਾ ਭੁੱਲ ਉਪਦੇਸ਼ ਜੋ ਗਏ ।
ਸਾਧਾਂ ਦੀਆਂ ਗੱਲਾਂ ‘ਤੇ ਨੇ ਫੁੱਲਦੇ ਪਏ ।
ਨਿੱਤ ਹੀ ਬਣਾਏ ਜਾਣ ਝੂਠ ਦੇ ਕਿਲ੍ਹੇ ।
ਟਕਿਆਂ ਦੇ ਬਿਨਾਂ ਇਨਸਾਫ਼ ਨਾ ਮਿਲੇ ।
ਸੱਜਣਾ ਤੂੰ ਹੱਥ ਅਕਲ ਨੂੰ ਮਾਰ ਲੈ ।
ਝੂਠਿਆਂ ਤੋਂ ਬਚ ਖ਼ੁਦ ਨੂੰ ਸੁਆਰ ਲੈ ।
ਖੜ੍ਹ ਨਾਲ ਉਸ ਦੇ ਤੂੰ ਜੌੜੇ ਵਾਲਿਆ ।
ਸੱਚਾ ਜੋ ਤੇ ਸੱਚ ਜਿਸ ਨੇ ਸੰਭਾਲਿਆ ।
ਨਿਸ਼ਾਨ ਸਿੰਘ
ਪਿੰਡ ਤੇ ਡਾਕ : ਜੌੜਾ ਸਿੰਘਾ
ਜ਼ਿਲ੍ਹਾ : ਗੁਰਦਾਸਪੁਰ
ਫੋਨ : 9646540249
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly