(ਸਮਾਜ ਵੀਕਲੀ)
ਪਾਕੀਜ਼ਾ ਰੂਹ ਦੇ ਅਹਿਸਾਸਾਂ ਚ ਵੱਸਦੀ ਜੋਂ ਮੇਰੀ ਮੈਂ
ਕੋਈ ਊਲ ਜਲੂਲ ਜਿਸਮਾਂ,ਜ਼ਮੀਰਾਂ ਦੀ ਕਹਾਣੀ ਨਹੀਂ
ਖੁੱਲੀ ਕਿਤਾਬ ਹੁੰਦੀ ਜਿਥੇ ਜ਼ਿੰਦਗੀਆਂ ਦੇ ਲੇਖ ਖੁੱਲੇ
ਸਮਝਾਂ ਚ ਜੇ ਸਵਾਰਥ ਪਾਲੇ,ਮੈਂ ਉਹਨਾਂ ਦੀ ਹਾਣੀ ਨਹੀਂ
ਸਥਿਰ ਹਾਂ ਕੋਈ ਭਟਕਣ ਨਹੀਂ,ਵਿੱਚ ਚੁਰਸਤੇ ਪਰਖੇ ਰਾਹ
ਟਿੱਕਦੀ ਐ ਸੁਰਤ ਸੱਚ ਤੇ, ਝੂਠਾਂ ਦਾ ਭਰਦੀ ਪਾਣੀ ਨਹੀਂ
ਇਸ਼ਕੇ ਦੀ ਕੂਕੀ ਚ,ਰੱਜ ਨੱਚੀ ਕੁਦਰਤ ਦੇ ਵਿਹੜੇ ਮੇਰੀ ਮੈਂ
ਹਾਜ਼ਿਰ ਹਾਂ ਕਾਦਿਰ ਦੀ ਖ਼ਿਦਮਤ ਚ,ਐਵੇਂ ਹੋਈ ਦਿਵਾਨੀ ਨਹੀਂ
ਤਲੀਆਂ ਤੇ ਤੂੰ ਕਾਇਨਾਤ ਉਪਜਾਈ,ਪੱਥਰ ਅਸਮਾਨੀ ਚਮਕਣ
ਧਰਤੀ ਮਹਿਕੇ ਫੁੱਲਾਂ ਚ,ਨਵੀਂਨ ਰਹੇ ਕਦੀ ਹੁੰਦੀ ਪੁਰਾਣੀ ਨਹੀਂ
ਮੇਰੀ ਕਵਿਤਾ ਦਾ ਸਿਰਲੇਖ ਤੂੰ ਹੀ ਤੂੰ ਹੀ ਸਾਰ ਕਹਾਵੇਂ
ਮਨ ਪੰਛੀ ਖਿਆਲਾਂ ਨੂੰ ਪਰਵਾਜ਼ ਤੂੰ ਦੇਵੇਂ,ਮੇਰੀ ਮਨਮਾਨੀ ਨਹੀਂ
ਕਲਮ ਜੋਂ ਅੱਖਰ ਉਲੀਕਦੀ ਹਰ ਹਰਫ਼ ਸੁੰਗਧ ਤੇਰੀ ਉਪਜੇ
ਨਿੱਤ ਕੁਦਰਤ ਦੇ ਰੰਗ ਸਿਫ਼ਤਾਂ, ਰੂਹ ਨੇ ਹੋਰ ਲੋੜ ਜਾਣੀ ਨਹੀਂ
ਨਵਜੋਤ ਕੌਰ ਨਿਮਾਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly