ਕਵਿਤਾ

ਵਿਰਕ ਪੁਸ਼ਪਿੰਦਰ

(ਸਮਾਜ ਵੀਕਲੀ)

ਮਹੀਨੇ ਦੇ ਉਹ ਚਾਰ ਦਿਨ
ਨਾ ਮੇਰੇ ਪੈਰਾਂ ਹੇਠ ਜ਼ਮੀਨ
ਤੇ ਨਾ ਹੀ ਸਿਰ ਤੇ ਆਸਮਾਨ ਪ੍ਰਤੀਤ ਹੁੰਦਾ।

ਦੁੱਖ ,ਦਰਦ ਤੇ ਅਸਹਿ ਪੀੜਾਂ
ਕਹਿਣ ਨੂੰ ਤਾਂ ਬਸ ਬੂੰਦ ਬੂੰਦ ਹੀ ਸਿੰਮਦਾ
ਪਰ ਬੂੰਦ -ਬੂੰਦ ਸਿੰਮਦਾ ਲਹੂ
ਮੇਰੇ ਤਨ ਦੇ ਨਾਲ਼
ਮੇਰੇ ਮਨ ਨੂੰ ਵੀ ਵਿੰਨ੍ਹ ਕੇ ਰੱਖ ਦਿੰਦਾ।

ਕੁਝ ਖਾਣ ਨੂੰ ਜੀਅ ਨਹੀਂ ਕਰਦਾ
ਕੁਝ ਪੀਣ ਨੂੰ ਵੀ ਜੀਅ ਨਹੀਂ ਕਰਦਾ
ਦਿਲ ਕੱਚਾ ਜਿਹਾ ਹੁੰਦਾ
ਸਭ ਕਾਸੇ ਤੋਂ ਨਫ਼ਰਤ ਜਿਹੀ ਹੋ ਜਾਂਦੀ
ਗੂੜ੍ਹੀ ਨੀਂਦ ਵੀ ਨਹੀਂ ਆਉਂਦੀ।

ਉਹ ਚਾਰ ਦਿਨ
ਮਹੀਨੇ ਦੇ ਅੱਠ ਦਸ ਦਿਨਾਂ ਨੂੰ ਨਿਗਲ ਜਾਂਦੇ
ਇਹ ਅੱਠ -ਦਸ ਦਿਨ ਮਹੀਨੇ ਦੇ ,
ਸਾਲ ਦੇ ਸੌ ਦਿਨ ਬਣ ਜਾਂਦੇ
ਤੇ ਉਹ ਸੌ ਦਿਨ ਸਾਲ ਦੇ ,
ਮੇਰੀ ਉਮਰ ਦਾ ਇੱਕ ਚੌਥਾਈ ਬਣ ਜਾਂਦਾ

ਉਹ ਚਾਰ ਦਿਨਾਂ ‘ਚ ਵੀ
ਮੈਂ ਊਰੀ ਵਾਂਗ ਘੁੰਮਦੀ
ਤੇ ਅਲਾਦੀਨ ਦੇ ਚਿਰਾਗ ਵਾਂਗ
ਸਭ ਦੀਆਂ ਖ਼ਵਾਹਿਸ਼ਾਂ ਪੂਰੀਆਂ ਕਰਦੀ
ਨਾ ਥੱਕਦੀ ਤੇ ਨਾ ਹੀ ਅੱਕਦੀ।

ਇਹ ਚਾਰ ਦਿਨ ਮੈਨੂੰ
ਮੇਰੇ ਔਰਤ ਹੋਣ ਦਾ ਅਹਿਸਾਸ ਕਰਵਾਉਂਦੇ
ਤੇ ਆਤਮ ਵਿਸ਼ਵਾਸ ਨਾਲ ਭਰ ਦਿੰਦੇ

ਮੈਨੂੰ ਮੇਰੀ ਹੋਂਦ
ਬ੍ਰਹਿਮੰਡ ਤੋਂ ਵੀ ਉੱਚੀ ਮਹਿਸੂਸ ਹੁੰਦੀ
ਤੇ ਇੰਜ ਮਹਿਸੂਸ ਹੁੰਦਾ
ਕਿ ਸਾਰੀ ਕਾਇਨਾਤ ਹੀ
ਮੇਰੀ ਕੁੱਖ ‘ਚ ਵਿੱਚ ਸਮਾ ਗਈ ਹੋਵੇ।

ਕਹਿਣ ਨੂੰ ਤਾਂ,
ਬਸ ਚਾਰ ਹੀ ਦਿਨ ਹੁੰਦੇ।

ਵਿਰਕ ਪੁਸ਼ਪਿੰਦਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਦਿਲਾਂ ਦੇ ਰਾਹ