ਕਵਿਤਾ

ਕੁਲਜੀਤ ਕੌਰ ਪਟਿਆਲਾ

(ਸਮਾਜ ਵੀਕਲੀ)

ਬੁਣ ਕੇ ਨਫ਼ਰਤ ਦਾ ਜਾਲ ਮਾਹੌਲ ਵਿਗਾੜੀ ਜਾਂਦੇ ਨੇ।
ਕਰਦੇ ਨਾ ਗ੍ਰੰਥਾਂ ਦਾ ਸਤਿਕਾਰ,ਅੰਗ ਸਾੜੀ ਜਾਂਦੇ ਨੇ।

ਰੱਬ ਤਾਂ ਇੱਕ ਹੈ ਫਿਰ ਧਰਮ ਅੱਡ ਅੱਡ ਕਿਉਂ ਨੇ
ਦੇ ਕੇ ਪੁੱਠੀਆਂ ਮੱਤਾਂ ਉਹ ,ਲੋਕਾਂ ਨੂੰ ਪਾੜੀ ਜਾਂਦੇ ਨੇ।

ਭਰਦੇ ਨਾ ਸਿਆਸਤਦਾਨਾਂ ਦੇ ਢਿੱਡ,ਕਰਕੇ ਪੁੱਠੇ ਕਾਰੇ
ਗਰੀਬਾਂ ਦੀਆਂ ਝੁੱਗੀਆਂ,ਉਹ ਫੇਰ ਵੀ ਸਾੜੀ ਜਾਂਦੇ ਨੇ।

ਅਮੀਰਾਂ ਦੇ ਐਬ ਵੀ ਛੁੱਪ ਜਾਂਦੇ,ਪੈਸੇ ਦੇ ਭਾਰ ਹੇਠਾਂ
ਗਰੀਬ ਜਨਤਾ ਨੂੰ ਉਹ ਫੇਰ ਵੀ ਲਤਾੜੀ ਜਾਂਦੇ ਨੇ।

ਲੱਭੇ ਨਾ ਗਰੀਬ ਦੇ ਤਨ ਤੇ ਕੋਈ ਕੱਪੜਾ ਢੱਕਣ ਲਈ
ਧਰਮ ਸਥਾਨਾਂ ਤੇ ਤਿੱਲੇਦਾਰ ਚਾਦਰਾਂ ਚਾੜੀ ਜਾਂਦੇ ਨੇ।

ਦਿਨ ਤਿਉਹਾਰ ਮਨਾਉਣ ਦਾ ਹੱਕ ਤਾਂ ਅਮੀਰਾਂ ਨੂੰ ਏ
ਗਰੀਬ ਤਾਂ ਇਸ ਦਿਨ ਵੀ ਕਰਨ ਦਿਹਾੜੀ ਜਾਂਦੇ ਨੇ।

ਦੇ ਕੇ ਵਾਸਤਾ ਖੁਦਾ ਦਾ,ਜੋ ਲੜਦੇ ਨੇ ਕੁਰਸੀਆਂ ਪਿੱਛੇ
ਅਕਸ਼ ਨੇ ਖ਼ਰਾਬ ਉਹਨਾਂ ਦੇ,ਸ਼ੀਸ਼ੇ ਝਾੜੀ ਜਾਂਦੇ ਨੇ।

ਵਿਖਾ ਕੇ ਪੱਛਮੀ ਸਭਿਅਤਾ ਦੇ ਰੰਗ ਢੰਗ ਬੱਚਿਆਂ ਨੂੰ
ਵੇਚ ਕੇ ਜਮੀਰ ਉਹ ,ਪੈਸਾ ਡਾਲਰਾਂ ਚ ਵਾੜੀ ਜਾਂਦੇ ਨੇ।

ਅੰਮ੍ਰਿਤ ਵਰਗੇ ਪਾਣੀ ਵਿੱਚ,ਘੋਲੀ ਜਾਂਦੇ ਜ਼ਹਿਰ ਲੋਕੀ
ਆਪਣੇ ਪੈਰੀ ਆਪ ਹੀ ਉਹ ,ਮਾਰੀ ਕੁਹਾੜੀ ਜਾਂਦੇ ਨੇ।

ਚੰਗਾ ਹੋਵੇ ਜੇ ਰੁਖ ਮੌੜ ਲਈਏ ਅਸੀਂ ਪਿੰਡਾਂ ਵੱਲ ਨੂੰ
ਇੱਥੇ ਤਾਂ ਲੋਕੀ ਆਪ ਹੀ ਘਰਾਂ ਨੂੰ ਉਜਾੜੀ ਜਾਂਦੇ ਨੇ।

ਕੁਲਜੀਤ ਕੌਰ ਪਟਿਆਲਾ

 

Previous articleGlobal energy-related CO2 emissions reach new high in 2022: IEA
Next article32 people die from leptospirosis in Indonesia