(ਸਮਾਜ ਵੀਕਲੀ)
ਨਾਲ਼ ਇਸ਼ਕ ਦੇ ਸ਼ਰਤਾਂ ਲਾਉੰਦਾ
ਫਿਰੇਂ ਤੂੰ ਬਣਿਆ ਅੱਲਾ
ਜੱਗ ਤੋਂ ਡਰਿਆ-ਡਰਿਆ ਰਹਿੰਦਾ
ਫਿਰੇਂ ਛੁਡਾਉੰਦਾ ਪੱਲਾ
ਦੱਸ ਵੇ ਤੈਨੂੰ ਹਰਫ਼ਨਮੌਲਾ
ਕਿਹੜਾ – ਕਿਹੜਾ ਕਹਿੰਦਾ?
ਤੇਰੀ ਇਸ ਤਿਲਕਣ ਬਾਜੀ ਦਾ
ਫ਼ਰਕ ਨੀ ਸਾਨੂੰ ਪੈਂਦਾ!
ਸਾਰੇ ਤੈਨੂੰ ਕਾਫ਼ਰ ਜਾਪਣ
ਜਾਪੇ ਨਾ ਕੋਈ ਬੰਦਾ
ਵਿਚ ਮਸੀਤੇ ਬੈਠਣ ਨਾਲ਼ੋਂ
ਕਰ ਲੈ ਵੇ ਕੋਈ ਧੰਦਾ!
ਤੇਰੇ ਕੰਮ ‘ਚ ਖਾਸਾ ਓਹਲਾ
ਸਾਡੇ ਤਾਂ ਲਲਕਾਰੇ
ਇਸ਼ਕ ਤਾਂ ਪਾਵੇ ਰੌਲ਼ਾ
ਕੋਠੇ ਚੜ੍ਹ ਕੇ ਧਾਹਾਂ ਮਾਰੇ!
ਤੂੰ ਜਿਹੜਾ ਪੂੰਜੀਪਤੀਆਂ ਦੇ
ਘਰ ਦੇ ਨੇੜੇ ਰਹਿੰਦਾ
ਸਾਨੂੰ ਤੇਰੇ ਰੱਬ ਹੋਣ ਦੀ
ਪਦਵੀ ਤੇ ਸ਼ੱਕ ਪੈਂਦਾ!
ਤੇਰਾ ਕਿਹੜਾ ਪੀਰ ਵੇ
ਸ਼ਾਹ ਇਨਾਇਤ ਨਾਲ਼ੋਂ ਚੰਗਾ
ਸਾਡਾ ਤਾਂ ਹਰ ਆਸ਼ਕ ਬੀਬਾ
ਚਲਦੇ ਪਾਣੀ ਰੰਗਾ!
ਬੇਲੇ ਦੇ ਵਿੱਚ ਚੂਰੀ ਆਉੰਦੀ
ਤੁਰਦੀ ਜੰਨਤ ਜਿਥੋਂ
ਤੂੰ ਸਾਡੇ ਜੋਗੀ ਰਾਂਝੇ ਦੀ
ਰੀਸ ਕਰੇਂਗਾ ਕਿੱਥੋਂ?
ਸਾਡੇ ਵਿਰਸੇ ਜੰਮਣ ਬੁੱਲੇ
ਮੌਜੀ ਤੇ ਮਸਤਾਨੇ
ਤੇਰੇ ਪੰਜ ਨਮਾਜ਼ੀ ਬੰਦੇ
ਦੇਣ ਅਸਾਂ ਨੂੰ ਤਾਅਨੇ!
ਦੱਸ ਵੇ ਕਿਹੜੇ ਭਾਅ ਪੈਂਦੀ ਏ?
ਤੈਨੂੰ ਤੇਰੀ ਖ਼ੁਦਾਈ
ਸਾਨੂੰ ਤਾਂ ਸਿਰ ਦੇਣੇ ਪਏ ਨੇ
ਜਦੋਂ ਅਸਾਂ ਤੇ ਆਈ!
ਸੋਹਣੀ ਦੇ ਜੇਰੇ ਵਿਚ ਬਣਕੇ
ਤੁਰੇ ਝਨਾਂ ਦਾ ਪਾਣੀ
ਐਡੇ ਜਿਗਰੇ ਵਾਲ਼ੀ ਤੈਥੋਂ
ਖੇਡ ਨੀ ਖੇਡੀ ਜਾਣੀ!
ਅੱਧੀ ਨਾਲ਼ੋਂ ਵੱਧ ਅਸਾਡੀ
ਕੌਮ ਇਸ਼ਕ ਦੇ ਲੇਖੇ
ਸਾਡੇ ਤਾਂ ਸਿਦਕਾਂ ਨੂੰ ਵੇ
ਤਵੀਆਂ ਨੇ ਮੱਥੇ ਟੇਕੇ!
ਤੂੰ ਤਾਂ ਸਾਨੂੰ ਦੋਜ਼ਖ ਦੇ ਬਸ
ਦਵੇਂ ਡਰਾਵੇ ਛਿੰਦੇ!
ਅਸੀਂ ਇਸ਼ਕ ਨੂੰ ਆਪੇ ਆਪਣਾ
ਗਾਟਾ ਮਿਣ ਕੇ ਦਿੰਦੇ!
ਰਿੱਤੂ ਵਾਸੂਦੇਵ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly