ਕਵਿਤਾ

(ਸਮਾਜ ਵੀਕਲੀ)

ਦੇ ਨਸੀਹਤ ਕਰ ਨਾ ਗੱਲ
ਦੱਸਣਾ ਹੈ ਤਾਂ ਦੱਸ ਦੇ ਹੱਲ|

ਰੋਕਣ ਦਾ ਕੀ ਫਾਇਦਾ ਹੋਣਾ,
ਫਿਰ ਵੀ ਜਾਣਾ ਹੁਣੇ ਹੀ ਚੱਲ|

ਰਾਤ ਗ਼ਮਾਂ ਦੀ ਉਮਰੋਂ ਲੰਮੀ
ਖ਼ੁਸ਼ੀ ਚ ਬੀਤੇ ਜੀਕਣ ਪਲ |

ਇੱਕੋ ਅੰਬਰੀਂ ਬਾਜ ਵੀ ਉਡਦੇ
ਘੁੱਗੀਆਂ ਤੋਤੇ ਹਰ ਨਸਲ |

ਹਿੰਮਤ ਕਰਕੇ ,ਸੱਚ ਹੀ ਬੋਲ
ਐਵੇਂ ਕਰ ਨਾ ਅੱਜ ਤੇ ਕੱਲ੍ਹ |

ਅਧਵਾਟੇ ਹੈ ਮੰਜ਼ਿਲ ਹਾਲੇ
ਬੁਜਦਿਲ ਬਣ ਨਾ,ਕਰ ਅਕਲ|

ਅਜੇ ਤਾਂ ਲਹਿਰੀਂ ਜਾਨ ਫਸੀ ਹੈ
ਕੋਲ ਨਾ ਕਿਸ਼ਤੀ ਦੂਰ ਸਾਹਿਲ|

ਮੁਜਰਿਮ ਬੈਠੇ ਮੁਨਸਿਫ਼ ਬਣਕੇ
ਸੋਚ ਵੀ ਨਾ ਮਿਲ ਜਾਊ ਅਦਲ|

ਸੁਣ ਆਤਿਸ਼ਬਾਜ਼ੀ ਦੀ ਜ਼ੁਬਾਨੀ
ਚਮਕ ਧੜਕ ਦੀ ਰਾਖ਼ ਬਦਲ|

ਸ਼ਾਇਰਾਂ ਦੇ ਮੂੰਹ ਤਾਲੇ ਲੱਗੇ
ਹਥਿਆਰ ਬੋਲਦੇ ਸੂਰਤ ਬਦਲ|

ਦੂਸਰਿਆਂ ਦੇ ਮਗਰ ਨਾ ਲੱਗ
ਮੂਹਰੇ ਹੋ ਕਰ ਫੈਸਲਾ ਅਟਲ|

ਪਿੰਜਰੇ ਡੱਕੇ ਪੰਛੀ ਵਾਂਗਰ
ਵੇਖ ਨਾ ਅੰਬਰ ਮਚਲ ਮਚਲ|

ਸੱਪ ਦੇ ਜ਼ਹਿਰ ਦੇ ਕਾਟ ਬਥੇਰੇ|
ਮਨ ਦਾ ਜ਼ਹਿਰ ਨਾ ਆਏ ਵੱਲ |

ਵਾਂਗ ਜ਼ਮਾਨੇ ਦੇ ਬਦਲ ਜਾ
ਜਾਂ ਵਗ ਨਦੀ ਬਣਕੇ ਕਲ ਕਲ|

ਰੋਕਣ ਤੇ ਵੀ ਰੁਕ ਨਹੀਂ ਸਕਦੀ
ਜ਼ਿੰਦਗੀ ਮਾਹੀ ਚੱਲ ਸੋ ਚੱਲ |

ਜੈਸਮੀਨ ਮਾਹੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਬੋਲੀ ਪੰਜਾਬੀ
Next articleਏਹੁ ਹਮਾਰਾ ਜੀਵਣਾ ਹੈ -118