(ਸਮਾਜ ਵੀਕਲੀ)
ਫਿਕਰਾ ਇੱਕ ਮੈਂ ਉਸਦੇ ਨਾਂ ‘ਤੇ ਲਿਖਿਆ ਏ
ਪਾਤਰ ਨੂੰ, ਪਾਤਰ ਦੀ ਥਾਂ ‘ਤੇ ਲਿਖਿਆ ਏ
ਸਾਹਿਤ ਦੇ ਇੱਕ ਯੁੱਗ ਦਾ ਅੰਤ
ਹੇ ਕਵਿਤਾ ਦੇ ਯੁੱਗ ਦੇ ਮਹਾਤਮਾ!
ਰਿਸ਼ਮਾਂ ਦਾ ਘੁੰਡ ਕੱਢ ਕੇ
ਜੇ ਕੋਈ ਕਵਿਤਾ ਤੇਰਾ ਬੂਹਾ ਖੜਕਾਏ
ਤਾਂ ਤੂੰ ਝੱਟ ਖੋਲ੍ਹ ਦਿੰਦਾ ਸੀ!
ਤੇਰੀ ਕੋਮਲਤਾ ਮੈਂਨੂੰ ਭਾਵੁਕ ਕਰਦੀ ਰਹੀ
ਤੂੰ ਜਮੀਨ ‘ਤੇ ਬਹੁਤ ਪੋਲੇ ਪੈਰ ਧਰਦਾ ਰਿਹਾ ,
ਕਿਉਂਕਿ ਤੈਨੂੰ ਪੈਰ ਹੇਠਲੀਆਂ ਰੇਖਾਵਾਂ
ਦੱਬ ਜਾਣ ਦਾ ਵੀ ਡਰ ਹੁੰਦਾ ਸੀ!
ਦੁਨੀਆਂ ਦੀਆਂ ਰੰਗੀਨੀਆਂ
ਤੇ ਚਮਕਾਂ ਦਮਕਾਂ
ਫਿੱਕੀਆਂ ਪੈ ਜਾਂਦੀਆਂ ਸੀ ,
ਜਦੋਂ ਤੇਰੀ ਕਵਿਤਾ
ਪਹਿਨ ਪੱਚਰ ਕੇ
ਘਰੋਂ ਨਿਕਲ਼ਦੀ ਸੀ!
ਜੇ ਤੂੰ ਮੁਲਾਕਾਤ ਦੀ ਦਹਿਲੀਜ਼ ਤੋਂ
ਜਰਾ ਕੁ ਉਰੇ ਖਲੋ ਕੇ
ਮੇਰੀ ਸਤਿਕਾਰਿਤ ਭਾਵਨਾ ਨੂੰ
ਇਕ ਪਲ ਦੇ ਦਿੰਦਾ,
ਤਾਂ ਮੈਂ ਆਪਣੀ ਜੇਬ ਵਿਚਲੇ
ਦੀਦਾਰ ਦੇ ਕੀਮਤੀ ਸਿੱਕੇ..
ਅਛੋਪਲੇ ਜਿਹੇ ਤੇਰੀ ਜੇਬ ਵਿੱਚ
ਪਾ ਦਿੰਦੀ!
ਰਿੱਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly