ਕਵਿਤਾ

   ਹਰੀਸ਼ ਪਟਿਆਲਵੀ
         (ਸਮਾਜ ਵੀਕਲੀ)
ਤਿੰਨ ਮੰਜਲੀਆਂ ਕੋਠੀਆਂ ਪਾਈਆਂ ਗਹਿਣੇ ਰੱਖ ਜਮੀਨਾਂ
ਪੁੱਤ ਕਰੇ  ਮਾਲ ਚੋਂ ਸ਼ਾਪਿੰਗ ਬਾਪੂ ਖੇਤ ਵਹਾਏ ਪਸੀਨਾ
ਡੀ ਜੇ ਸ਼ੋਰ ਨੇ ਰੋਲ਼ ਦਿੱਤੀਆਂ ਡੁੱਗੀਆ ਨਾਚੇ ਬੀਨਾਂ
ਕੁੜਤੇ ਚਾਦਰੇ ਨੂੰ ਖਾ ਗਈਆਂ ਨੀਲੀਆਂ ਫਟੀਆਂ ਜੀਨਾਂ
ਪਿੱਛੇ ਖਾਈ ਕਰਜੇ ਦੀ.. ਤੇ  ਅੱਗੇ ਖਰਚ ਦਾ  ਟੋਇਆ
ਬੈ ਹੋ ਜਾਣਾ ਕੁੱਲ ਪੰਜਾਬ ਹੀ ਆੜ ਰਹਿਣ ਹੈ ਹੋਇਆ
ਇੱਕ ਚਿੱਟੇ ਨੇ ਗੱਭਰੂ ਖਾ ਲੈ  ਘਰ ਕਰ ਦਿੱਤੇ ਖੰਡਰ
ਬਾਪੂ ਨੂੰ ਵੀ ਯਾਰ ਬੁਲਾਉਂਦਾ ਜੰਮਿਆ ਪੁੱਤ ਪਤੰਦਰ
ਟਿਕ ਟੋਕ ਦੀਆਂ ਰੀਲਾਂ ਪਿੱਛੇ ਲਾਣਾ ਹੋਇਆ ਕੰਜਰ
ਹੁਣ ਠੇਕੇ ਦੇ ਹਾਤੇ ਵਰਗਾ.. ਘਰ ਹੁੰਦਾ ਸੀ ਮੰਦਰ
ਵਿਆਹਾਂ ਉੱਤੇ ਖਰਚ ਫਜੂਲੀ ਜੇ ਨਾ ਛੁੱਟੇ ਅਡੰਬਰ
ਬੈੰਕਾਂ ਦੇ ਨਾਂ ਹੋ ਜਾਣਾ ਏ ਇੰਚ ਇੰਚ ਦਾ ਨੰਬਰ….
ਵੱਡੀਆਂ ਗੱਡੀਆਂ ਦੇ ਸ਼ੋਂਕੀ ਪੁੱਤ ਹਦੋਂ ਵੱਧ ਖਰਚੀਲੇ
ਰੇਹ ਸਪ੍ਰੇਹਾਂ ਗੱਡ ਗੱਡ ਖਾਣੇ ਕਰ ਲਏ ਨੇ ਜ਼ਹਿਰੀਲੇ
ਖਾਲੀ ਹੋ ਗਏ ਪਿੰਡਾਂ ਦੇ ਪਿੰਡ ਗੱਭਰੂ ਗਏ ਨੇ ਕੀਲ੍ਹੇ
ਭਰ ਭਰ ਜਾਣ ਜਹਾਜ ਵਿਦੇਸ਼ ਨੂੰ ਲੱਭਦੇ ਪਏ ਵਸੀਲੇ
ਟੱਬਰ ਟੁੱਟ ਕੇ ਨਿਤ ਖਿੰਡਦੇ ਨੇ ਹੋ ਜਾਣ ਤੀਲੇ ਤੀਲੇ
ਪਾਣੀ ਮੁੱਕ ਨਾ ਜਾਵੇ ਕਿਧਰੇ ਖੇਤ ਹੋ ਜਾਣ ਪਥਰੀਲੇ
ਮੱਝਾਂ ਗਾਵਾਂ ਗਾਇਬ ਖੁਰਲੀਆਂ ਖਾਲੀ ਦੁੱਧ ਦੀਆਂ ਨਹਿਰਾਂ
ਪਿੰਡਾਂ ਦੇ ਪਿੰਡ ਵਿੱਚ ਮਿਲਾ ਕੇ ਖਾ ਲਏ ਰੰਗਲੇ ਸ਼ਹਿਰਾਂ
ਜਾਤਾਂ ਧਰਮਾਂ ਪਿੱਛੇ ਲੜਦੇ ਨਿੱਤ ਉਗਲਦੇ ਜਹਿਰਾਂ
ਗੁਰੂ ਪੀਰਾਂ ਦੇ ਅਪਮਾਨਾਂ ਨੂੰ ਕਦ ਪੈਣੀਆਂ ਨੇ ਠਹਿਰਾਂ
ਗੈਂਗਸਟਰ ਜਿਹੇ ਬੱਚੇ ਬਣਦੇ ਚੁੱਕੀ ਫਿਰਦੇ ਕਹਿਰਾਂ
ਹਰੀਸ਼ ਆਖਦਾ ਮੋੜ ਦੇ ਰੱਬਾ  ਬੀਤੀਆਂ ਲਹਿਰਾਂ ਬਹਿਰਾਂ
  ਹਰੀਸ਼ ਪਟਿਆਲਵੀ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਲਯੁੱਗੀ-ਪੁੱਤ
Next articleਮਹਾਨ ਲੋਕ