(ਸਮਾਜ ਵੀਕਲੀ)
ਹੁਣ ਘਰ ਦਾ
ਨਿੱਕਾ ਨਿੱਕਾ ਕਣ ਵੀ
ਮੈਨੂੰ ਵੱਢ ਖਾਣ ਨੂੰ ਪੈਂਦਾ ਹੈ,
ਏਦਾਂ ਲੱਗਦਾ ਹੈ
ਕਿ ਜਿਵੇਂ ਮੈਂ ਬੋਝ ਹੋ ਗਈ ਹੋਵਾਂ।
ਕਦੇ ਕਿਸੇ ਨਸ ‘ਚੋਂ ਚੀਸ ਉੱਠਦੀ ਹੈ
ਤੇ ਕਦੇ ਕਿਸੇ ‘ਚੋਂ
ਤਾਨਿਆਂ ਦੀਆਂ ਸਿਲਵਟਾਂ ਤੇ
ਪਈ ਨੂੰ ਅੰਦਰੋਂ ਭਾਂਬੜ ਤੰਗ ਕਰਦਾ ਹੈ…
ਗਰਜਣਾ ਚਾਹੁੰਦੀ ਹਾਂ ਮੈਂ
ਵਰ ਜਾਣਾ ਚਾਹੁੰਦੀ ਹਾਂ …
ਤੇ ਕਹਿ ਦਿੰਦੀ ਹਾਂ ਉੱਚੇ ਸੁਰ ਵਿੱਚ
ਕਿ ਕੱਢ ਦਿਓ ਬਾਹਰ ਮੈਨੂੰ ਇਸ ਘੁੱਟਣ ਵਿਚੋਂ
ਮਨ ਹੀ ਮਨ ਸੋਚਦੀ ਹਾਂ
ਕਿ ਅਗਲੇ ਪੜਾਅ ਵਿਚ ਦਾਖ਼ਲ ਹੋ
ਸ਼ਾਇਦ ਮੈਂ ਸੌਖੀ ਹੋ ਜਾਵਾਂਗੀ।
ਪਰ ਜਿਵੇਂ ਛੋਟੇ ਬੱਚੇ ਨੂੰ ਪਹਿਲਾਂ ਪਹਿਲ
ਮੁਹਾਰਣੀ ਔਖੀ ਲੱਗਦੀ ਹੈ
ਜਿਵੇਂ ਅਗਲੀ ਜਮਾਤ ਵਿਚ
ਪਹੁੰਚ ਕੇ ਪਤਾ ਲੱਗਦਾ ਹੈ
ਕਿ ਪਿਛਲੀ ਜਮਾਤ ਦਾ ਕੰਮ ਸੌਖਾ ਸੀ
ਇਵੇਂ ਹੀ ਮੈਂ ਔਖੇ ਪੜਾਅ ਵੱਲ ਵੱਧਦੀ ਜਾਂਦੀ ਹਾਂ।
ਹਰ ਚੀਜ਼ ਔਖੀ ਲੱਗਦੀ,
ਜਦੋਂ ਮੈਂ ਉਸ ਨੂੰ ਹੰਢਾ ਰਹੀਂ ਹੁੰਦੀ
ਸੌਖਾਂ ਤਾਂ ਜਨਮ ਲੈਣਾ ਵੀ ਨਹੀਂ ਸੀ
ਜਦੋਂ ਵੀਰਜ ਦੌੜ ਲਾ ਰਹੇ ਸੀ ਤਾਂ
ਮੈਂ ਸਾਹੋ ਸਾਹੀ ਹੋ
ਉਹਨਾਂ ਨਾਲ ਲੜ ਕੇ
ਅੱਗੇ ਵੱਧ ਰਹੀ ਸੀ
ਬੜੀ ਜੱਦੋਜਹਿਦ ਕਰਨੀ ਪਈ ਮੈਨੂੰ
ਗਰਬ ਦੇ ਅੰਦਰ ਦਾਖ਼ਲ ਹੋਣ ਨੂੰ
ਆਖ਼ਰ ਹੋ ਹੀ ਗਈ ਸੀ ਮੈਂ ਕਾਮਯਾਬ
ਪਰ ਅਗਲੇ ਪੜਾਅ ਵਿਚ ਪ੍ਰਵੇਸ਼ ਕਰਕੇ ਪਤਾ ਲੱਗਾ
ਕਿ ਪਿੱਛਲੇ ਪੜਾਅ ਨੂੰ ਜਿੱਤਣਾ ਤਾਂ ਸੌਖਾ ਹੀ ਸੀ
ਪਰ ਇਹ ਪੁੱਠਾ ਲਟਕਣਾ ਬੜਾ ਔਖਾ
ਏਦਾਂ ਲੱਗ ਰਿਹਾ ਕਿ
ਜਿਵੇਂ ਮੈਂ ਕਿਸੇ ਤਗੜੇ ਗੁਨਾਹ ਦੀ ਸਜ਼ਾ ਪਾ ਰਹੀਂ ਹੋਵਾਂ
ਏਦਾਂ ਹੀ ਪੜਾਅ ਦਰ ਪੜਾਅ
ਬੀਤ ਜਾਂਦੇ ਨੇ….
ਢਲਾਣ ਵੱਲ ਜਾਣ ਲਈ
ਉਚਾਈ ਤੇ ਤਾਂ ਚੜਣਾ ਹੀ ਪੈਂਦਾ ਹੈ।
ਜੋਬਨਰੂਪ ਛੀਨਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly