ਕਵਿਤਾ

(ਸਮਾਜ ਵੀਕਲੀ)

ਕਹੇ ਫਕੀਰਾ ਧੰਨ ਕੁਰੇ, ਸੁਣ ਤੂੰ ਮੇਰੀ ਬਾਤ
ਉੱਸਲਵੱਟੇ ਲੈਂਦਿਆਂ ਲੰਘੀ ਸਾਰੀ ਰਾਤ।
ਨਿੱਕਲੀ ਮੇਰੀ ਲਾਟਰੀ ਸ਼ਾਮ ਦਿੱਤੀ ਇਤਲਾਹ।
ਤੇਰੇ ਸਾਰੀ  ਉਮਰ ਦੇ ਦੇਊਂ ਉਲਾਂਭੇ ਲਾਹ।
ਮਿਲਣੇ ਨੋਟ  ਆਪਾਂ ਨੂੰ ਪੂਰੇ ਪੰਝੀ ਲੱਖ ।
ਸੋਚਾਂ ਦੇ ਵਿੱਚ ਮੇਰੀ ਲੱਗੀ ਰਤਾ ਨਾ ਅੱਖ।
ਕੰਮ ਕਾਰ ਸਭ ਛੱਡ ਕੇ ਲਿਸਟਾਂ ਲੈ ਤੂੰ ਬਣਾ।
ਤੇਰੇ ਕਰਮਾਂ ਵਾਲੀਏ,ਪੂਰੇ ਕਰ ਦੇਊਂ ਚਾਅ।
ਤੇਰਾ ਜੀਉਣ ਜੋਗਿਆ,ਲੱਗ ਗਿਆ ਏ ਟੁੱਲ।
ਆਖੇ ਧਨ ਕੁਰ ਵਧੀਆ,ਕੋਠੀ ਲੈ ਲਾ ਮੁੱਲ।
ਸਾਗਵਾਨ ਦਾ ਲੈ ਲਵੀਂ ਵਧੀਆ ਸੋਫ਼ਾ ਸੈੱਟ।
 ਐੱਲ ਈ ਡੀ ਲਗਵਾਉਣੀ ਨਾਲੇ ਇੰਟਰਨੈੱਟ।
ਮੈਂ ਸੋਚਦਾਂ ਲੈ ਲਈਏ ਵੱਡੀ ਸਾਰੀ ਕਾਰ।
ਆਉਣ ਜਾਣ ਦੀ ਸੌਖ ਤੇ ਮੌਜ ਕਰੂ ਪਰਿਵਾਰ।
ਰਿਸ਼ਤਾ ਕਰ ਦੇ ਪੁੱਤ ਦਾ, ਵੇਖ ਚੰਗਾ ਘਰ ਬਾਰ।
ਆਪੇ ਅਗਲੇ ਦੇਣਗੇ,ਆਪਣੀ ਧੀ ਨੂੰ ਕਾਰ।
ਜਾਂ ਬਣਾ ਕੇ ਪਾਸਪੋਰਟ ਭੇਜ ਮੁੰਡੇ ਨੂੰ ਬਾਹਰ।
ਧਨ ਕੁਰੇ ਕੱਲੇ ਪੁੱਤ ਤੇ, ਇਹ ਨਾ ਕਹਿਰ ਗੁਜ਼ਾਰ।
ਏਥੇ ਹੀ ਮੈਂ ਖੋਲ੍ਹ ਦੇਊਂ ,ਚੰਗਾ ਕਾਰੋਬਾਰ।
ਐਸ਼ ਕਰੇਗਾ ਰੱਖ ਲਊ ਨੌਕਰ ਚਾਕਰ ਚਾਰ।
ਦੇਣ ਵਧਾਈ ਆ ਗਿਆ ਪਿੰਡ ਦਾ ਲੰਬੜਦਾਰ।
ਖੁੱਲ੍ਹੀ ਅੱਖ ਫਕੀਰੇ ਦੀ,ਉੱਜੜ ਗਿਆ ਸੰਸਾਰ।
ਅਮਰਜੀਤ ਕੌਰ ਮੋਰਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article     “ਬ੍ਰੇਨ ਡਰੇਨ ਟੂ ਕਨੇਡਾ”
Next articleBindeshwar Pathak corporatised the Public toilet System in India but rarely used his power to eradicate discrimination faced by Manual scavengers.