ਕਵਿਤਾ

ਧੰਨਾ ਧਾਲੀਵਾਲ਼

(ਸਮਾਜ ਵੀਕਲੀ)

ਭੁੱਖੇ ਪੰਛੀ ਦੇਣ ਅਸੀਸਾਂ,ਸੁੱਟ ਕੋਠੇ ਤੇ ਦਾਣੇ।
ਪਾਣੀ ਦਾ ਭਰ ਰੱਖ ਕਟੋਰਾ,ਮੰਨ ਕੇ ਰੱਬ ਦੇ ਭਾਣੇ।
ਕਾਂ ਕਬੂਤਰ ਘੁੱਗੀ ਧੁੱਪ ਚ,ਫ਼ਿਰਦੇ ਜੋ ਤਿਹਾਏ।
ਵੇਖਕੇ ਤੇਰੀ ਚੋਗ ਖਿੰਡਾਈ,ਉੱਡਕੇ ਛੱਤ ਤੇ ਆਏ।
ਤੇਰੇ ਵਾਂਗਰ ਇਨ੍ਹਾਂ ਨੇ ਵੀ,ਪਾਲਣੇ ਅਪਣੇ ਨਿਆਣੇ।
ਭੁੱਖੇ ਪੰਛੀ ਦੇਣ ਅਸੀਸਾਂ ਸੁੱਟ ਕੋਠੇ ਤੇ ਦਾਣੇ।
ਪਾਣੀ ਦਾ ਭਰ ਰੱਖ ਕਟੋਰਾ, ਮੰਨ ਕੇ ਰੱਬ ਦੇ ਭਾਣੇ।
ਹੋ ਜਾਣਾ ਹੈਰਾਨ ਤੂੰ ਸੱਜਣਾ,ਤੱਕ ਤੋਤਿਆਂ ਦੀ ਡਾਰਾਂ।
ਨਿੱਕੀਆਂ ਨਿੱਕੀਆਂ ਚਿੜੀਆਂ ਵੇਖਲੇ,ਤੱਕਲੇ ਕੁਝ ਗਟਾਰਾਂ।
ਲੁੱਕਕੇ ਤੱਕੀਂ ਲੱਗਣਗੇ,ਅਣਭੋਲ਼ੇ ਜੇ ਸਿਆਣੇ।
ਭੁੱਖੇ ਪੰਛੀ ਦੇਣ ਅਸੀਸਾਂ,ਸੁੱਟ ਕੋਠੇ ਤੇ ਦਾਣੇ।
ਜਲ ਦਾ ਭਰਕੇ ਰੱਖ ਕਟੋਰਾ, ਮੰਨ ਕੇ ਰੱਬ ਦੇ ਭਾਣੇ।
ਰਹਿਣ ਬਸੇਰਾ ਉੱਤੇ ਪਾ ਦੇਈਂ,ਖੁਸ਼ੀ ਰਹੁ ਤੇਰਾ ਵੇਹੜਾ।
ਇਨ੍ਹਾਂ ਦੇ ਕਿਹੜਾ ਹਲ਼ ਨੇ ਚਲਦੇ,ਹੈ ਕਰਮਾਂ ਦਾ ਝੇੜਾ।
ਚੁੰਝਾਂ ਵਾਲ਼ੇ ਰੰਗ ਬਿਰੰਗੇ,ਮੁੱਦਤਾਂ ਤੋਂ ਪੁਰਾਣੇ।
ਭੁੱਖੇ ਪੰਛੀ ਦੇਣ ਅਸੀਸਾਂ,ਸੁੱਟ ਕੋਠੇ ਤੇ ਦਾਣੇ।
ਜਲ ਦਾ ਭਰਕੇ ਰੱਖ ਕਟੋਰਾ, ਮੰਨ ਕੇ ਰੱਬ ਦੇ ਭਾਣੇ।
ਹਰ ਪੱਖੋਂ ਹੈ ਵਧੀਆ ਨੁਕਤਾ,ਇਹ ਤਾਂ ਜਮ੍ਹਾਂ ਸੁਖਾਲ਼ਾ।
ਖ਼ਾਲੀ ਹੱਥ ਹੀ ਜਾਉ ਜੱਗ ਤੋਂ, ਉਂਝ ਹੰਸਾਲੇ ਵਾਲ਼ਾ।
ਧੰਨਿਆਂ ਉਸ ਦੀਆਂ ਓਹੀ ਜਾਣੇ, ਬੁਣੇ ਜੋ ਤਾਣੇ-ਬਾਣੇ।
ਭੁੱਖੇ ਪੰਛੀ ਦੇਣ ਅਸੀਸਾਂ,ਸੁੱਟ ਕੋਠੇ ਤੇ ਦਾਣੇ।
ਜਲ ਦਾ ਭਰਕੇ ਰੱਖ ਕਟੋਰਾ, ਮੰਨ ਕੇ ਰੱਬ ਦੇ ਭਾਣੇ।
ਧੰਨਾ ਧਾਲੀਵਾਲ:-
9878235714

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article* ਕਰਜ਼ਦਾਰ *
Next article” ਜੰਗ “