ਕਵਿਤਾ

ਖੁਸ਼ੀ ਮੁਹੰਮਦ (ਚੱਠਾ)

 (ਸਮਾਜ ਵੀਕਲੀ)

ਜਦ ਤੱਕ ਹੁੰਦੀ ਗਰਜ਼ ਤੁਹਾਡੀ ਯਾਦ ਹਮੇਸ਼ਾ ਆਉਂਦੀ ਰਹਿੰਦੀ
ਮਤਲਬ ਹੱਲ ਹੋ ਜਾਣ ਦੇ ਮਗਰੋਂ, ਅਕਸਰ ਲੋਕੀ ਭੁੱਲ ਜਾਂਦੇ ਨੇ
ਮਾਵਾਂ ਦੇ ਤੁਰ ਜਾਣ ਤੇ ਚਾਚੀਆਂ ਤਾਈਆਂ ਮਾਵਾਂ ਬਣਦੀਆਂ ਨਹੀਂ
ਨਿੱਕੇ – ਨਿੱਕੇ  ਬਾਲ ਮਾਵਾਂ ਬਿਨ,  ਕੱਖਾਂ  ਵਾਂਗੂੰ  ਰੁਲ  ਜਾਂਦੇ  ਨੇ
ਦਿਲ ਦਾ ਦਰਦ ਜ਼ੁਬਾਨ ਤੇ ਆ ਕੇ , ਨੈਣਾਂ ਰਾਹੀਂ ਵਗ ਤੁਰਦਾ ਏ
ਲੱਖ ਛੁਪਾਇਆਂ ਛੁਪਦੇ ਨਹੀਂ ਅੱਖੀਆਂ ‘ਚੋਂ ਅੱਥਰੂ ਡੁੱਲ੍ਹ ਜਾਂਦੇ ਨੇ
ਕਹਿਣ ਸਿਆਣੇ ਖਾਧੀ ਪੀਤੀ,  ਦੇ  ਵਿੱਚ  ਬੰਦਾ  ਝੂਠ  ਨਾ  ਬੋਲੇ
ਹੋ  ਜਾਂਦਾ  ਜਜ਼ਬਾਤੀ ਬਹੁਤਾ,  ਭੇਦ  ਦਿਲਾਂ  ਦੇ  ਖੁੱਲ੍ਹ  ਜਾਂਦੇ  ਨੇ
ਛਕ ਕੇ ਫ਼ੂਕ ਹਵਾ ਵਿੱਚ ਉੱਡਦੇ,  ਡਿੱਗਦੇ  ਹੇਠ  ਧੜੰਮ  ਕਰਕੇ
ਮਾੜੇ  ਬੰਦੇ  ਫ਼ੂਕ  ‘ਚ  ਆ  ਕੇ  ਵਾਂਗ  ਗ਼ੁਬਾਰੇ  ਫੁੱਲ  ਜਾਂਦੇ  ਨੇ
ਰੂਹਾਂ ਵਾਲਾ ਪਿਆਰ ਨਹੀਂ ਦਿਸਦਾ,  ਆਸ਼ਕ ਨੇ ਸਭ ਜਿਸਮਾਂ ਦੇ
“ਖੁਸ਼ੀ ਮੁਹੰਮਦਾ” ਅੱਜ ਦੇ ਆਸ਼ਕ  ਪੈਸਿਆਂ ਦੀ ਥਾਂ ਤੁਲ ਜਾਂਦੇ ਨੇ
ਖੁਸ਼ੀ ਮੁਹੰਮਦ (ਚੱਠਾ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਦੀਵੇ ਦੀ ਲੋਅ।