(ਸਮਾਜ ਵੀਕਲੀ)
ਸਾਉਣ ਦੀ ਆਈ ਜੀ ਰੁੱਤ ਸਾਉਣ ਦੀ ਆਈ ਏ
ਮੁਹੱਬਤਾਂ ਦੇ ਮਿੱਠੜੇ ਗੀਤ ਗਾਉਣ ਦੀ ਆਈ ਏ
ਸੱਜਣਾ ਦੇ ਖਿਆਲਾਂ ‘ਚ ਖੋਣ ਦੀ ਆਈ ਏ
ਵਹਿੰਦੇ ਜੋ ਹੰਝੂ ਛਮਛਮ ਵਰਾਉਣ ਦੀ ਆਈ ਏ
ਲਾਈਆਂ ਜੋ ਪੀ੍ਤਾਂ ਨਿਭਾਉਣ ਦੀ ਆਈ ਏ
ਸਾਉਣ ਦੀ ਆਈ ਜੀ ਰੁੱਤ ਸਾਉਣ ਦੀ ਆਈ ਏ
ਡੁੱਲ ਡੁੱਲ ਪੈਂਦਾ ਮੁਟਿਆਰਾਂ ਦਾ ਸ਼ਬਾਬ ਏ
ਮੱਚ ਮੱਚ ਜਾਂਦਾ ਤੱਕ ਰੂਪ ਸੂਹਾ ਗੁਲਾਬ ਏ
ਗੋਰੇ ਗੋਰੇ ਹੱਥਾਂ ‘ਚ ਮਹਿੰਦੀ ਰਚਾਉਣ ਦੀ ਆਈ ਏ
ਸੂਹੀ ਫ਼ੁੱਲਕਾਰੀ ਲੈ ਤੀਆਂ ਜਾਉਣ ਦੀ ਆਈ ਏ
ਰਲ ਕੁੜੀਆਂ ਅੰਬਰੀਂ ਪੀਂਘਾਂ ਚੜਾਉਣ ਦੀ ਆਈ ਏ
ਸਾਉਣ ਦੀ ਆਈ ਜੀ ਰੁੱਤ ਸਾਉਣ ਦੀ ਆਈ ਏ
ਸਾਰੀ ਕਾਇਨਾਤ ਨਹਾ ਮੁਸਕਾਈ ਏ
ਭੰਵਰਿਆਂ ਤਿੱਤਲੀਆਂ ਸੰਗ ਕਿੱਕਲੀ ਪਾਈ ਏ
ਫ਼ੁੱਲਾਂ ਨੇ ਮਹਿਕਾਂ ਵੰਡ ਪੌਣ ਮਹਿਕਾਈ ਏ
ਕੋਠਿਆਂ ਦੇ ਤਿੱਪ ਤਿੱਪ ਚੋਣ ਦੀ ਆਈ ਏ
ਰੱਜ ਰੱਜ ਖੀਰ ਪੂੜੇ ਖਾਉਣ ਦੀ ਆਈ ਏ
ਸਾਉਣ ਦੀ ਆਈ ਜੀ ਰੁੱਤ ਸਾਉਣ ਦੀ ਆਈ ਏ
ਬੱਚਿਆਂ ਕਾਗਜ਼ ਦੀ ਕਿਸ਼ਤੀ ਪਾਣੀ ‘ਚ ਚਲਾਈ ਏ
ਡੱਡੂਆਂ ਨੇ ਤਾਰੀਆਂ ਲਾ ਲਾ ਖੁਸ਼ੀ ਮਨਾਈ ਏ
ਚਿੜੀਆਂ ਕੋਇਲਾਂ ਤੋਤੇ ਮੈਨਾ ਮਹਿਫ਼ਲ ਸਜਾਈ ਏ
ਮੋਰ ਪਪੀਹਿਆਂ ਨੱਚ ਨੱਚ ਧਰਤੀ ਹਿਲਾਈ ਏ
ਰੁੱਸੇ ਮਾਹੀਏ ਨੂੰ ਮਨਾਉਣ ਦੀ ਆਈ ਏ
‘ ਰੇਨੂੰ ‘ ਕੋਲੋਂ ਨਵੇਂ ਗੀਤ ਲਿਖਾਉਣ ਦੀ ਆਈ ਏ
ਸਾਉਣ ਦੀ ਆਈ ਜੀ ਰੁੱਤ ਸਾਉਣ ਦੀ ਆਈ ਏ |
ਰਜਿੰਦਰ ਰੇਨੂੰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly