(ਸਮਾਜ ਵੀਕਲੀ)
ਜਿੰਦਗੀ ਦੇ ਪੰਨਿਆਂ ਨੂੰ ਪਲਟਾਕੇ ਤਾਂ ਦੇਖ ਦੋਸਤ
ਮਜਬੂਰੀਆਂ ਹੀ ਜ਼ਰੂਰੀ ਮਿਲਣਗੀਆਂ,
ਬੇਇਤਬਾਰੀਆਂ, ਬੇਵਫ਼ਾਈਆਂ, ਦਗਾ, ਝੂਠ,
ਨਫ਼ਰਤ, ਵੈਰ, ਵਿਰੋਧ, ਈਰਖਾ, ਮਗ਼ਰੂਰੀ,
ਬੇਪੱਤ ਹੋਈ ਖੜੀ ਜ਼ਿੰਦਾ ਲਾਸ਼
ਹੀ ਮਿਲੂਗੀ ਤੈਨੂੰ,
ਦੀਨ ਈਮਾਨ, ਧਰਮ, ਵਫ਼ਾ, ਇੱਜਤ,
ਸਾਂਝ, ਏਕਤਾ, ਇਬਾਦਤ, ਲਿਆਕਤ,
ਗੁੰਮ ਹੋਈ ਦਿਸੇਗੀ ਚਾਰੇ ਕੋਨਿਆਂ ‘ਚੋ,
ਖੁੰਜੀਆਂ ‘ਚ ਲੱਗੇ ਜਾਲਿਆਂ ਦੀ ਤਰ੍ਹਾਂ
ਵਾਅਦਿਆਂ ਦੀ ਜਗ੍ਹਾ ਲਾਰਿਆਂ ਦੀ ਤਰ੍ਹਾਂ
ਕਦੇ ਦਿਸਦੇ ਕਦੇ ਲੁੱਕਦੇ ਤਾਰਿਆਂ ਦੀ ਤਰ੍ਹਾਂ,
ਬੇਸ਼ਰਤੇ ਹਾਰਿਆਂ ਨਹੀਂ ਹਾਂ
ਨਾ ਢਾਹ ਲੱਗੀ ਹੈ
ਗਗਨਚੁੰਬੀ ਇਮਾਰਤਾਂ ਦੀ ਤਰ੍ਹਾਂ ਖੜ੍ਹੇ ਇਰਾਦਿਆਂ ਨੂੰ,
ਫਰੜ ਕਰ ਤਾਂ ਰਿਹਾ ਹੈ ਸਮਾਂ
ਪਰ ਨੱਥ ਪਾਉਣ ਦੀ ਜੁਗਤ ਵੀ ਸੋਚ ਰਿਹਾਂ ਹਾਂ,
ਛਾਂਗ ਕੇ ਦਰਖ਼ਤ ਛਾਂ ਖਤਮ ਕੀਤੀ ਜਾ ਸਕਦੀ
ਪਰ ਉਸਦੇ ਪਰਲੇ ਪਾਰ ਵਾਲਾ ਨਜ਼ਾਰਾ
ਆ ਜਾਂਦਾ ਨਜ਼ਰਾ ਸਾਹਵੇਂ,
ਛੇਕ ਦੇਵੇ ਸਮਾਜ ਵੀ ਚਾਹੇ ਸਰੋਕਾਰਾਂ ‘ਚੋ
ਦੇਵੇ ਜਕੜ ਬੇਸ਼ੱਕ ਬੰਦਿਸ਼ਾਂ ਦੀ ਬੇੜੀ ‘ਚ,
ਪਰ ਨਸ਼ਾ-ਐ-ਹਕੀਕਤ
ਨਸਾਂ ਤਾਂ ਹੋਕੇ ਰਹੇਗਾ।
ਜੋਬਨ ਖਹਿਰਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly