HOME ਪੰਜਾਬੀ ਗੀਤਕਾਰੀ ਦਾ ਸਿਰਮੌਰ ਹਸਤਾਖ਼ਰ:- ਬਾਬੂ ਸਿੰਘ ਮਾਨ

ਪੰਜਾਬੀ ਗੀਤਕਾਰੀ ਦਾ ਸਿਰਮੌਰ ਹਸਤਾਖ਼ਰ:- ਬਾਬੂ ਸਿੰਘ ਮਾਨ

7
ਬਾਬੂ ਸਿੰਘ ਮਾਨ

  (ਸਮਾਜ ਵੀਕਲੀ)   ਬਾਬੂ ਸਿੰਘ ਮਾਨ ਪੰਜਾਬੀ ਗੀਤਕਾਰੀ ਦਾ ਇੱਕ ਅਜਿਹਾ ਨਾਂ  ਹੈ ਜੋਂ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ।ਉਹ ਗੀਤਕਾਰੀ ਦੇ ਇਤਿਹਾਸਕ ਪੰਨਿਆਂ ਦਾ ਸਿਰਮੌਰ ਹਸਤਾਖ਼ਰ ਹੈ, ਜਿਸਨੂੰ ਦੇਖਦਿਆਂ/ ਸੁਣਦਿਆਂ ਪਤਾ ਨਹੀਂ ਕਿੰਨੇ ਲੋਕ, ਸੰਗੀਤਕ ਪ੍ਰੇਮੀ ਅਤੇ ਕਲਾਕਾਰ ਹਸਤੀਆਂ ਆਪਣੀ ਉਮਰਾਂ ਦੇ ਪੜਾਅ ਪਾਰ ਕਰ ਚੁੱਕੇ ਹਨ ਤੇ ਕਰ ਰਹੇ ਹਨ। ਪਰ ਬਾਬੂ ਸਿੰਘ ਮਾਨ ਅੱਜ ਵੀ ਗੀਤਕਾਰੀ ਦੇ ਖੇਤਰ ਵਿਚ ਆਪਣੇ ਨਾਂ ਦੀ ਤਾਜ਼ਗੀ ਵਿਖੇਰ ਰਹੇ ਹਨ। ਬਾਬੂ ਸਿੰਘ ਮਾਨ ਪੰਜਾਬੀ ਗੀਤਕਾਰੀ ਦੇ ਉਹ ਅਲੰਕਾਰ ਹੈ ਜੋਂ ਹਰ ਥਾਂ ਤੇ ਹਰ ਦਿਸ਼ਾ ਦਾ ਸਹੀ ਅਰਥ ਬਿਆਨ ਕਰਦਾ ਹੈ, ਜੇ ਅਸੀਂ ਇਸ ਨੂੰ ਪੰਜਾਬੀ ਗੀਤਕਾਰੀ ਦਾ ਬਾਦਸ਼ਾਹ ਜਾਂ ਭੀਸ਼ਮ ਪਿਤਾਮਾ ਕਹਿ ਦਈਏ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਉਂਕਿ ਬਾਬੂ ਸਿੰਘ ਮਾਨ 21ਵੀਂ ਸਦੀ ਵਿੱਚ ਪਹਿਲੇ ਅਜਿਹੇ ਨਿਵੇਕਲੇ ਸਦੀ ਦੇ ਮਹਾਂਨਾਇਕ ਗੀਤਕਾਰ ਹਨ, ਜਿਸਨੂੰ ਚਾਰ ਪੀੜ੍ਹੀ ਦੇ ਗਾਇਕ ਗਾ ਕੇ ਆਪਣਾ ਨਾਂ ਕਮਾ ਰਹੇ ਹਨ ।ਬਾਬੂ ਸਿੰਘ ਮਾਨ ਪੰਜਾਬੀ ਗੀਤਕਾਰੀ ਦੇ ਇੱਕ ਇਨਸਕੋਲੋਪੀਡੀਆ ਦੀ ਤਰ੍ਹਾਂ ਹਨ, ਜਿਨ੍ਹਾਂ ਕੋਲ ਸ਼ਬਦਾਂ ਦਾ ਅਥਾਹ ਭੰਡਾਰ ਹੈ। ਇਸ ਲਈ ਉਨ੍ਹਾਂ ਨੇ ਸਮੇਂ ਦੇ ਬਦਲਾਅ ਨਾਲ ਆਪਣੀ ਕਲਮ ਨੂੰ ਸ਼ਬਦਾਂ ਦਾ ਹਾਣੀ ਬਣਾਇਆ ਹੈ। ਬਾਬੂ ਸਿੰਘ ਮਾਨ ਨੇ ਗੀਤਕਾਰੀ ਦੇ ਖੇਤਰ ਵਿਚ ਆਪਣੇ ਗੀਤਾਂ ਦਾ ਇਕ ਅਜਿਹਾ ਨਿਵੇਕਲਾ ਇਤਿਹਾਸ ਸਿਰਜਿਆ ਹੈ ਜੋਂ ਸਦੀਵੀਂ ਲੋਕ ਵਿਰਸਾਤ ਦਾ ਸਰਮਾਇਆ ਹੈ। ਸੈਂਕੜੇ ਹੀ ਨਹੀਂ ਬਲਕਿ ਹਜ਼ਾਰਾਂ ਦੀ ਤਾਦਾਦ ਵਿਚ ਆਪਣੇ ਗੀਤਾਂ ਦੀ ਸਿਰਜਣਾ ਕਰਨ ਵਾਲੇ ਬਾਬੂ ਸਿੰਘ ਮਾਨ ਨੇ  ਆਪਣੇ ਗੀਤਾਂ ਵਿਚ ਪਰਿਵਾਰਕ ਰਿਸ਼ਤਿਆਂ, ਲੋਕਧਾਰਾ, ਪੰਜਾਬੀ ਰਹਿਤਲ, ਸਮਾਜਿਕ ਅਤੇ ਆਰਥਿਕ ਜੀਵਨ ਦੀਆਂ ਗੂੰਝਲਦਾਰ ਪਰਤਾਂ ਨੂੰ ਆਪਣੇ ਸ਼ਬਦਾਂ ਰਾਹੀਂ ਪਰੋਇਆ ਹੈ। ਸ਼ਬਦਾਂ ਦਾ ਇਹ ਜਾਦੂਗਰ ਗੀਤਕਾਰੀ ਦਾ ਯੁੱਗ ਬਣ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਦਾ ਹੋਇਆ ਗੀਤਕਾਰੀ ਦੇ ਖੇਤਰ ਵਿਚ ਅੱਜ ਵੀ ਧਰੂ ਤਾਰੇ ਵਾਂਗ ਚਮਕ ਰਿਹਾ ਹੈ।
1963 ਤੋਂ ਨਿਰੰਤਰ ਕਲਮ ਦਾ ਵਹਾਅ ਕਰਨ ਵਾਲੇ ਸ਼ਬਦਾਂ ਦੇ ਇਸ ਸੌਦਾਗਰ ਦਾ ਜਨਮ 10 ਅਕਤੂਬਰ 1942 ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਮਰਾੜ੍ਹਾਂ(ਨੇੜੇ ਸਾਦਿਕ)ਵਿਖੇ ਪਿਤਾ ਸ੍ਰ: ਇੰਦਰ ਸਿੰਘ ਮਾਨ ਦੇ ਘਰ ਮਾਤਾ ਸ੍ਰੀਮਤੀ ਆਸ ਕੌਰ ਦੀ ਕੁੱਖੋਂ ਹੋਇਆ। ਬਾਲ ਅਵਸਥਾ ਵਿਚ ਦਾਦੇ ਪੜਦਾਦੇ ਦੇ ਐਸ਼ੋ ਆਰਾਮ ਵਿਚ ਪਲਣ ਵਾਲੇ ਬਾਬੂ ਸਿੰਘ ਮਾਨ ਨੇ ਜੰਡ ਸਾਹਿਬ ਤੋਂ ਮੁੱਢਲੀ ਪੜ੍ਹਾਈ ਕਰਨ ਉਪਰੰਤ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਉਚੇਰੀ ਸਿੱਖਿਆ ਗ੍ਰਹਿਣ ਕੀਤੀ। ਜਵਾਨੀ ਦੀ ਉਡਾਰੀ ਭਰਦਿਆਂ ਇਸ ਦੇ ਚੰਚਲ ਮਨ ਨੇ  ਨੰਦ ਲਾਲ ਨੂਰਪੁਰੀ, ਗੁਰਦੇਵ ਸਿੰਘ ਮਾਨ, ਅੰਮ੍ਰਿਤਾ ਪ੍ਰੀਤਮ, ਪ੍ਰੋ.ਮੋਹਨ ਸਿੰਘ ਤੇ ਧਨੀ ਰਾਮ ਚਾਤ੍ਰਿਕ ਵਰਗਿਆਂ ਵੱਡੇ ਸ਼ਾਇਰਾਂ ਦੀਆਂ ਰਚਨਾਵਾਂ ਤੇ ਗੀਤਾਂ ਨੇ ਜਿਹਾ ਅਸਰ ਕਬੂਲਿਆ ਕਿ ਛੇਵੀਂ ਕਲਾਸ ਚ ਪੜ੍ਹਦਿਆਂ ਇਸ ਦੀਆਂ ਰਚਨਾਵਾਂ ਛਾਪਣ ਲੱਗੀਆਂ ਤੇ ਕਰਤਾਰ ਸਿੰਘ ਬਲੱਗਣ ਦੇ ਮੈਗਜ਼ੀਨ/ਅਖ਼ਬਾਰ ਵਿਚ ਇਸਦਾ ਪਹਿਲਾ ਗੀਤ  ਦੁੱਧ ਕਾਹੜ ਕੇ ਜਾਗ ਨਾ ਲਾਵਾਂ ਤੇਰੀਆਂ ਉਡੀਕਾਂ ਹਾਣੀਆਂ ਪ੍ਰਕਾਸ਼ਿਤ ਹੋਇਆ।ਗੀਤਾਂ ਦਾ ਵਣਜਾਰਾ’ ਪ੍ਰਕਾਸ਼ਿਤ ਹੋਈ ।ਗੀਤਾਂ ਦਾ ਵਣਜਾਰਾ ਪ੍ਰਕਾਸ਼ਿਤ ਕਿਤਾਬ ਦਾ ਪਹਿਲਾ ਗੀਤ ਗੁਰਪਾਲ ਸਿੰਘ ਪਾਲ ਨੇ ਗਇਆ। ਉਸ ਤੋਂ ਬਾਅਦ ਉਸ ਦੇ ਗੀਤ ਉਸ ਸਮੇਂ ਦੇ ਪ੍ਰਸਿੱਧ ਗਾਇਕ ਹਰਚਰਨ ਗਰੇਵਾਲ, ਪੰਜਾਬ ਦੀ ਕੋਇਲ ਸੁਰਿੰਦਰ ਕੌਰ, ਗੁਰਚਰਨ ਪੋਹਲੀ, ਮੁਹੰਮਦ ਸਦੀਕ, ਰਣਜੀਤ ਕੌਰ ਸਵੀ: ਦਿਲਸ਼ਾਦ ਅਖ਼ਤਰ ਤੋਂ ਲੈਕੇ ਨਵੀਂ ਪੀੜ੍ਹੀ ਦੇ ਕਲਾਕਾਰ ਜਿਵੇਂ ਕਿ:-ਹੰਸ ਰਾਜ ਹੰਸ, ਸਰਦੂਲ ਸਿਕੰਦਰ ਫਿਰੋਜ਼ ਖਾਨ ਅਤੇ ਹਰਭਜਨ ਮਾਨ ਵਰਗਿਆਂ ਨੇ ਆਵਾਜ਼ ਦਿੱਤੀ।
ਬਾਬੂ ਸਿੰਘ ਮਾਨ ਦੇ ਗੀਤ ਸਿਰਫ਼ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਹੀ ਨਹੀਂ ਬਲਕਿ ਖੂਹਾਂ ਟੋਭਿਆਂ ਦੀ ਬਾਤ ਪਾਉਂਦੇ ਸੱਥਾਂ ਚ ਉਪਜੈ ਪੇਂਡੂ ਸੱਭਿਅਤਾ ਦੀ ਰੰਗਤ ਚ ਰੰਗੇ ਗੀਤ ਫਿਲਮੀ ਜਗਤ ਦੀਆਂ ਨਾਮਵਰ ਹਸਤੀਆਂ ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਸੁਖਵਿੰਦਰ ਸਿੰਘ ਆਦਿ ਦੀਆਂ ਸ਼ੁਰਲੀਆਂ ਆਵਾਜ਼ਾਂ ਰਾਹੀਂ ਬੁਲੀਵੁੱਡ ਦੀਆਂ ਹੁਸੀਨ ਵਾਦੀਆਂ ਤੱਕ ਜਾ ਗੂੰਜੇ। ਬਾਬੂ ਸਿੰਘ ਮਾਨ ਬਹੁਤ ਹੀ ਸੰਵੇਦਨਸ਼ੀਲ ਤੇ ਸਹਿਜ ਸੁਭਾਅ ਵਾਲੇ ਹਨ। ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਦੀ ਡੂੰਘੀ ਤੇ ਗੂੜੀ ਸਮਝ ਹੈ।ਇਸ ਲਈ ਉਹ ਆਪਣੇ ਗੀਤਾਂ ਚੋਂ ਨਵਿਆਂ ਚ ਪੁਰਾਣੇ ਅਤੇ ਪੁਰਾਣਿਆਂ ਚੋਂ ਨਵੇਂ ਵਿਸ਼ੇ ਬਣਾਉਣ ਦੇ ਸਮਰੱਥ ਹਨ। ਵੰਨ ਸਵੰਨਤਾ ਨਾਲ ਭਰਪੂਰ ਬਾਬੂ ਸਿੰਘ ਮਾਨ ਦੇ ਦੋਗਾਣਾ ਗੀਤ ਦਿਉਰ-ਭਰਜਾਈ, ਜੇਠ-ਭਾਬੀ ਛੜੇ ਦੀ ਦਾਸਤਾਨ, ਵੈਲੀ ਦੀ ਤਾਕਤ,ਅਮਲੀ ਦਾ ਦੁਖਾਂਤ ਅਤੇ ਪਤੀ-ਪਤਨੀ ਦੀ ਨੋਕ ਝੋਕ ਦੀ ਮਹੱਤਤਾ ਨੂੰ ਦਰਸਾਉਂਦੇ ਹਨ। ਪੰਜਾਬੀਆਂ ਨੇ ਇਨ੍ਹਾਂ ਨੂੰ ਰੱਜ ਕੇ ਮਾਣਿਆ ਤੇ ਭਰਵਾਂ ਪਿਆਰ ਦਿੱਤਾ। ਬਾਬੂ ਸਿੰਘ ਮਾਨ ਨੇ ਮੁੱਢ ਤੋਂ ਹੀ ਸਮੇਂ ਦੀ ਨਬਜ਼ ਨੂੰ ਪਛਾਣ ਕੇ ਗੀਤ ਨੂੰ ਕਲਮਬੱਧ ਕੀਤਾ। ਜਿਵੇਂ ਜਿਵੇਂ ਸਮੇਂ ਦੇ ਬਦਲਾਅ ਨਾਲ ਕੋਈ ਨਵੀਂ ਤਕਨੀਕ ਉਪਜੀ ਬਾਬੂ ਸਿੰਘ ਮਾਨ ਨੇ ਵੀ ਵਿਸ਼ਾ ਵਸਤੂ ਬਣਾ ਕੇ ਆਪਣੇ ਗੀਤ ਵਿਚ ਪੇਸ਼ ਕੀਤਾ ਜਿਵੇਂ ਕਿ:-ਭੋ ਵੇਚ ਕੇ ਟਰੱਕ ਲੈ ਆਂਦਾ ਬਾਬੇ ਦੀ ਫੁੱਲ ਕਿਰਪਾ, ਖਰਬੂਜੇ ਵਰਗੀ ਜੱਟੀ ਖਾ ਲੀ ਵੇ ਕਾਲੇ ਨਾਗ ਨੇ ,ਤੇਲੂ ਰਾਮ ਦੀ ਹੱਟੀ ਦਾ ਜ਼ਰਦਾ, ਟੈਲੀਵਿਜ਼ਨ ਲੈ ਵੇ ਤਸਵੀਰਾਂ ਬੋਲਦੀਆਂ, ਜਾ ਫਿਰ ਤੁਸੀਂ ਚਿੱਠੀਆਂ ਪਾਉਣੀਆਂ ਭੁੱਲਗੇ, ਜਦੋਂ ਦਾ ਟੈਲੀਫੋਨ ਲੱਗਿਆ ਵਰਗੇ ਅਨੇਕਾਂ ਹੀ ਹੋਰ ਗੀਤ। ਸੈਂਕੜੇ/ ਹਜ਼ਾਰਾਂ ਗੀਤਾਂ ਦੀ ਸਿਰਜਣਾ ਕਰਨ ਵਾਲੇ ਬਾਬੂ ਸਿੰਘ ਮਾਨ ਦੇ ਗੀਤਾਂ ਨੂੰ ਗਾ ਕੇ ਜਿੱਥੇ  ਗਾਇਕਾਂ/ਗਾਇਕਾਵਾਂ ਨੇ ਲੋਕਪ੍ਰਿਯ ਹਾਸਿਲ ਕੀਤੀ ਉੱਥੇ ਹੀ ਉੱਚ ਕੋਟੀ ਦੇ ਸੰਗੀਤਕਾਰਾਂ ਨੇ ਇਨ੍ਹਾਂ ਦੇ ਗੀਤਾਂ ਨੂੰ ਸੰਗੀਤਕ ਛੋਹਾਂ ਚੋਂ ਸ਼ਿੰਗਾਰਨ ਦਾ ਮਾਣ ਮਹਿਸੂਸ ਕੀਤਾ।
ਆਪਣੇ ਗੀਤਾਂ ਰਾਹੀਂ ਪੇਂਡੂ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੇ ਬਾਬੂ ਸਿੰਘ ਮਾਨ ਨੇ ਆਪਣੀ ਦੁਆਰਾ ਸਿਆਸੀ ਰੰਗ ਵੀ ਨਿਹਾਰਿਆ ਕਹਿਣ ਤੋਂ ਭਾਵ ਕਿ ਸਿਆਸੀ ਗੱਲ ਵੀ ਕੀਤੀ।ਜਿਸ ਨੂੰ ਜਨਾਬ ਮੁਹੰਮਦ ਸਦੀਕ ਸਾਬ ਨੇ ਸਾਦਿਕ ਦੀ ਸਟੇਜ ਤੇ  ਸਾਲ 1977 ਵਿਚ ਬਾਖੂਬੀ ਨਾਲ ਪੇਸ਼ ਕੀਤਾ। ਗੀਤ ਦੇ ਬੋਲ ਸਨ:-ਬਾਦਲ ਟੌਹੜਾ ਤੇ ਤਲਵੰਡੀ ਫਿਰਦੇ ਸਿੱਖ ਪੰਥ ਨੂੰ ਵੰਡੀ।ਉੱਚਾ ਲੰਮਾ ਛਟਵੇ ਸਰੀਰ ਦੀ ਬਣਤਰ ਚ ਪਰੋਇਆ ਸਿਰੜੀ ਸੋਚ ਤੇ ਦ੍ਰਿੜ ਇਰਾਦੇ ਵਾਲੇ ਬਾਬੂ ਸਿੰਘ ਮਾਨ ਸਿਰਫ ਗੀਤਾਂ ਦਾ ਵਣਜਾਰਾ ਹੀ ਨਹੀਂ ਬਲਕਿ ਉਹ 25 ਸਾਲ ਸਰਵ ਸੰਮਤੀ ਨਾਲ ਆਪਣੀ ਨਗਰ ਪੰਚਾਇਤ ਦਾ ਮੋਢੀ ਭਾਵ ਕਿ ਸਰਪੰਚ ਹੋਣ ਦੇ ਨਾਲ ਨਾਲ ਕੁਝ ਸਮਾਂ ਬਲਾਕ ਸੰਮਤੀ ਦਾ ਚੇਅਰਮੈਨ ਵੀ ਰਿਹਾ। ਬਾਬੂ ਸਿੰਘ ਮਾਨ ਨੇ ਮਨੁੱਖੀ ਨਬਜ਼ ਨੂੰ ਪਛਾਣ ਕੇ ਆਪਣੇ ਗੀਤਾਂ ਵਿਚ ਜਨਜੀਵਨ ਦੇ ਹਰ ਪੱਖ ਨੂੰ ਪੇਸ਼ ਕੀਤਾ। ਪੇਂਡੂ ਸਮਾਜ ਦੀਆਂ ਤਲਖ਼ ਹਕੀਕਤਾਂ ਨਾਲ ਭਰਪੂਰ ਬਾਬੂ ਸਿੰਘ ਮਾਨ ਦੇ ਗੀਤ ਸ਼ਹਿਰੀ ਵਰਗੀਕਰਨ ਲਈ
ਫਾਹਸ਼ ਹੋ ਸਕਦੇ ਹਨ ਜਦੋਂਕਿ ਪੇਂਡੂ ਜਨਜੀਵਾਂ ਲਈ ਇਹ ਧੁਰ ਅੰਦਰ ਦੀ ਆਵਾਜ਼ ਹੈ। ਕੋਰੇ ਕਾਗਜ਼ ਦੀ ਹਿੱਕ ਤੇ ਕਲੀਆਂ, ਕਿੱਸੇ, ਲੋਕ ਗਾਥਾਵਾਂ ਅਤੇ ਸੱਭਿਆਚਾਰ ਵੰਨਗੀ ਨੂੰ ਪੇਸ਼ ਕਰਨ ਵਾਲੇ ਦੋਗਾਣਾ ਗੀਤਾਂ ਨੂੰ ਉੱਕਰਣ ਵਾਲਾ ਗੀਤਾਂ ਦਾ ਇਹ ਵਣਜਾਰਾ ਉਮਰ ਦੇ 83ਵੇਂ ਵਰ੍ਹਿਆਂ ਨੂੰ ਮਾਣਦਾ ਹੋਇਆ ਅੱਜ ਵੀ ਗੀਤਕਾਰੀ ਦੇ ਖੇਤਰ ਵਿਚ ਸਰਗਰਮ ਹੈ। ਗੀਤਕਾਰੀ ਦੇ ਜ਼ਰੀਏ ਆਪਣੇ ਪਿੰਡ ਦੇ ਨਾਂ ਨੂੰ ਬ੍ਰਾਂਡ ਬਣਾਉਣ ਵਾਲਾ ਬਾਬੂ ਸਿੰਘ ਮਾਨ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਰਾੜ੍ਹਾਂ ਦੀਆਂ ਸੱਥਾਂ ਚੋਂ ਉਪਜੀਆਂ ਗੱਲਾਂ ਨੂੰ ਗੀਤਾਂ ਦਾ ਰੂਪ ਦੇ ਕੇ ਦੇਸ਼ ਵਿਦੇਸ਼ ਦੀ ਸੈਰ ਕਰਵਾ ਆਪਣੀ ਉਮਰ ਦੇ ਵੱਧਦੇ ਪੜਾਅ ਨਾਲ ਅਨੇਕਾਂ ਹੀ ਸੰਸਥਾਵਾਂ ਕੋਲੋਂ ਮਾਨ ਸਨਮਾਨ ਪ੍ਰਾਪਤ ਕਰ ਚੁੱਕਾ ਹੈ। ਪੰਜਾਬੀ ਸੰਗੀਤ ਦੇ ਵਿੱਚ ਆਪਣੇ ਸ਼ਬਦਾਂ ਦਾ ਵਡਮੁੱਲਾ ਯੋਗਦਾਨ ਪਾਉਣ ਵਾਲਾ ਗੀਤਕਾਰੀ ਦਾ ਇਹ ਇਨਸਕੋਲੋਪੀਡੀਆ ਆਪਣੇ ਜੀਵਨ ਦਾ ਵਿਸ਼ਾਲ ਅਨੁਭਵ ਰੱਖਦਾ ਹੋਇਆ ਅੱਜ ਫਰੀਦਕੋਟ ਜ਼ਿਲ੍ਹੇ ਦੇ ਛੋਟੇ ਪਿੰਡ ਮਰਾੜ੍ਹਾਂ ਤੋਂ ਉੱਠ ਕੇ ਭਾਰਤ ਦੇ ਵੱਡੇ ਮਹਾਂਨਗਰ ਮੁੰਬਈ ਤੱਕ ਸਬੰਧ ਰੱਖਦਾ ਹੈ।  ਪ੍ਰਮਾਤਮਾ ਕਰੇ ਪੰਜਾਬ ਦੀਆਂ ਕਹਾਣੀਆਂ ਹੀਰ ਰਾਂਝਾ, ਮਿਰਜ਼ਾ ਸਾਹਿਬਾ, ਸੋਹਣੀ ਮਹੀਂਵਾਲ ਅਤੇ ਪੰਜਾਬੀ ਲੋਕ ਗਥਾਵਾਂ ਦੇ ਹੀਰੋ ਅਤੇ ਪੂਰਨ ਭਗਤ ਅਤੇ ਸੁੱਚਾ ਸਿੰਘ ਸੂਰਮਾ ਵਰਗਿਆਂ ਦੇ ਇਤਿਹਾਸਿਕ ਕਿੱਸੇ, ਫ਼ਿਲਮੀ ਅਤੇ ਸੱਭਿਆਚਾਰਕ ਦੋਗਾਣੇ ਗੀਤਾਂ ਦੀ ਸਿਰਜਣਾ ਕਰਨ ਵਾਲਾ ਸ਼ਬਦਾਂ ਦਾ ਇਹ ਰਚੇਤਾ ਇਸੇ ਤਰ੍ਹਾਂ ਆਪਣੇ ਲੋਕ ਗੀਤਾਂ ਦੀ ਤਰ੍ਹਾਂ ਲੰਮੇਰੀਆਂ ਉਮਰਾਂ ਮਾਣਦਾ ਰ੍ਹਵੇ।
====================
ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ)
99886-27880

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਕਸੀਓਮ ਮਿਸ਼ਨ 4 ਲਾਂਚਿੰਗ ਫਿਰ ਤੋਂ ਮੁਲਤਵੀ; 22 ਜੂਨ ਤੋਂ ਪਹਿਲਾਂ ਲਾਂਚਿੰਗ ਲਈ ਕੋਈ ਤਿਆਰੀ ਨਹੀਂ
Next articleਵਿਦੇਸ਼ ਵਸਣ ਦਾ ਮੋਹ ਅਤੇ ਹੋ ਰਹੀ ਠੱਗੀ -ਠੋਰੀ।