ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਲਾਇਨਜ਼ ਕਲੱਬ ਵਿਸ਼ਵਾਸ ਵੱਲੋਂ ਟਰੈਫਿਕ ਐਜੂਕੇਸ਼ਨ ਸੈੱਲ ਦੇ ਸਹਿਯੋਗ ਨਾਲ ਲਾਇਨ ਵਿਜੇ ਅਰੋੜਾ ਮੈਂਬਰ ਰੋਡ ਸੇਫਟੀ ਕਮੇਟੀ ਪੰਜਾਬ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਸਰਕਾਰੀ ਹਾਈ ਸਕੂਲ ਮੰਡਿਆਲਾ ਵਿਖੇ ਟਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਇੱਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੀ ਅਗਵਾਈ ਕਲੱਬ ਮੈਂਬਰ ਅਤੇ ਸਰਪੰਚ ਪਿੰਡ ਮੰਡਿਆਲਾ ਸ. ਸੁਖਵੰਤ ਸਿੰਘ ਨੇ ਕੀਤਾ। ਜਦਕਿ ਮੁੱਖ ਬੁਲਾਰਿਆਂ ਵਜੋਂ ਮੈਡਮ ਤਜਿੰਦਰ ਕੌਰ ਅਤੇ ਮਨੋਹਰ ਚੰਦ ਏ.ਐਸ.ਆਈ. ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੈਡਮ ਤਜਿੰਦਰ ਕੌਰ ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਵਾਹਨ ਨਹੀਂ ਚਲਾਉਣਾ ਚਾਹੀਦਾ, ਕਿਉਂਕਿ ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਅਨੁਸਾਰ ਜੇਕਰ ਕੋਈ ਨਾਬਾਲਗ ਬੱਚਾ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ, ਤਾਂ ਉਸ ਦੇ ਮਾਪਿਆਂ ਨੂੰ 2 ਸਾਲ ਦੀ ਕੈਦ ਜਾਂ 25 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਵੱਡਿਆਂ ਨੂੰ ਇਹ ਵੀ ਕਿਹਾ ਕਿ ਉਹ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਗੱਡੀ ਨਾ ਚਲਾਉਣ ਅਤੇ ਆਪਣੇ ਵਾਹਨ ਦੇ ਦਸਤਾਵੇਜ਼ ਪੂਰੇ ਰੱਖਣ। ਜੇਕਰ ਕੋਈ ਹਾਦਸਾ ਵਾਪਰ ਜਾਵੇ ਤਾਂ ਤੁਹਾਨੂੰ ਇਨਸਾਫ਼ ਮਿਲ ਸਕਦਾ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਬੁਲੇਟ ਮੋਟਰਸਾਈਕਲ ਸਵਾਰਾਂ ਨੂੰ ਪ੍ਰੈਸ਼ਰ ਹਾਰਨ ਜਾਂ ਪਟਾਕੇ ਨਾ ਚਲਾਉਣ ਲਈ ਕਿਹਾ। ਇਸ ਮੌਕੇ ਪ੍ਰੋਗਰਾਮ ਦੇ ਚੇਅਰਮੈਨ ਸ. ਸੁਖਵੰਤ ਸਿੰਘ ਨੇ ਬੱਚਿਆਂ ਨੂੰ ਚਾਈਨਾ ਸਟਰਿੰਗ ਦੀ ਵਰਤੋਂ ਨਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਤਾਰਾਂ ਕਾਰਨ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ ਅਤੇ ਕਈ ਪੰਛੀ ਉੱਡਦੇ ਸਮੇਂ ਇਸ ਵਿੱਚ ਫਸ ਕੇ ਮਰ ਚੁੱਕੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਚਾਈਨਾ ਸਟਰਿੰਗ ਵੇਚਣ ਵਾਲਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਹੋਰ ਲੋਕ ਵੀ ਸਲਾਹ ਲੈ ਸਕਣ। ਇਸ ਮੌਕੇ ਲਾਇਨ ਵਿਜੇ ਅਰੋੜਾ ਅਤੇ ਉੱਘੇ ਸਮਾਜ ਸੇਵੀ ਲਾਇਨ ਸੰਜੀਵ ਅਰੋੜਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਸੜਕ ‘ਤੇ ਦੁਰਘਟਨਾ ਦਾ ਸ਼ਿਕਾਰ ਹੋ ਜਾਵੇ ਤਾਂ ਉਸ ਦੀ ਵੀਡੀਓ ਨਾ ਬਣਾ ਕੇ ਤੁਰੰਤ ਹਸਪਤਾਲ ਪਹੁੰਚਾਇਆ ਜਾਵੇ ਤਾਂ ਜੋ ਸਮੇਂ ਸਿਰ ਉਸ ਦੀ ਜਾਨ ਬਚਾਈ ਜਾ ਸਕੇ। ਇਸ ਸਬੰਧੀ ਸਰਕਾਰ ਵੱਲੋਂ ਏਂਜਲ ਸਕੀਮ ਵੀ ਲਾਗੂ ਕੀਤੀ ਗਈ ਹੈ ਜੋ ਕਿਸੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਵੇਗਾ, ਉਸ ਨੂੰ 2000 ਰੁਪਏ ਦਾ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਮੁੱਖ ਅਧਿਆਪਕਾ ਹਰਪ੍ਰੀਤ ਕੌਰ ਨੇ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਕਰਵਾਏ ਗਏ ਸੈਮੀਨਾਰ ਤੋਂ ਬੱਚਿਆਂ ਦੇ ਨਾਲ-ਨਾਲ ਸਟਾਫ਼ ਨੇ ਵੀ ਭਰਪੂਰ ਲਾਭ ਉਠਾਇਆ ਹੈ। ਉਨ੍ਹਾਂ ਹੋਰਨਾਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਦੀ ਪਾਲਣਾ ਕਰਨ ਅਤੇ ਹੋਰਨਾਂ ਸਕੂਲਾਂ ਵਿੱਚ ਵੀ ਜਾ ਕੇ ਬੱਚਿਆਂ ਨੂੰ ਜਾਗਰੂਕ ਕਰਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj