ਪਿੰਡ ਕੜ੍ਹਾਲ ਕਲਾਂ ਦੇ ਲੋਕਾਂ ਨੇ ਮਨਾਇਆ ਤੀਆਂ ਦਾ ਤਿਉਹਾਰ

ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਸਮੇਤ ਆਪ ਆਗੂ ਮਹਿਲਾਵਾਂ ਨੇ ਸ਼ਿਰਕਤ ਕਰ ਲਾਈਆਂ ਰੌਣਕਾਂ
ਰੰਗਲਾ ਪੰਜਾਬ ਦਾ ਸੁਪਨਾ ਜਲਦ ਹੀ ਪੂਰਾ ਹੋਣ ਦੀ ਕਗਾਰ ਤੇ – ਸੱਜਣ ਸਿੰਘ ਚੀਮਾ
ਕਪੂਰਥਲਾ ,6 ਅਗਸਤ( ਕੌੜਾ ) – ਪੰਜਾਬ ਤਿਉਹਾਰਾਂ ਦੀ ਧਰਤੀ ਹੈ। ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਂਹਦੜ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਤੇ ਹੋਰ ਮਠਿਆਈਆਂ ਲੈ ਕੇ ਜਾਂਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਾਣੀ ਕੁੜੀਆਂ ਨੂੰ ਮਿਲਣ ਦੀ ਤਾਂਘ ਵੀ ਪ੍ਰਗਟ ਹੁੰਦੀ ਹੈ ਪਰ ਅਮੀਰ ਪੰਜਾਬੀ ਸੱÎਭਿਆਚਾਰ ‘ਤੇ ਪਏ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ ‘ਚੋਂ ਤੀਆਂ ਦੇ ਪਿੜ ਲੋਪ ਕਰ ਦਿੱਤੇ ਹਨ। ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ-ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ। ਜਿਹੜੀਆਂ ਔਰਤਾਂ ਨੇ ਬਚਪਨ ਵਿੱਚ ਤੀਆਂ ਦਾ ਮਾਹੌਲ ਦੇਖਿਆ ਹੈ, ਉਨ੍ਹਾਂ ਦੇ ਮਨ ਵਿੱਚ ਦੁਬਾਰਾ ਤੀਆਂ ‘ਤੇ ਜਾਣ ਦਾ ਚਾਅ ਪੈਦਾ ਹੁੰਦਾ ਹੈ।
ਇਸੇ ਤਰ੍ਹਾਂ ਪਿੰਡ ਕੜ੍ਹਾਲ ਕਲਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਜਿਸ ਵਿੱਚ ਇਲਾਕਾ ਭਰ ਦੀਆਂ ਵਿਆਹੀਆਂ ਤੇ ਕੁਆਰੀਆਂ ਮੁਟਿਆਰਾਂ ਤੇ ਨਾਲ ਬੱਚਿਆ ਤੋਂ ਲੈਕੇ ਬਜ਼ੁਰਗ ਵੀ ਸ਼ਾਮਿਲ ਹੋਏ ।ਖਾਸ ਗੱਲ ਇਹ ਰਹੀ ਕਿ ਇਹ ਤਿਉਹਾਰ ਇਕ ਮੇਲੇ ਵਾਂਗ ਮਨਾਇਆ ਗਿਆ । ਜਿਸ ਵਿਚ ਸਿਰਫ ਵਿਆਹੀ ਕੁੜੀਆਂ ਹੀ ਨਹੀਂ ਬਲਕਿ ਪਿੰਡ ਦੇ ਛੋਟੇ ਛੋਟੇ  ਬੱਚੇ ਵੀ ਸ਼ਾਮਿਲ ਹੋਏ ।ਇਸੇ ਦੌਰਾਨ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਤੋਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੀ ਇਸ ਤਿਉਹਾਰ ਦਾ ਆਨੰਦ ਮਾਨਣ ਤੇ ਪੰਜਾਬ ਦੀਆਂ ਉਹਨਾਂ ਧੀਆਂ ਨੂੰ ਆਪਣਾ ਆਸ਼ੀਰਵਾਦ ਦੇਣ ਪਹੁੰਚੇ ਜਿੰਨਾ ਨੂੰ ਬੜੀ ਬੇਸਬਰੀ ਨਾਲ ਇਸ ਦਿਨ ਦਾ ਇੰਤਜ਼ਾਰ ਸੀ।ਇਸ ਦੌਰਾਨ ਸੱਜਣ ਸਿੰਘ ਚੀਮਾ ਨੇ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਪੰਜਾਬ ਦੇ ਉਸ ਅਮੀਰ ਸੱਭਿਆਚਾਰ ਤੇ ਪੁਰਾਤਨ ਵਿਰਸੇ ਦੀ ਯਾਦ ਕਰਵਾਉਂਦਾ ਹੈ ਜੌ ਅੱਜ ਕਲ ਘੱਟ ਹੀ ਵੇਖਣ ਨੂੰ ਮਿਲਦਾ ਹੈ। ਉਹਨਾਂ ਕਿਹਾ ਕਿ ਸਾਡੀ ਨੌਜਵਾਨ ਪੀੜੀ ਪੱਛਮੀ ਸੱਭਿਆਚਾਰ ਤੋਂ ਪ੍ਰਭਾਵਿਤ ਹੋ ਕੇ ਪ੍ਰਵਾਸ ਦਾ ਰੁੱਖ ਕਰ ਰਹੀ ਹੈ ਜਿਸ ਕਾਰਨ ਸਾਡਾ ਪੰਜਾਬ ਦਾ ਉਹ ਪੁਰਾਤਨ ਤੇ ਅਮੀਰ ਸੱਭਿਆਚਾਰ ਹੁਣ ਅਲੋਪ ਹੁੰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਪੰਜਾਬ ਦੇ ਲੋਕਾਂ ਨਾਲ ਵਾਅਦਾ ਹੈ ਕਿ ਜਿਸ ਰੰਗਲਾ ਪੰਜਾਬ ਦਾ ਸੁਪਨਾ ਉਨ੍ਹਾਂ ਨੇ ਵੇਖਿਆ ਹੈ ਉਹ ਜਲਦੀ ਪੂਰਾ ਹੋਵੇਗਾ।
ਇਸ ਦੌਰਾਨ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਤੋਂ ਮਹਿਲਾ ਵਿੰਗ ਦੀ ਆਗੂ ਰਜਿੰਦਰ ਕੌਰ ਰਾਜ ਨੇ ਖਾਸ ਤੌਰ ਤੇ ਸ਼ਮੂਲੀਅਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਪੰਜਾਬ ਦੇ ਪੁਰਾਤਨ ਵਿਰਸੇ ਨੂੰ ਅੱਜ ਵੀ ਜਿਉਂਦਾ ਰੱਖਿਆ ਗਿਆ ਹੈ। ਉਹਨਾਂ ਕਿਹਾ ਕੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਈ ਸੀ ਤਾਂ ਉਹਨਾਂ ਦਾ ਇਕੋ ਇਕ ਮਿਸ਼ਨ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦਾ ਸੀ , ਜੋ ਪੰਜਾਬ ਦੇ ਅਜਿਹੇ ਪੁਰਾਤਨ ਸੱਭਿਆਚਾਰ ਨਾਲ ਸੰਬੰਧਤ ਤਿਉਹਾਰਾਂ ਨੂੰ ਵੇਖ ਕੇ ਪੂਰਾ ਹੋਣ ਦੀ ਕਗਾਰ ਤੇ ਲਗ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਛੋਟੇ ਛੋਟੇ ਬੱਚਿਆਂ ਵੱਲੋਂ ਇਸ ਤਿਉਹਾਰ ਦਾ ਹਿੱਸਾ ਬਣਿਆ ਗਿਆ ਹੈ , ਉਸ ਤੋਂ ਇਹ ਸਾਫ ਜਾਹਿਰ ਹੁੰਦਾ ਹੈ ਕਿ ਚਾਹੇ ਕੁਝ ਲੋਕ ਪੱਛਮੀ ਸੱਭਿਆਚਾਰ ਦੇ ਪਰਭਾਵ ਹੇਠ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ ਪਰ ਬਹੁਤੇ ਲੋਕ ਅਜਿਹੇ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਦੇ ਅਮੀਰ ਤੇ ਪੁਰਾਣੇ ਵਿਰਸੇ ਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ। ਇਸ  ਦੌਰਾਨ ਪਿੰਡ ਕੜਾਲ ਕਲਾਂ ਦੇ ਸਰਪੰਚ ਨਿਸ਼ਾਨ ਸਿੰਘ ਚਾਹਲ ਨੇ ਦੱਸਿਆ ਕਿ ਜਿਸ ਵਕਤ ਪਿੰਡ ਦੀ ਪੰਚਾਇਤ ਨੇ ਇਸ ਤਿਉਹਾਰ ਨੂੰ ਕਰਵਾਉਣ ਦੇ ਲਈ ਪਿੰਡ ਦੀਆਂ ਧੀਆਂ ਅਤੇ ਔਰਤਾਂ ਦੇ ਵਿਚਾਰ ਲਏ ਤਾਂ ਉਸ ਵਕਤ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਪਿੰਡ ਦੇ ਮਾਣ ਹੈ ਕਿ  ਜਿਸ ਵਿਰਸੇ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਸੀ ਉਸ ਵਿਰਸੇ ਦੇ ਨਾਲ ਜੋੜਨ ਲਈ ਪਿੰਡ ਦੀ ਪੰਚਾਇਤ ਨੇ ਇੱਕ ਸ਼ਲਾਘਾਯੋਗ  ਕਦਮ ਉਠਾਇਆ ਹੈ। ਨਿਸ਼ਾਨ ਸਿੰਘ ਨੇ ਕਿਹਾ ਕਿ ਜੇਕਰ ਉਹਨਾਂ ਵਾਂਗ ਪੰਜਾਬ ਦਾ ਹਰੇਕ ਪਿੰਡ ਅਜਿਹੇ ਤਿਉਹਾਰਾਂ ਦੇ ਜਰੀਏ ਪੰਜਾਬ ਦੇ ਪੁਰਾਤਨ ਅਤੇ ਅਮੀਰ ਸੱਭਿਆਚਾਰ ਨੂੰ ਸੰਭਾਲਕੇ ਰੱਖਣ ਤਾਂ ਪੰਜਾਬ ਦੇ ਲੋਕ ਆਪਣੇ ਵਿਰਸੇ ਤੋਂ ਕਦੀ ਵੀ ਦੂਰ ਨਹੀਂ ਹੋਣਗੇ ਅਤੇ ਨਾ ਹੀ ਉਹ ਵਿਦੇਸ਼ਾਂ ਵੱਲ ਨੂੰ ਰੁੱਖ ਕਰਨਗੇ ਅਤੇ ਆਪਣੇ ਪੰਜਾਬ ਦੇ ਵਿੱਚ ਹੀ ਰਹਿ ਕੇ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੀ ਤਰੱਕੀ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇਣਗੇ। ਜਿੱਥੇ ਇੱਕ ਤਰਫਾ ਇਸ ਪੂਰੇ ਪ੍ਰੋਗਰਾਮ ਦੇ ਦੌਰਾਨ ਬੱਚਿਆਂ ਤੋਂ ਲੈਕੇ ਪਿੰਡ ਦੀਆਂ ਔਰਤਾਂ ਤੇ ਮੁਟਿਆਰਾਂ ਨੇ ਗਿੱਧਾ ਤੇ ਬੋਲੀਆਂ ਪਾਕੇ ਤੀਆਂ ਦੇ ਇਸ ਤਿਉਹਾਰ ਦੀ ਸ਼ੋਭਾ ਵਧਾਈ ਉੱਥੇ ਹੀ ਸਮਾਜ ਸੇਵੀ ਹਰੀ ਸਿੰਘ ਹੰਸ ਵੱਲੋਂ ਪਿੰਡ ਦੀਆਂ ਕੁਝ ਧੀਆਂ ਨੂੰ ਸ਼ਗਨ ਦੇ ਤੌਰ ਤੇ ਸੂਟ ਤੇ ਪਿੰਡ ਦੀ ਪੰਚਾਇਤ ਦੇ ਵੱਲੋਂ ਸਾਂਝੇ ਤੌਰ ਤੇ ਇੱਕ – ਇੱਕ ਰੁਪਏ ਦਿੱਤੇ ਗਏ। ਇਸ ਖਾਸ ਮੌਕੇ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਤੋਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਪੀ.ਏ ਲਵਪ੍ਰੀਤ ਸਿੰਘ, ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਤੋਂ ਮਹਿਲਾ ਵਿੰਗ ਦੀ ਆਗੂ ਰਜਿੰਦਰ ਕੌਰ ਰਾਜ,ਪਿੰਡ ਕੜ੍ਹਾਲ ਕਲਾਂ ਦੇ ਸਰਪੰਚ ਨਿਸ਼ਾਨ ਸਿੰਘ ਚਾਹਲ,ਜਗਦੀਪ ਸਿੰਘ , ਸੁਰਿੰਦਰ ਸਿੰਘ ਮੈਂਬਰ , ਸੁਖਵਿੰਦਰ ਸਿੰਘ ਥਿੰਦ ,ਗੁਰਚਰਨ ਸਿੰਘ, ਹਰੀ ਸਿੰਘ, ਲਛਮਣ ਸਿੰਘ,ਮਨਪ੍ਰੀਤ ਸਿੰਘ, ਅਮਰਜੀਤ ਸਿੰਘ ਆਦਿ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਦੌੜਾਂ ਕਰਵਾਈਆਂ
Next articleਬਸਪਾ ਵਲੋਂ 9 ਅਗਸਤ ਨੂੰ ਬੰਦ ਦੀ ਕਾਲ ਦਾ ਸਮਰਥਨ – ਹਲਕਾ ਵਿਧਾਇਕ ਡਾ ਨਛੱਤਰ ਪਾਲ