HOME “ਖੁਸ਼ੀ ਦਾ ਰਾਹ: ਮਨੁੱਖੀ ਸੁਭਾਅ ਵਿੱਚ”

“ਖੁਸ਼ੀ ਦਾ ਰਾਹ: ਮਨੁੱਖੀ ਸੁਭਾਅ ਵਿੱਚ”

ਪਵਨ ਕੁਮਾਰ ਅੱਤਰੀ
(ਸਹੂਲਤਾਂ ਨਹੀਂ, ਮਨ ਦੀ ਸੋਚ ਹੈ ਜੋ ਸਫ਼ਰ ਨੂੰ ਖ਼ਾਸ ਬਣਾਉਂਦੀ ਹੈ)
   (ਸਮਾਜ ਵੀਕਲੀ)  ਮੈਂ ਆਪਣੀ ਡਿਊਟੀ ਤੇ ਪਹੁੰਚਣ ਅਤੇ ਘਰ ਵਾਪਸ ਆਉਣ ਲਈ ਹਰ ਰੋਜ਼ ਲਗਭਗ 180 ਕਿਲੋਮੀਟਰ ਦਾ ਸਫਰ ਕਰਦਾ ਹਾਂ। ਜ਼ਿਆਦਾਤਰ ਇਹ ਸਫਰ ਮੈਂ ਬੱਸ ਰਾਹੀਂ ਤੈਅ ਕਰਦਾ ਹਾਂ। ਇਸ ਦੌਰਾਨ ਮੈਂ ਹਰ ਰੋਜ਼ ਸੈਂਕੜੇ ਚਿਹਰੇ ਦੇਖਦਾ ਹਾਂ। ਕੁਝ ਉਹ ਹੁੰਦੇ ਹਨ ਜੋ ਮੇਰੇ ਵਾਂਗ ਹਰ ਰੋਜ਼ ਯਾਤਰਾ ਕਰਦੇ ਹਨ, ਤੇ ਕੁਝ ਨਵੇਂ ਚਿਹਰੇ ਹੁੰਦੇ ਹਨ। ਬੱਸ ਵਿੱਚ ਅਕਸਰ ਭੀੜ ਰਹਿੰਦੀ ਹੈ। ਕੁਝ ਯਾਤਰੀਆਂ ਨੂੰ ਸੀਟ ਮਿਲ ਜਾਂਦੀ ਹੈ, ਜਦਕਿ ਕਈਆਂ ਨੂੰ ਖੜ੍ਹੇ ਹੋ ਕੇ ਹੀ ਆਪਣਾ ਸਫਰ ਪੂਰਾ ਕਰਨਾ ਪੈਂਦਾ ਹੈ।
ਮੈਂ ਖੁਦ ਗੱਲਾਂ ਬਹੁਤ ਘੱਟ ਕਰਦਾ ਹਾਂ, ਪਰ ਮੈਨੂੰ ਇੱਕ ਆਦਤ ਹੈ ਕਿ ਮੈਂ ਲੋਕਾਂ ਦੇ ਸੁਭਾਅ ਨੂੰ ਧਿਆਨ ਨਾਲ ਓਬਜ਼ਰਵ ਕਰਦਾ ਹਾਂ। ਮੈਂ ਇੱਕ ਗੱਲ ਨੋਟ ਕੀਤੀ ਹੈ ਕਿ ਲੋਕ ਜਿਹੋ ਜਿਹਾ ਮੂਡ ਘਰੋਂ ਲੈ ਕੇ ਆਉਂਦੇ ਹਨ, ਉਵੇਂ ਹੀ ਦੂਜਿਆਂ ਨਾਲ ਵਰਤਾਓ ਕਰਦੇ ਹਨ। ਕੁਝ ਵਿਅਕਤੀ, ਜੋ ਖੜ੍ਹੇ ਹੋ ਕੇ ਯਾਤਰਾ ਕਰਦੇ ਹਨ, ਉਹਨਾਂ ਲਈ ਇਹ ਸਫਰ ਔਖਾ ਹੋਣ ਦੇ ਬਾਵਜੂਦ ਵੀ ਉਹ ਹਮੇਸ਼ਾਂ ਖੁਸ਼ਮਿਜਾਜ਼ ਰਹਿੰਦੇ ਹਨ ਅਤੇ ਆਪਣੇ ਆਲੇ ਦੁਆਲੇ ਖੁਸ਼ੀਆਂ ਫੈਲਾਉਂਦੇ ਹਨ। ਦੂਜੇ ਪਾਸੇ, ਕੁਝ ਵਿਅਕਤੀ ਜੋ ਆਰਾਮ ਨਾਲ ਸੀਟ ਤੇ ਬੈਠ ਕੇ ਯਾਤਰਾ ਕਰਦੇ ਹਨ, ਉਹਨਾਂ ਵਿੱਚੋਂ ਵੀ ਕਈ ਅਜਿਹੇ ਹੁੰਦੇ ਹਨ ਜੋ ਹਰ ਗੱਲ ‘ਤੇ ਚਿੜ ਜਾਂਦੇ ਹਨ। ਕਈ ਵਾਰੀ ਤਾਂ ਉਹ ਇਸ ਗੱਲ ‘ਤੇ ਵੀ ਨਾਰਾਜ਼ ਹੋ ਜਾਂਦੇ ਹਨ ਕਿ ਕੋਈ ਖੜ੍ਹਾ ਯਾਤਰੀ ਬੱਸ ਦੇ ਝਟਕਿਆਂ ਕਰਕੇ ਉਨ੍ਹਾਂ ਨੂੰ ਛੂਹ ਕਿਵੇਂ ਗਿਆ।
ਇਹ ਸਭ ਦੇਖ ਕੇ ਮੈਨੂੰ ਅਕਸਰ ਇਹ ਅਹਿਸਾਸ ਹੁੰਦਾ ਹੈ ਕਿ ਖੁਸ਼ੀ ਦਾ ਸਬੰਧ ਸਹੂਲਤਾਂ ਨਾਲ ਨਹੀਂ, ਸਗੋਂ ਮਨੁੱਖ ਦੇ ਅੰਦਰਲੇ ਸੁਭਾਅ ਨਾਲ ਹੁੰਦਾ ਹੈ। ਖੁਸ਼ੀ ਕੋਈ ਬਾਹਰੀ ਚੀਜ਼ ਨਹੀਂ ਜੋ ਮਿਲ ਸਕੇ, ਇਹ ਤਾਂ ਅੰਦਰੋਂ ਉਪਜਦੀ ਹੈ। ਜੇ ਮਨੁੱਖ ਦੇ ਅੰਦਰ ਖੁਸ਼ ਰਹਿਣ ਦੀ ਸੋਚ ਹੋਵੇ, ਤਾਂ ਉਹ ਮਾੜੀਆਂ ਹਾਲਤਾਂ ਵਿੱਚ ਵੀ ਖੁਸ਼ੀਆਂ ਲੱਭ ਹੀ ਲੈਂਦਾ ਹੈ ਅਤੇ ਦੂਜਿਆਂ ਵਿੱਚ ਵੀ ਸਕਾਰਾਤਮਕ ਊਰਜਾ ਫੈਲਾਉਂਦਾ ਹੈ।
ਇਸ ਦੇ ਉਲਟ ਕੁਝ ਵਿਅਕਤੀ ਅਜਿਹੇ ਵੀ ਹੁੰਦੇ ਹਨ ਜੋ ਚਾਹੇ ਕਿਹੋ ਜਿਹੀ ਵੀ ਸਹੂਲਤਾਂ ਨਾਲ ਘਿਰੇ ਹੋਣ, ਉਹਨਾਂ ਦੀ ਸੋਚ ਹਮੇਸ਼ਾਂ ਨਕਾਰਾਤਮਕ ਹੀ ਰਹਿੰਦੀ ਹੈ। ਉਹ ਆਪਣਾ ਮੂਡ ਤਾਂ ਖਰਾਬ ਕਰਦੇ ਹੀ ਹਨ, ਨਾਲ ਨਾਲ ਆਲੇ-ਦੁਆਲੇ ਦੇ ਮਾਹੌਲ ਨੂੰ ਵੀ ਭਾਰੀ ਬਣਾ ਦਿੰਦੇ ਹਨ।
ਆਖ਼ਰ ਵਿੱਚ, ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜ਼ਿੰਦਗੀ ਦੀ ਅਸਲ ਖੁਸ਼ੀ ਕਿਸੇ ਬਾਹਰੀ ਸਹੂਲਤ ਜਾਂ ਆਰਾਮ ਨਾਲ ਨਹੀਂ, ਸਗੋਂ ਸਾਡੇ ਅੰਦਰਲੇ ਰਵੱਈਏ ਨਾਲ ਜੁੜੀ ਹੁੰਦੀ ਹੈ। ਜਿਹੜਾ ਮਨੁੱਖ ਛੋਟੀ ਛੋਟੀ ਗੱਲਾਂ ਵਿੱਚ ਵੀ ਖੁਸ਼ੀ ਲੱਭ ਲੈਂਦਾ ਹੈ, ਉਹ ਹਰ ਹਾਲਤ ਵਿੱਚ ਸੰਤੁਸ਼ਟ ਰਹਿੰਦਾ ਹੈ। ਪਰ ਜਿਹੜਾ ਵਿਅਕਤੀ ਹਮੇਸ਼ਾਂ ਨਕਾਰਾਤਮਕ ਸੋਚ ਰੱਖਦਾ ਹੈ, ਉਸ ਲਈ ਵੱਡੀਆਂ ਤੋਂ ਵੱਡੀਆਂ ਸਹੂਲਤਾਂ ਵੀ ਬੇਮਾਇਨਾ ਹੋ ਜਾਂਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ ਹਾਲਾਤਾਂ ਨੂੰ ਨਹੀਂ, ਸਗੋਂ ਆਪਣੇ ਸੁਭਾਅ ਨੂੰ ਖੁਸ਼ਮਿਜਾਜ਼ ਬਣਾਈਏ ਕਿਉਂਕਿ ਖੁਸ਼ੀ ਸਫ਼ਰ ਵਿੱਚ ਹੈ, ਮੰਜ਼ਿਲ ਵਿੱਚ ਨਹੀਂ।
ਪਵਨ ਕੁਮਾਰ ਅੱਤਰੀ
ਅਧਿਆਪਕ (ਕਪੂਰਥਲਾ)
ਮੋਬਾਈਲ :-8427791277
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਵੀਂ ਸਾਹਿਤ ਸਭਾ ….
Next articleਦੇਵ ਲੋਕ ਆਰਟਸ ਪ੍ਰੋਡਕਸ਼ਨ ਕਲਾਂ ਵੱਲੋ ਜਲਦ ਤੀਸਰੀ ਫੀਚਰ ਫ਼ਿਲਮ ” ਅਧੂਰੇ ਚਾਅ” ਦਰਸ਼ਕਾਂ ਦੇ ਸਨਮੁੱਖ ਹੋਵੇਗੀ :- ਡਾਇਰੈਕਟਰ ਤੇ ਪ੍ਰੋਡਿਊਸਰ ਜਗਦੇਵ ਢਿੱਲੋ