ਪਿੰਜਰੇ ਦਾ ਤੋਤਾ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ) ਲੋਕ ਕੁੱਤਾ ਬਿੱਲੀ, ਹਾਥੀ, ਘੋੜਾ ਆਦੀ ਜਾਨਵਰ ਪਾਲਦੇ ਹਨ ਅਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਦਿੰਦੇ ਹਨ ਕਿ ਜੋ ਉਹ ਚਾਹਣ ਉਹ ਉਹੀ ਕੁਝ ਹੀ ਕਰਦੇ ਹਨ। ਸਾਡੇ ਸਮਾਜ ਦੇ ਵਿੱਚ ਤੋਤੇ ਨੂੰ ਪਿੰਜਰੇ ਵਿੱਚ ਬੰਦ ਕਰਕੇ ਉਸਨੂੰ ਮਿਰਚਾਂ ਖਵਾਈਆਂ ਜਾਂਦੀਆਂ ਹਨ ਅਤੇ ਉਸਨੂੰ ਬੋਲਣਾ ਸਿਖਾਇਆ ਜਾਂਦਾ ਹੈ। ਲੋਕਾਂ ਦਾ ਭਵਿੱਖ ਦੱਸਣ ਲੱਈ ਕੁਝ ਜੋਤਸ਼ੀ ਲੋਕ ਸੜਕਾਂ ਉਤੋਂ ਤੋਤੇ ਨੂੰ ਪਿੰਜਰੇ ਵਿੱਚ ਬੰਦ ਕਰਕੇ ਬੈਠੇ ਹੁੰਦੇ ਹਨ ਅਤੇ ਜਦੋਂ ਕੋਈ ਬੰਦਾ ਉਹਨਾਂ ਕੋਲ ਆਪਣਾ ਭਵਿੱਖ ਪੁੱਛਣ ਲਈ ਆਉਂਦਾ ਹੈ ਤਾਂ ਤੋਤੇ ਨੂੰ ਪਿੰਜਰੇ ਵਿੱਚੋਂ ਕੱਢ ਕੇ ਅਲਗ ਅਲਗ ਲਿਫਾਫਿਆਂ ਵਿੱਚੋਂ ਕਿਸੇ ਇੱਕ ਨੂੰ ਚੁੰਝ ਨਾਲ ਫੜ ਕੇ ਬਾਹਰ ਕੱਢਦਾ ਹੈ ਅਤੇ ਉਹ ਜੋਤਸ਼ੀ ਉਸ ਲਿਫਾਫੇ ਨੂੰ ਖੋਲ ਕੇ ਉਸ ਬੰਦੇ ਦੇ ਭਵਿੱਖ ਬਾਰੇ ਉਸ ਨੂੰ ਦੱਸਦਾ ਹੈ! ਖੈਰ, ਅੱਜ ਕੱਲ ਲੋਕਾਂ ਦਾ ਤੋਤੇ ਨੂੰ ਪਿੰਜਰੇ ਵਿੱਚ ਬੰਦ ਕਰਕੇ ਰੱਖਣ ਦਾ ਰਿਵਾਜ਼ ਬਹੁਤ ਘੱਟ ਗਿਆ ਹੈ। ਲੇਕਿਨ ਸਰਕਾਰ ਨੇ ਸੀਬੀਆਈ ਦਾ ਤੋਤਾ ਜਰੂਰ ਆਪਣੇ ਪਿੰਜਰੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ। ਸਮੇਂ ਸਮੇਂ ਤੇ ਸਰਕਾਰ ਸੀਬੀਆਈ ਨੂੰ ਵੱਖ ਵੱਖ ਮਾਮਲਿਆਂ ਦੀ ਛਾਣਬੀਨ ਕਰਨ ਵਾਸਤੇ ਹੁਕਮ ਦਿੰਦੀ ਹੈ ਅਤੇ ਆਮ ਤੌਰ ਤੇ ਸੀਬੀਆਈ ਉਸ ਮਾਮਲੇ ਦੀ ਉਸੇ ਤਰੀਕੇ ਨਾਲ ਰਿਪੋਰਟ ਪੇਸ਼ ਕਰਦੀ ਹੈ ਜਿਸ ਤਰ੍ਹਾਂ ਕਿ ਸਰਕਾਰ ਚਾਹੁੰਦੀ ਹੈ। ਸੁਪਰੀਮ ਕੋਰਟ ਨੇ ਸਰਕਾਰ ਦੀ ਇਸ ਚਲਾਕੀ ਨੂੰ ਚੰਗੀ ਤਰ੍ਹਾਂ ਤਾੜ ਲਿਆ ਹੈ। ਕਾਂਗਰਸ ਦੇ ਰਾਜ ਵਿੱਚ ਵੀ ਸਰਕਾਰ ਨੇ ਇਹੋ ਜਿਹੇ ਕਈ ਕੰਮ ਕੀਤੇ ਸਨ ਜਿਨਾਂ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਟਿੱਪਣੀ ਕਰਦੇ ਹੋਏ ਕਿਹਾ ਸੀ,,, ਇਸ ਤੋਤੇ ਨੂੰ ਹੁਣ ਆਜ਼ਾਦ ਕਰ ਦਿਓ,,,। ਲੇਕਿਨ ਜਨਾਬ ਕੋਈ ਸਰਕਾਰ ਇਹ ਸਭ ਕਿਵੇਂ ਕਰ ਸਕਦੀ ਹੈ। ਅੱਜ ਦੀ ਸਰਕਾਰ ਵੀ ਪਹਿਲਾਂ ਦੀਆਂ ਸਰਕਾਰਾਂ ਦੀ ਤਰ੍ਹਾਂ ਸੀਬੀਆਈ ਦਾ ਇਸਤੇਮਾਲ ਆਪਣੇ ਵਿਰੋਧੀਆਂ ਨੂੰ ਜੇਲ ਵਿੱਚ ਸੁਟਣ ਲਈ ਕਰਦੀ ਰਹਿੰਦੀ ਹੈ। ਬਹੁਤ ਸਾਰੀਆਂ ਸੁਤੰਤਰ ਏਜੰਸੀਆਂ ਹਨ ਜਿਵੇਂ ਈਡੀ, ਇਨਕਮ ਟੈਕਸ ਡਿਪਾਰਟਮੈਂਟ, ਸੀਬੀਆਈ ਆਦੀ। ਉਝ ਤਾਂ ਇਹਨਾਂ ਨੂੰ ਆਪਣਾ ਆਪਣਾ ਕੰਮ ਸੁਤੰਤਰ ਤੌਰ ਤੇ ਕਰਨਾ ਚਾਹੀਦਾ ਹੈ ਲੇਕਿਨ ਸਰਕਾਰ ਨੇ ਸੀਬੀਆਈ ਅਤੇ ਹੋਰ ਸੁਤੰਤਰ ਏਜੰਸੀਆਂ ਨੂੰ ਆਪਣੇ ਕੰਟਰੋਲ ਵਿੱਚ ਇਸ ਪ੍ਰਕਾਰ ਰੱਖ ਰੱਖਿਆ ਹੈ ਕਿ ਇਹਨਾਂ ਦਾ ਰਾਜਨੀਤਿਕ ਲਾਭ ਪ੍ਰਾਪਤ ਕਰਨ ਲਈ ਇਹਨਾਂ ਦਾ ਦੁਰਉਪਯੋਗ ਹੀ ਹੁੰਦਾ ਹੈ। ਹੁਣੇ ਜਿਹੇ ਦਿੱਲੀ ਦੇ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਵਿੱਚ ਜੇਲ ਤੋਂ ਜਮਾਨਤ ਦਿੰਦੇ ਹੋਏ ਸੁਪਰੀਮ ਕੋਰਟ ਨੇ ਇੱਕ ਵਾਰ ਫਿਰ ਦੋਹਰਾਇਆ ਹੈ,,, ਸੀਬੀਆਈ ਰੂਪੀ ਤੋਤੇ ਨੂੰ ਪਿੰਜਰੇ ਤੋਂ ਆਜ਼ਾਦ ਕਰ ਦਿਓ ਅਤੇ ਇਸ ਨੂੰ ਆਪਣੇ ਹਿਸਾਬ ਨਾਲ ਕੰਮ ਕਰਨ ਦਿਓ,,। ਆਮ ਤੌਰ ਤੇ ਦੇਖਿਆ ਗਿਆ ਹੈ ਕਿ ਤੋਤਾ ਹੋਵੇ ਜਾਂ ਕੋਈ ਹੋਰ ਪੰਛੀ ਜੇਕਰ ਉਸ ਨੂੰ ਆਜ਼ਾਦ ਵੀ ਕਰ ਦਿਓ ਤਾਂ ਉਹ ਇਧਰ ਉਧਰ ਉਡਾਰੀ ਮਾਰ ਕੇ ਫਿਰ ਆਪਣੇ ਮਾਲਿਕ ਕੋਲ ਪਿੰਜਰੇ ਵਿੱਚ ਬੰਦ ਹੋਣ ਲਈ ਆ ਜਾਂਦਾ। ਸਾਡੀ ਵਿਚਾਰੀ ਸੀਬੀਆਈ ਦਾ ਵੀ ਇਹੀ ਹਾਲ ਹੈ।
ਕਿਹਾ ਜਾਂਦਾ ਹੈ ਕਿ ਵਿਵਾਹਿਕ ਜੀਵਨ ਇਕ ਸੁੰਦਰ ਜੇਲ ਹੈ। ਪਤੀ ਪਤਨੀ ਦਾ ਸੁਖ ਦੁਖ ਇਸ ਜੀਵਨ ਵਿੱਚ ਕੈਦ ਹੈ। ਜੇਕਰ ਤੋਤਾ ਪਿੰਜਰੇ ਵਿੱਚ ਬੰਦ ਰਹੇਗਾ ਤਾਂ ਪਤੀ ਜਾਂ ਪਤਨੀ ਅਤੇ ਬੱਚਿਆਂ ਨੂੰ ਸੁੱਖ ਅਤੇ ਮਾਣ ਸਨਮਾਨ ਮਿਲਦਾ ਰਹੇਗਾ। ਇਹ ਜੇਲ ਸਵਰਗ ਦੀ ਤਰ੍ਹਾਂ ਆਨੰਦਦਾਇਕ ਲੱਗੇਗੀ। ਅਤੇ ਜੇ ਤੋਤਾ ਇਸ ਪਿੰਜਰੇ ਵਿੱਚੋਂ ਬਾਹਰ ਨਿਕਲ ਕੇ ਇਧਰ ਉਧਰ ਉਡਾਰੀਆਂ ਮਾਰਨ ਲੱਗੇ ਤਾਂ ਜਗ ਹਸਾਈ ਅਤੇ ਬਦਨਾਮੀ ਹੋਵੇਗੀ, ਉਸਦੇ ਮਾਨ ਸਨਮਾਨ ਵਿੱਚ ਬਹੁਤ ਕਮੀ ਆ ਜਾਏਗੀ। ਇਹ ਤੋਤਾ ਜਿਸ,,, ਦੂਜੀ,, ਕੋਲ ਜਾਏਗਾ ਉਹ ਉਸਨੂੰ ਪਹਿਲਾਂ ਦੀ ਤਰਾਂ ਮਾਨ ਸਨਮਾਨ ਨਹੀਂ ਦੇਵੇਗੀ। ਆਖਿਰਕਾਰ ਇਧਰ ਉਧਰ ਭਟਕਣ ਤੋਂ ਬਾਅਦ ਤੋਤਾ ਮੁੜ ਆਪਣੇ ਪੁਰਾਣੇ ਪਰਿਵਾਰ ਰੂਪੀ ਪਿੰਜਰੇ ਵਿੱਚ ਸੁਖ ਸ਼ਾਂਤੀ ਨਾਲ ਰਹਿਣ ਵਾਸਤੇ ਆ ਜਾਏਗਾ। ਸੁਪਰੀਮ ਕੋਰਟ ਬੇਸ਼ਕ ਸੀਬੀਆਈ ਨੂੰ ਆਜ਼ਾਦ ਕਰਨ ਦੀ ਗੱਲ ਕਹੇ ਪਰੰਤੂ ਪਤੀ ਪਤਨੀ ਆਪਣੇ ਵਿਵਾਹਿਕ ਪਿੰਜਰੇ ਵਿੱਚ ਜੇਕਰ ਬੰਦ ਰਹਿਣ ਤਾਂ ਜਿਆਦਾ ਸੁੱਖਦਾਈ ਹੋਵੇਗਾ।
ਹਰ ਆਦਮੀ ਧਰਮ ਰੂਪੀ ਆਪਣੇ ਪਿੰਜਰੇ ਵਿੱਚ ਬੰਦ ਰਹਿਣਾ ਚਾਹੁੰਦਾ ਹੈ। ਕੋਈ ਵੀ ਆਦਮੀ ਇਸ ਪਿੰਜਰੇ ਵਿੱਚੋਂ ਨਿਕਲ ਕੇ ਦੂਜੇ ਪਿੰਜਰੇ ਵਿੱਚ ਕੈਦ ਨਹੀਂ ਹੋਣਾ ਚਾਹੁੰਦਾ। ਆਪਣੇ ਧਰਮ ਦੀ ਪਾਲਣਾ ਕਰਨਾ ਉਸ ਨੂੰ ਸੁਖ ਅਤੇ ਸ਼ਾਂਤੀ ਦਿੰਦਾ ਹੈ। ਸਾਨੂੰ ਆਪਣੇ ਧਰਮ ਦਾ ਗਿਆਨ ਹੋਣਾ ਚਾਹੀਦਾ ਹੈ ਅਤੇ ਸਾਨੂੰ ਦੂਜਿਆਂ ਦੇ ਧਰਮ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ। ਦੂਜਿਆਂ ਦੇ ਧਰਮ ਵਿੱਚ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ। ਜਿਸ ਤਰ੍ਹਾਂ ਅਸੀਂ ਜਨਮ ਦੇਣ ਵਾਲੇ ਆਪਣੇ ਮਾਪਿਆਂ ਦਾ ਤਿਆਗ ਨਹੀਂ ਕਰ ਸਕਦੇ ਉਸੇ ਤਰੀਕੇ ਨਾਲ ਅਸੀਂ ਆਪਣੇ ਧਰਮ ਦਾ ਵੀ ਤਿਆਗ ਨਹੀਂ ਕਰ ਸਕਦੇ। ਸਾਨੂੰ ਆਪਣੇ ਧਰਮ ਰੂਪੀ ਪਿੰਜਰੇ ਵਿੱਚ ਕੈਦ ਹੋ ਕੇ ਰਹਿਣਾ ਅਤੇ ਆਪਣੇ ਪਰਮਾਤਮਾ ਦਾ ਸਿਮਰਨ ਕਰਨਾ ਬਹੁਤ ਚੰਗਾ ਲੱਗਦਾ ਹੈ। ਇੱਥੇ ਵੀ ਸੁਪਰੀਮ ਕੋਰਟ ਦੀ ਟਿੱਪਣੀ ਦੇ ਮੁਤਾਬਿਕ ਤੋਤੇ ਨੂੰ ਆਜ਼ਾਦੀ ਨਹੀਂ ਚਾਹੀਦੀ। ਇਸੇ ਤਰੀਕੇ ਨਾਲ ਅਸੀਂ ਆਪਣੇ ਜਿਸ ਸਮਾਜ ਦਾ ਹਿੱਸਾ ਹਾਂ ਅਤੇ ਅਸੀਂ ਜਿਸ ਰਾਜਨੀਤੀ ਪਾਰਟੀ ਦੇ ਮੈਂਬਰ ਹਾਂ ਉਸ ਨਾਲ ਹੀ ਜੁੜੇ ਰਹਿਣਾ ਸਾਡਾ ਧਰਮ ਹੈ ਅਸੀਂ ਉਸ ਪਿੰਜਰੇ ਤੋਂ ਬਾਹਰ ਆਣ ਦੀ ਸੋਚ ਵੀ ਨਹੀਂ ਸਕਦੇ। ਤੁਸੀਂ ਅੱਜ ਕੱਲ ਦੇਖਿਆ ਹੋਏਗਾ ਕਿ ਆਪਣੀ ਪਾਰਟੀ ਤੋਂ ਨਾਰਾਜ਼ ਹੋ ਕੇ ਕਈ ਨੇਤਾ ਉਸਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਚਲੇ ਜਾਂਦੇ ਹਨ। ਸ਼ੁਰੂ ਸ਼ੁਰੂ ਵਿੱਚ ਤਾਂ ਥੋੜੀ ਬਹੁਤ ਉਹਨਾਂ ਦੀ ਇੱਜਤ ਹੁੰਦੀ ਹੈ ਲੇਕਿਨ ਬਾਅਦ ਵਿੱਚ ਉਹਨਾਂ ਦੀ ਵੈਲਯੂ ਨਾ ਦੇ ਬਰਾਬਰ ਹੋ ਜਾਂਦੀ ਹੈ। ਇਸ ਲਈ ਜਿੱਥੇ ਤੱਕ ਹੋ ਸਕੇ ਸਾਨੂੰ ਆਪਣੇ ਸਮਾਜ ਦੇ ਪਿੰਜਰੇ ਵਿੱਚ ਬੰਦ ਹੋ ਕੇ ਆਪਣੀ ਬਿਰਾਦਰੀ ਦੇ ਨਾਲ ਭਾਈਚਾਰਾ ਨਿਭਾਣਾ ਚਾਹੀਦਾ ਹੈ ਅਤੇ ਆਪਣੇ ਰਾਜਨੀਤਿਕ ਦਲ ਵਿੱਚ ਹੀ ਬਣੇ ਰਹਿਣਾ ਚਾਹੀਦਾ ਹੈ। ਤੋਤੇ ਨੂੰ ਜਿੰਨਾ ਕੈਦ ਵਿੱਚ ਸੁੱਖ ਮਿਲੇਗਾ, ਇਜਤ ਮਿਲੇਗੀ, ਪਿੰਜਰੇ ਤੋਂ ਆਜ਼ਾਦ ਹੋਣ ਤੋਂ ਬਾਅਦ ਇਹ ਸਭ ਕੁਝ ਨਹੀਂ ਮਿਲਣਾ।
ਲੋਕਤੰਤਰ ਵਿੱਚ ਸਭ ਨੂੰ ਆਪਣੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੈ। ਲੇਕਿਨ ਲੋਕਤੰਤਰ ਦੀ ਸਫਲਤਾ ਲਈ ਕੁਝ ਕਾਇਦੇ, ਕਾਨੂੰਨ ਅਤੇ ਅਨੁਸ਼ਾਸਨ ਦੀ ਪਾਲਣਾ ਕਰਨੀ ਬਹੁਤ ਜਰੂਰੀ ਹੁੰਦੀ ਹੈ। ਔਰਤਾਂ ਨੂੰ ਆਜ਼ਾਦੀ ਤਾਂ ਜਰੂਰ ਮਿਲਣੀ ਚਾਹੀਦੀ ਹੈ ਪਰੰਤੂ ਇਸ ਆਜ਼ਾਦੀ ਦਾ ਇਸਤੇਮਾਲ ਮਰਿਆਦਾ ਦੇ ਦਾਇਰੇ ਵਿੱਚ ਰਹਿ ਕੇ ਉਹਨਾਂ ਨੂੰ ਕਰਨਾ ਚਾਹੀਦਾ ਹੈ। ਇਸ ਆਜ਼ਾਦੀ ਦਾ ਇਸਤੇਮਾਲ ਇਸ ਤਰਾਂ ਨਹੀਂ ਕਰਨਾ ਚਾਹੀਦਾ ਕਿ ਉਹਨਾਂ ਦੀ ਜਾਂ ਉਹਨਾਂ ਦੇ ਪਰਿਵਾਰ ਦੀ ਜੱਗ ਹਸਾਈ ਹੋਵੇ। ਇੱਥੇ ਵੀ ਤੋਤੇ ਦਾ ਮਰਿਆਦਾ ਰੂਪੀ ਪਿੰਜਰੇ ਵਿੱਚ ਕੈਦ ਹੋਣਾ ਫਾਇਦੇਮੰਦ ਹੈ। ਬੇਸ਼ਕ ਔਰਤਾਂ ਪਹਿਲਾਂ ਦੀ ਤਰ੍ਹਾਂ ਘੁੰਡ ਨਾ ਕੱਢਣ ਲੇਕਿਨ ਸਿਰ ਤੇ ਚੁੰਨੀ ਰੱਖ ਕੇ ਮਰਿਆਦਾ ਦਾ ਪਾਲਣ ਤਾਂ ਕਰਨਾ ਚਾਹੀਦਾ ਹੈ। ਅਸੀਂ ਸਾਰੇ ਇਸ ਦੇਸ਼ ਦੇ ਨਾਗਰਿਕ ਹਾਂ। ਸਾਡਾ ਆਚਰਨ ਸੰਵਿਧਾਨ ਦੇ ਮੁਤਾਬਿਕ ਪਿੰਜਰੇ ਵਿੱਚ ਕੈਦ ਹੈ। ਜੇਕਰ ਅਸੀਂ ਪਿੰਜਰੇ ਵਿੱਚੋਂ ਬਾਹਰ ਨਿਕਲ ਕੇ ਕੋਈ ਗੈਰ ਕਾਨੂੰਨੀ ਕੰਮ ਕਰਾਂਗੇ ਤਾਂ ਸਾਡੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਇਸ ਲਈ ਹਰ ਤੋਤੇ ਨੂੰ ਪਿੰਜਰੇ ਵਿੱਚ ਕਾਇਦੇ, ਕਾਨੂੰਨ, ਮਰਿਆਦਾ, ਲੱਜਿਆ ਅਤੇ ਸੰਸਕਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਹਿਣਾ ਚਾਹੀਦਾ ਹੈ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਲੈਸਟਰ ਗੁਰਦੁਆਰਾ ਚੋਣਾਂ
Next articleਦੁਨੀਆਂ ਦੀ ਪ੍ਰਸਿੱਧੀ ਪ੍ਰਾਪਤ ਖੇਡ ਫੁੱਟਬਾਲ ਜਾਂ ਫੁੱਟਬਾਲ ਖੇਡ ਵਿੱਚ ਨੇਤਰਹੀਣ ਵੀ ਕਿਸੇ ਤੋਂ ਘੱਟ ਨਹੀਂ