(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬੀ ਮਾਂ ਬੋਲੀ ਦੇ ਸਾਹਿਤਕ ਵਿਹੜੇ ਦੇ ਵਿੱਚ ਅਨੇਕਾਂ ਅਦਾਰੇ ਸਾਹਿਤ ਸਭਾਵਾਂ ਸ਼ਖਸ਼ੀਅਤਾਂ ਸੰਸਥਾਵਾਂ ਆਪੋ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਅੱਜ ਕੱਲ ਸਾਹਿਤ ਨਾਲ ਸੰਬੰਧਿਤ ਅਨੇਕਾਂ ਪ੍ਰੋਗਰਾਮਾਂ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਨਵੇਂ ਤੇ ਪੁਰਾਣੇ ਲੇਖਕਾਂ ਦੀਆਂ ਕਿਤਾਬਾਂ ਧੜਾ ਧੜ ਆ ਰਹੀਆਂ ਹਨ ਤੇ ਉਹ ਸਮਾਗਮਾਂ ਵਿੱਚ ਰਿਲੀਜ਼ ਕਰਕੇ ਹਾਜ਼ਰ ਪਾਠਕਾਂ ਨੂੰ ਦਿੱਤੀਆਂ ਜਾਂਦੀਆਂ ਹਨ ਪਰ ਅਕਸਰ ਹੀ ਇਹ ਗਿਲਾ ਵੀ ਸਾਹਮਣੇ ਆਉਂਦਾ ਹੈ ਕਿ ਜੋ ਕਿਤਾਬ ਫਲਾਣੇ ਨੇ ਲਿਖੀ ਹੈ ਇਸ ਵਿੱਚ ਕੋਈ ਖਾਸ ਗੱਲਬਾਤ ਨਹੀਂ ਇਹ ਉਲਾਂਭਾ ਅੱਜ ਕੱਲ ਆਮ ਹੈ ਦੂਜੇ ਪਾਸੇ ਅੱਜ ਕੱਲ੍ਹ ਦੇ ਸਮੇਂ ਵਿੱਚ ਅਜਿਹੀਆਂ ਕਲਮਾਂ ਵੀ ਜੀਵਤ ਹਨ ਜੋ ਕਿਸੇ ਵਿਸ਼ੇਸ਼ ਵਿਸ਼ਿਆਂ ਨੂੰ ਲੈ ਕੇ ਕਵਿਤਾਵਾਂ ਕਹਾਣੀਆਂ ਨਾਵਲ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਉਂਦੀਆਂ ਹਨ ਤੇ ਅੱਗੋਂ ਜਦੋਂ ਕਿਤਾਬ ਪਾਠਕਾਂ ਦੇ ਸਨਮੁਖ ਹੁੰਦੀ ਹੈ ਤਾਂ ਚੰਗੀ ਕਿਤਾਬ ਨੂੰ ਹਰ ਕੋਈ ਸਲਾਉਂਦਾ ਤੇ ਹਰ ਕੋਈ ਪੜਦਾ ਵੀ ਹੈ।
ਅੱਜ ਕੱਲ ਨਵੇਂ ਲੇਖਕ ਜਦੋਂ ਕੋਈ ਨਵੀਂ ਵਿਧਾ ਲੈ ਕੇ ਆਉਂਦੇ ਹਨ ਤਾਂ ਉਹਨਾਂ ਦੀ ਚਰਚਾ ਵੀ ਹੁੰਦੀ ਹੈ ਤੇ ਮਾਨ ਸਨਮਾਨ ਵੀ ਇਸੇ ਤਰ੍ਹਾਂ ਦੇ ਹੀ ਨੀਲੋਂ ਕੁੱਬਿਆਂ ਦੇ ਕੋਲ ਪੈਂਦੇ ਪਿੰਡ ਖਹਿਰਾ ਦੇ ਜੰਮਪਲ ਨੌਜਵਾਨ ਲੇਖਕ ਜੋਬਨ ਖਹਿਰਾ ਵੀ ਸਾਹਿਤਕ ਪਾਸੇ ਨੂੰ ਵਧੀਆ ਕੰਮ ਕਰਦਾ ਹੋਇਆ ਜਿੱਥੇ ਨਵੇਂ ਲੇਖਕਾਂ ਦੀਆਂ ਕਿਤਾਬਾਂ ਰਿਲੀਜ਼ ਕਰਦਾ ਹੈ ਮਾਨ ਸਨਮਾਨ ਕਰਵਾਉਂਦਾ ਹੈ ਤੇ ਉਸ ਦੀ ਹੱਥਲੀ ਪੁਸਤਕ ਜੋ ਨਾਵਲ ਰੂਪ ਵਿੱਚ ਹੈ ਉਸਦਾ ਨਾਮ ਹੈ ਜਲੀਲਪੁਰ, ਕਿਤਾਬ ਦੇਖਣ ਨੂੰ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਇਹ ਕਿਸੇ ਜਲੀਲਪੁਰ ਸ਼ਹਿਰ ਦੇ ਉੱਪਰ ਲਿਖੀ ਹੋਵੇ ਪਰ ਜਦੋਂ ਅਸੀਂ ਕਿਤਾਬ ਦਾ ਵਿਸ਼ਾ ਲੈ ਕੇ ਇਸਨੂੰ ਪੜਨੀ ਸ਼ੁਰੂ ਕਰਦੇ ਹਾਂ ਤਾਂ ਪਾਠਕ ਦੀ ਰੁਚੀ ਬਹੁਤ ਜਿਆਦਾ ਵੱਧ ਜਾਂਦੀ ਹੈ ਤੇ ਇਹ ਨਾਵਲ ਪਾਠਕ ਨੂੰ ਆਪਣੇ ਨਾਲ ਤੋਰਦਾ ਹੈ। ਪਾਠਕ ਨੂੰ ਆਪਣੇ ਨਾਲ ਤੋਰਨ ਦਾ ਕਾਰਨ ਹੈ ਕਿ ਜੋ ਨਾਵਲ ਜਲੀਲਪੁਰ ਜੋਬਨ ਖਹਿਰਾ ਨੇ ਲਿਖਿਆ ਹੈ ਉਸ ਵਿੱਚ ਅਲੱਗ ਤੇ ਅਹਿਮ ਵਿਸ਼ੇ ਨੂੰ ਛੋਹਣ ਦੀ ਕੋਸ਼ਿਸ਼ ਤਾਂ ਕੀਤੀ ਹੈ ਤੇ ਜੋ ਇਸ ਵਿੱਚ ਸਫਲ ਵੀ ਹੋਇਆ ਹੈ।
ਹੁਣ ਤੱਕ ਅਨੇਕਾਂ ਲੇਖਕਾਂ ਨੇ ਕਲਕੱਤਾ ਦਿੱਲੀ ਤੇ ਹੋਰ ਮਹਾਨਗਰਾਂ ਦੇ ਵਿੱਚ ਚੱਲ ਰਹੇ ਵੇਸਵਾ ਗਿਰੀ ਦੇ ਧੰਦੇ ਨੂੰ ਆਪਣੀਆਂ ਲਿਖਤਾਂ ਵਿੱਚ ਲੈ ਕੇ ਪਾਠਕਾਂ ਤੱਕ ਪੇਸ਼ ਕੀਤਾ ਹੈ ਤੇ ਪਾਠਕਾਂ ਨੇ ਦਿਲਚਸਪੀ ਦੇ ਨਾਲ ਇਹਨਾਂ ਕਹਾਣੀਆਂ ਨਾਵਲਾਂ ਨੂੰ ਪੜਿਆ ਵੀ ਹੈ ਇਸੇ ਵਿਸ਼ੇ ਨੂੰ ਹੀ ਲੈ ਕੇ ਜੋਬਨ ਖਹਿਰਾ ਨੇ ਜਲੀਲਪੁਰ ਨਾਵਲ ਲਿਖਿਆ ਹੈ।
ਨਾਵਲ ਵਿਚਲੇ ਪਾਤਰਾਂ ਰਾਹੀਂ ਜੋ ਗੱਲਬਾਤ ਜੋਬਨ ਖੈਰਾ ਨੇ ਉਹਨਾਂ ਦੇ ਮੂੰਹ ‘ਚੋ ਘਡਵਾਈ ਹੈ ਉਹ ਅਸਲ ਸੱਚ ਹੈ ਕਿਉਂਕਿ ਸਾਡਾ ਸਮਾਜ ਹੀ ਹੈ ਜੋ ਅਨੇਕਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਵਿੱਚ ਘਿਰਿਆ ਹੋਇਆ ਹੈ ਤੇ ਇਥੋਂ ਹੀ ਜਲੀਲਪੁਰ ਜਿਹੇ ਨਾਵਲ ਦੀ ਸ਼ੁਰੂਆਤ ਹੁੰਦੀ ਹੈ ਸਾਡੇ ਸਮਾਜ ਵਿੱਚ ਔਰਤਾਂ ਨੂੰ ਆਪਣਿਆਂ ਤੇ ਬੇਗਾਨਿਆ ਵੱਲੋਂ ਕਿਵੇਂ ਜਲੀਲ ਕੀਤਾ ਜਾਂਦਾ ਹੈ ਇਹ ਜਲੀਲਪੁਰ ਪੜ੍ਹ ਕੇ ਹੀ ਪਤਾ ਲੱਗੇਗਾ।
ਨਾਵਲ ਦੀ ਸ਼ੁਰੂਆਤ ਫਾਨੋ ਪਾਤਰ ਦੇ ਅਹਿਮ ਸ਼ਬਦਾਂ ਦੇ ਨਾਲ ਹੁੰਦੀ ਹੈ, ਮੰਡੀਆਂ ਵਿੱਚ ਵਿਕਦੀਆਂ ਸਬਜ਼ੀਆਂ ਨੂੰ ਵੀ ਆਦਮੀ ਲਿਫ਼ਾਫ਼ੇ ‘ਚ ਲਪੇਟ ਕੇ ਲੈ ਜਾਂਦੇ ਨੇ ਤੇ ਜਲੀਲਪੁਰ ਦੀਆਂ ਔਰਤਾਂ ਨੂੰ ਬਿਨਾਂ ਕਿਸੇ ਵਸਤਰ ਲੈ ਕੇ ਜਾਣਾ ਚਾਹੁੰਦੀ ਹੈ ਇਹ ਆਦਮ ਜ਼ਾਤ …..ਬਹੁਤ ਸੋਹਣੇ ਡਾਇਲਾਗ ਰੂਪੀ ਸ਼ਬਦਾਂ ਦੇ ਨਾਲ ਨਾਵਲ ਦੀ ਸ਼ੁਰੂਆਤ ਹੋਈ ਹੈ ਅੱਗੋਂ ਸਲਮਾ ਫਾਨੋ ਦੀਪਕ ਦੇ ਨਾਲ ਘੁੰਮਦੀ ਘੁਮਾਉਂਦੀ ਨਾਵਲ ਦੀ ਵਿਧਾ ਬਹੁਤ ਕੁਝ ਬਿਆਨ ਕਰਦੀ ਹੈ ਤਾਨੀਆ ਨਸੀਬ ਨਿਮਰਾ ਸਲਮਾ ਰਿਤਿਕਾ ਦੀਪਕ ਮਾਈ ਦੀਆਂ ਗੱਲਾਂ ਬਾਤਾਂ ਨੂੰ ਬੜਾ ਦਿਲਚਸਪ ਤਰੀਕੇ ਨਾਲ ਸ਼ਬਦਾਂ ਵਿੱਚ ਪਰੋਇਆ ਹੈ। ਜੋ ਕੁਝ ਮੌਜੂਦਾ ਸਮੇਂ ਸਾਡੇ ਸਮਾਜ ਦੇ ਵਿੱਚ ਰਾਜਨੀਤਿਕ ਲੋਕਾਂ ਨੇ ਕੀਤਾ ਹੈ ਉਹ ਵੀ ਇਸ ਨਾਵਲ ਦੇ ਵਿੱਚ ਹੂਬਹੂ ਸੱਚ ਦਰਸਾਇਆ ਗਿਆ ਹੈ ਸਿਆਸੀ ਆਗੂਆਂ ਦੇ ਨਾਲ ਜੁੜ ਕੇ ਪੁਲਿਸ ਦੇ ਕਾਰਨਾਮੇ ਵੀ ਇਥੇ ਵਰਨਣ ਕੀਤੇ ਗਏ ਹਨ ਤਕਰੀਬਨ ਸੌ ਕੁ ਸਫਿਆਂ ਦੇ ਇਸ ਨਾਵਲ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਹੈਰਾਨ ਕਰਨ ਵਾਲਾ ਵੀ ਹੈ ਤੇ ਮੰਨਣ ਵਾਲਾ ਵੀ ਵੇਸਵਾ ਗਿਰੀ ਦੀਆਂ ਜੋ ਗੱਲਾਂ ਬਾਤਾਂ ਜੋਬਨ ਨੇ ਛੋਟੀ ਉਮਰ ਵਿੱਚ ਪੇਸ਼ ਕੀਤੀਆਂ ਹਨ ਇੰਝ ਲੱਗਦਾ ਹੈ ਜਿਵੇਂ ਇਹ ਸਾਰਾ ਕੁਝ ਇਸਨੇ ਖੁਦ ਵੱਡੇ ਸ਼ਹਿਰਾਂ ਵਿੱਚ ਜਾ ਕੇ ਦੇਖਿਆ ਹੋਵੇ ਸੱਚ ਕੀ ਹੈ ਇਹ ਤਾਂ ਤਾਂ ਜੋਬਨ ਹੀ ਜਾਣੇ। ਨਾਵਲ ਦੀ ਪਾਠਕਾਂ ਨਾਲ ਦਿਲਚਸਪੀ ਉਸ ਵੇਲੇ ਹੋਰ ਵੀ ਵਧ ਜਾਂਦੀ ਹੈ ਜਦੋਂ ਸ਼ਹਿਰੋ ਸ਼ਹਿਰੀ ਵਧੀਆ ਤਰੀਕੇ ਦੇ ਨਾਲ ਇਸ ਵਿੱਚ ਪੇਸ਼ ਕੀਤੀ ਗਈ ਹੈ।
ਨਾਵਲ ਦੇ ਖਤਮ ਹੋਣ ਤੋਂ ਬਾਅਦ ਲੇਖਕ ਵੱਲੋਂ ਕੁਝ ਗੱਲਾਂ ਜਲੀਲਪੁਰ ਬਾਰੇ ਵਿਸ਼ੇਸ਼ ਤੌਰ ਉਤੇ ਚਾਰ ਕ ਸਫਿਆਂ ਵਿੱਚ ਲਿਖੀਆਂ ਗਈਆਂ ਹਨ ਲੇਖਕ ਨੂੰ ਜ਼ਲੀਲ ਪੁਰ ਲਿਖਣ ਦਾ ਕਾਰਨ, ਨਾਵਲ ਵਿਚਲੇ ਦ੍ਰਿਸ਼ ਤੇ ਆਪਣੀ ਵਿਸ਼ੇਸ਼ ਲਿਖਤ ਨਾਲ ਕੁਝ ਕਹਿਣ ਤੇ ਉਸ ਤੋਂ ਬਾਅਦ ਸਫਲ ਹੋਣ ਬਾਰੇ ਲਿਖਿਆ ਹੈ ਤੇ ਅਖੀਰ ਵਿੱਚ ਪਾਠਕਾਂ ਦੇ ਸੁਝਾਵਾਂ ਦੀ ਮੰਗ ਕੀਤੀ ਗਈ ਹੈ ਪਾਠਕ ਇਹ ਸੁਝਾਅ ਜਲੀਲਪੁਰ ਨਾਵਲ ਪੜ ਕੇ ਹੀ ਦੇ ਸਕਦੇ ਹਨ। ਬਦਨਾਮੀ ਦੇ ਗਾਰੇ ਨਾਲ ਕਦੇ ਇੱਜ਼ਤਾਂਦੇ ਮਹਿਲ ਨਹੀਂ ਉਸਰਦੇ ਇਹ ਨਾਵਲ ਦੇ ਸਰਵਰਕ ਉੱਪਰ ਖਿੱਚ ਪਊ ਸ਼ਬਦ ਨਾਵਲ ਦੇ ਵਿੱਚ ਵੀ ਪੇਸ਼ ਕੀਤੇ ਗਏ ਹਨ। ਇਹ ਨਾਵਲ ਬਰਕਤ ਪਬਲੀਕੇਸ਼ਨ ਵੱਲੋਂ ਛਾਪਿਆ ਗਿਆ ਹੈ। ਸੋਹਣਾ ਕਾਗਜ਼ ਤੇ ਵਧੀਆ ਤਰੀਕੇ ਦੇ ਨਾਲ ਸਰਵਰਕ ਉਤੇ ਔਰਤਾਂ ਦੀਆਂ ਤਸਵੀਰਾਂ ਜਲੀਲਪੁਰ ਨੂੰ ਖੁਦ ਹੀ ਬਿਆਨ ਕਰਦੀਆਂ ਹਨ।
7009107300
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly