ਉੱਲੂ ਗਾਥਾ ਜਾਰੀ ਹੈ।

(ਸਮਾਜ ਵੀਕਲੀ)

ਪੱਛਮ ਦਾ ਸਿਆਣਾ ਉੱਲੂ ਉਡਦਾ–ਉਡਦਾ ਜਦ ਪੂਰਬ ਪੁੱਜਾ ਤਾਂ ਮੂਰਖ ਹੋ ਗਿਆ। ਪਹਿਲੋਂ ਪੱਛਮ ਵਿੱਚ ਉਹਦੇ ਨਾਂ ਉੱਤੇ ਪਾਰਟੀਮੈਂਟ ਦਾ ਗਠਨ ਹੋਇਆ। ਸੁਣਿਐ ਪਾਰਲੀਮੈਂਟ ਦਾ ਅਰਥ ਹੈ ਉੱਲੂਆਂ ਦੀ ਸਭਾ ਜਾਂ ਜਮਾਵੜਾ। ਭਾਵ ਸਿਆਣੇ ਲੋਕਾਂ ਦਾ ਇਕੱਠ। ਸਾਡੇ ਇੱਥੇ ਵੀ ਪਾਰਲੀਮੈਂਟ ਉੱਲੂਆਂ ਦਾ ਜਮਾਵੜਾ ਹੈ ਪਰ ਫ਼ਰਕ ਸਿਰਫ਼ ਇੰਨਾ ਹੈ ਕਿ ਪੱਛਮ ਵਿੱਚ ਉੱਲੂ ਸਿਆਣਪ ਦਾ ਪ੍ਰਤੀਕ ਹੈ ਤੇ ਸਾਡੇ ਇੱਥੇ ਮੂਰਖਤਾ ਦਾ। ਉੱਲੂ ਦਿਨੇ ਸੁੱਤੇ ਰਹਿੰਦੇ ਹਨ, ਰਾਤਾਂ ਨੂੰ ਜਾਗਦੇ ਹਨ, ਸਾਡੇ ਪਾਰਲੀਮੈਂਟੀ ਉੱਲੂ ਵੀ ਪਾਰਲੀਮੈਂਟ ਵਿੱਚ ਸੁੱਤੇ ਰਹਿੰਦੇ ਹਨ ਤੇ ਚੋਣਾਂ ਵੇਲ਼ੇ ਜਾਗਦੇ ਹਨ। ਸੁਣਿਐ ਉੱਲੂ ਬੀਆਬਾਨ ਵਿੱਚ ਰਹਿਣਾ ਪਸੰਦ ਕਰਦੇ ਹਨ।

ਚੋਣਾਂ ਵੇਲ਼ੇ ਜਾਗ ਕੇ ਇਹ ਪਾਰਲੀਮੈਂਟੀ ਉੱਲੂ ਫੇਰ ਜਿਹੜੇ ਵੀ ਇਲਾਕੇ ਵਿੱਚ ਪ੍ਰਵੇਸ਼ ਕਰਦੇ ਹਨ ਉਸ ਨੂੰ ਬੀਆਬਾਨ ਹੀ ਬਣਾ ਦਿੰਦੇ ਹਨ ਤਾਂ ਜੋ ਉਹ ਇਲਾਕਾ ਉਨ੍ਹਾਂ ਦੇ ਰਹਿਣਯੋਗ ਬਣ ਜਾਵੇ। ਚੋਣਾਂ ਵਾਲ਼ੇ ਪਾਰਲੀਮੈਂਟ ਉੱਲੂ ਸਿਆਣੇ ਬਣ ਜਾਂਦੇ ਹਨ ਅਤੇ ਉੱਲੂ ਵੋਟਰ, ਉੱਲੂ ਦੇ ਉੱਲੂ ਹੀ ਰਹਿੰਦੇ ਹਨ। ਮੈਂ ਹੈਰਾਨ ਹਾਂ ਉੱਲੂਆਂ ਦੁਆਰਾ, ਉੱਲੂਆਂ ਨੂੰ ਹਰ 5 ਸਾਲ ਬਾਅਦ ਉੱਲੂ ਬਣਾਇਆ ਜਾਂਦੈ, ਉਂਝ ਇੱਕ ਉੱਲੂ ਕਿੰਨੀ ਕੁ ਵਾਰ ਉੱਲੂ ਬਣ ਸਕਦਾ ਹੈ !!

ਪਾਰਲੀਮੈਂਟੀ ਉੱਲੂ, ਵੋਟਰਾਂ ਨੂੰ ਉੱਲੂ ਬਣਾ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ। ਮੈਂ ਸੁਣਿਐ, ਉੱਲੂ ਵੀ ਛੇਤੀ–ਕੀਤਿਆਂ ਸਿੱਧੇ ਨਹੀਂ ਹੁੰਦੇ। ਉੱਲੂ ਸਿੱਧਾ ਕਰਨ ਲਈ, ਉੱਲੂ ਨੂੰ ਪਹਿਲੋਂ ਪਤਿਆਉਣਾ ਪੈਂਦਾ ਹੈ, ਭੇਟਾ ਚੜ੍ਹਾਉਣੀਆਂ ਪੈਂਦੀਆਂ ਹਨ, ਮਾਸ਼ੂਕਾਂ ਨੂੰ ਭਰਮਾਉਣ ਲਈ ਵਾਅਦੇ ਕਰਨੇ ਪੈਂਦੇ ਹਨ, ਜਿਹੜੇ ਕਦੇ ਵਫ਼ਾ ਨਹੀਂ ਹੁੰਦੇ। ਉੱਲੂ ਲਾਰਿਆਂ ਨਾਲ਼ ਹੀ 5 ਸਾਲ ਲੰਘਾਉਂਦੇ ਹਨ; ਦਾਰੂ ਵਰਤਾਈ ਜਾਂਦੀ ਹੈ ਜਾਂ ਮੰਗ ਅਨੁਸਾਰ ਨਸ਼ੇ ਦੀ ਪੂਰਤੀ ਕੀਤੀ ਜਾਂਦੀ ਹੈ। ਉਂਝ ਸਾਡੇ ਉੱਲੂ ਵੋਟਰ ਵੀ ਸਿਆਣੇ ਹਨ, ਖਾਧੇ ਪੀਤਾ ਲਾਹੇ ਦਾ ਬਾਕੀ ਨੇਤਾ ਦੇ…. ਉਨ੍ਹਾਂ ਨੂੰ ਵੀ ਪਤਾ ਹੈ ਕਿ ਜਿਹੜਾ ਕੁਝ ਵੋਟਾਂ ਤੋਂ ਪਹਿਲਾਂ ਮੰਗ ਕੇ ਖਾ ਲਿਆ, ਉਹੀ ਮੁੱਲ ਦੈ, ਕਿਉਂਕਿ ਵੋਟਾਂ ਤੋਂ ਪਿੱਛੋਂ ਤਾਂ ਨੇਤਾ ਜੀ ਨੇ ਕਦੇ ਟੱਕਰਨਾ ਹੀ ਨਹੀਂ, ਨਾ ਹੀ ਕੁਝ ਖੁਆਉਣਾ–ਪਿਆਉਣਾ ਹੈ, ਨਾ ਹੀ ਜੇਬ ਗਰਮ ਕਰਨੀ ਹੈ (ਹਾਂ ਗਰਮ ਜੇਬਾਂ ਨੂੰ ਠਾਰਨਾ ਜ਼ਰੂਰ ਹੈ।)।

ਭਾਰਤੀ ਵੋਟਰਾਂ ਲਈ ਚੋਣਾਂ ਕਿਸੇ ਤਿਉਹਾਰ ਵਾਂਗ ਹੁੰਦੀਆਂ ਹਨ ਜਾਂ ਕਹਿ ਲਓ ਕਿਸੇ ਵਿਆਹ ਵਾਂਗ। ਉਹ ਵਿਆਹ ‘ਤੇ ਖਾਣ–ਪੀਣ ਦਾ ਕੋਟਾ ਪੂਰਾ ਕਰਦੇ ਹਨ ਕਿਉਂਕਿ ਪਤਾ ਹੈ ਕਿ ਵਿਆਹ ‘ਤੇ ਸੱਦਿਆ ਹੈ, ਮੁੜ ਕੇ ਕੁੜੀ/ਮੁੰਡੇ ਵਾਲ਼ਿਆਂ ਸਿੱਧੇ ਮੂੰਹ ਗੱਲ ਹੀ ਨਹੀਂ ਕਰਨੀ, ਉਲਟਾ ਵਿਆਹੇ ਜੋੜੇ ਨੂੰ ਘਰ ਵਿੱਚ ਸੱਦ ਕੇ ਪੱਲਿਓਂ ਖਵਾਉਣਾ–ਪਿਆਉਣਾ ਹੈ।

ਸੁਣਿਐ ਤਾਂਤ੍ਰਿਕ ਬਾਬਾ, ਬਾਬਾ ਕਾਲ਼ਾ ਸ਼ਾਹ ਨੇਪਾਲੀ, ਬੱਸ ਸਟੈਂਡ ਕੇ ਪੀਛੇ, ਰੇਲਵੇ ਫਾਟਕ ਕੇ ਪਾਸ ਟਾਈਪ, ਉੱਲੂ ਨੂੰ ਜੰਤਰ–ਮੰਤਰ–ਤੰਤਰ ਵਿੱਦਿਆ ਰਾਹੀਂ ਮੁੱਠੀਕਰਨ, ਵਸ਼ੀਕਰਨ ਟਾਈਪ ਬਕਵਾਸ ਲਈ ਵੀ ਵਰਤਦੇ ਹਨ। ਉਹ ਬਾਬੇ ਉੱਲੂਆਂ ਦੀ ਵਰਤੋਂ, ਉੱਲੂ ਗ੍ਰਾਹਕਾਂ ਨੂੰ ਹੋਰ ਉੱਲੂ ਬਣਾਉਣ ਲਈ ਕਰਦੇ ਹਨ। ਨਹੀਂ ਤਾਂ ਕਾਲ਼ਾ ਸ਼ਾਹ ਨੇਪਾਲੀ ਟਾਈਪ ਬਾਬੇ ਉਨ੍ਹਾਂ ਉੱਲੂਆਂ ਦੀ ਵਰਤੋਂ ਆਪਣੇ ਹਿਤਾਂ ਲਈ ਕਿਉਂ ਨਹੀਂ ਕਰਦੇ ? ਉਹ ਉਨ੍ਹਾਂ ਉੱਲੂਆਂ ਰਾਹੀਂ ਬਿਨਾਂ ਗ੍ਰਾਹਕਾਂ ਤੋਂ ਹੀ ਆਪਣਾ ਭਵਿੱਖ ਸੁਧਾਰ ਸਕਦੇ ਹਨ ਪਰ ਉਨ੍ਹਾਂ ਨੂੰ ਪਤਾ ਹੈ ਕਿ ਇਨ੍ਹਾਂ ਉੱਲੂਆਂ ਨੇ ਸਾਡਾ ਉੱਲੂ ਸਿੱਧਾ ਨਹੀਂ ਕਰਨਾ, ਇਨ੍ਹਾਂ ਰਾਹੀਂ ਸਾਡਾ ਉੱਲੂ ਜ਼ਰੂਰ ਸਿੱਧਾ ਹੋਣੈ, ਜਦੋਂ ਉਹ ਗ੍ਰਾਹਕ ਨੂੰ ਉੱਲੂ ਸਿੱਧ ਕਰ ਦੇਣ।

ਸਮੱਸਿਆ ਇਹ ਨਹੀਂ ਕਿ ਉੱਲੂ ਗ੍ਰਾਹਕ/ਵੋਟਰ ਉੱਲੂ ਹਨ ਅਤੇ ਤਮਾਮ ਉਮਰ ਉੱਲੂ ਹੀ ਰਹਿਣਗੇ। ਸਮੱਸਿਆ ਇਹ ਹੈ ਕਿ ਉਹ ਅੱਗੋਂ ਜਿਨ੍ਹਾਂ ਨੂੰ ਜਣਦੇ ਹਨ, ਉਹ ਵੀ ਉੱਲੂ ਦੇ ਪੱਠੇ ਹੀ ਹੁੰਦੇ ਹਨ ਭਾਵ ਉੱਲੂਪੁਣੇ ਦਾ ਸਿਲਸਿਲਾ ਬਾਮੁਸਲਸਲ ਜਾਰੀ ਹੈ। ਉੱਲੂ ਦੇ ਪੱਠੇ ਵੀ ਉੱਲੂਆਂ ਵਾਲ਼ੀਆਂ ਆਦਤਾਂ ਲੈ ਕੇ ਜੰਮਦੇ ਹਨ। ਫ਼ਰਕ ਸਿਰਫ਼ ਇੰਨਾ ਹੈ ਕਿ ਗ੍ਰਾਹਕ ਤੇ ਵੋਟਰ ਦੇ ਰੂਪ ਵਿੱਚ ਉਨ੍ਹਾਂ ਨੂੰ ਉੱਲੂ ਬਣਾਉਣ ਲਈ ਹੋਰ ਨਵੇਂ ਪ੍ਰਲੋਭਨ ਤਿਆਰ ਕਰਨੇ ਪੈਂਦੇ ਹਨ ਤਾਂ ਜੋ ਉਹ ਆਪਣੀਆਂ ਪੁਰਾਣੀਆਂ ਪੀੜ੍ਹੀਆਂ ਨੂੰ ਉੱਲੂ ਸਮਝਣ ਵਿੱਚ ਆਪਣਾ ਗੌਰਵ ਸਮਝਣ ਅਤੇ ਆਪਣੇ ਆਪ ਨੂੰ ਸਰੇਸ਼ਠ ਸਮਝ ਕੇ ਸੰਮੋਹਨ–ਮਾਇਆ ਜਾਲ਼ ਵਿੱਚ ਉਲ਼ਝੇ ਰਹਿਣ।
ਜੈ ਹੋ

ਡਾ. ਸਵਾਮੀ ਸਰਬਜੀਤ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨਾਂ ਵਿੱਚ ਰੌਸ਼ਨੀਆਂ ਬਾਲੋ, ਧਮਾਕੇ ਕਰਨੇ ਛੱਡੋ…….
Next articleਪਿਆਰ ਕੀ ਹੈ ? ਇਸ ਨੂੰ ਕਿੰਝ ਪਰਿਭਾਸ਼ਿਤ ਕਰੋਗੇ ??