(ਸਮਾਜ ਵੀਕਲੀ)- ਆਮ ਲੋਕਾਂ ਲਈ ਸਾਹਿਤ ਪੜ੍ਹਨਾ ਜਿੱਥੇ ਬਹੁਤ ਲਾਹੇਵੰਦ ਹੁੰਦਾ ਹੈ ਉੱਥੇ ਲੇਖਕ ਦਾ ਪੜ੍ਹਨਾ ਵੀ ਉਸ ਦੀਆਂ ਰਚਨਾਵਾਂ ਵਿਚ ਇੱਕ ਨਵੀਂ ਕਿਸਮ ਦੀ ਰੰਗਤ ਲੈ ਕੇ ਆਉਂਦਾ ਹੈ। ਹਾਲਾਂਕਿ ਕਈ ਵਾਰ ਮੌਲਿਕ ਲੇਖਕ ਲਈ ਜ਼ਿਆਦਾ ਸਾਹਿਤ ਪੜ੍ਹਨਾ ਉਸ ਦੀ ਮੌਲਿਕਤਾ ਨੂੰ ਪ੍ਰਭਾਵਿਤ ਕਰਦਾ ਹੈ।
ਜਿਨ੍ਹਾਂ ਨੇ ਖ਼ੁਦ ਸਾਹਿਤ ਦੀ ਰਚਨਾ ਕਰਨੀ ਹੁੰਦੀ ਹੈ ਉਹਨਾਂ ਲਈ ਕਈ ਵਾਰ ਮੁਸੀਬਤ ਖੜ੍ਹੀ ਹੋ ਜਾਂਦੀ ਹੈ ਕਿਉਂਕਿ ਸਾਡੇ ਵਿਚਾਰਾਂ ਵਿਚ ਇੱਕ ਖ਼ਾਸ ਕਿਸਮ ਦੀ fixation ਆ ਜਾਂਦੀ ਹੈ। ਜੋ ਕਿ ਨਹੀਂ ਆਉਣੀ ਚਾਹੀਦੀ। ਅਸੀਂ ਉਸ ਪੜ੍ਹੇ ਸਾਹਿਤ ਲਈ ਇੱਕ ਪ੍ਰਵਚਨ ਬਣਾ ਲੈਂਦੇ ਹਾਂ ਤੇ ਉਹੀ ਸਾਡੀਆਂ ਰਚਨਾਵਾਂ ਵਿਚ ਬਹੁਤ ਵਾਰ ਪੜ੍ਹਨ,ਦੇਖਣ ਨੂੰ ਮਿਲਦਾ ਹੈ ਤੇ ਪਾਠਕ ਇਹ ਕਹਿਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਇਸ ਲੇਖਕ ਦੀਆਂ ਰਚਨਾਵਾਂ ਉਸ ਲੇਖਕ ਨਾਲ ਮੇਲ ਖਾਂਦੀਆਂ ਹਨ। ਜਦੋਂ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ।
ਮੌਲਿਕ ਲੇਖਕ ਵਾਸਤੇ ਇਹ ਖ਼ਾਸ ਜ਼ਰੂਰੀ ਹੈ ਕਿ ਉਹ ਜਦੋਂ ਵੀ ਕਿਸੇ ਦੂਜੇ ਲੇਖਕ ਦੀ ਰਚਨਾ ਜਾਂ ਕਿਤਾਬ ਨੂੰ ਪੜ੍ਹੇ ਤਾਂ ਉਸ ਨੂੰ ਕੁਝ ਦਿਨ ਛੱਡ ਕੇ ਹੀ ਆਪਣੀ ਮੌਲਕ ਰਚਨਾ ਕਰਨੀ ਚਾਹੀਦੀ ਹੈ ਤਾਂ ਜੋ ਪਿਛਲੀ ਪੜ੍ਹੀ ਕਿਤਾਬ ਦਾ ਪ੍ਰਭਾਵ ਤੁਹਾਡੀ ਮੌਲਿਕਤਾ ‘ਤੇ ਨਾ ਪਵੇ।
ਇਹ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਅਸੀਂ ਕਿਸੇ ਕਿਤਾਬ ਦਾ ਮੁੱਖਬੰਦ ਪੜ੍ਹ ਲੈਂਦੇ ਹਾਂ। ਉਸ ਤੋਂ ਬਾਅਦ ਸਾਡੇ ਮਨ ਵਿਚ ਇੱਕ ਖ਼ਾਸ ਕਿਸਮ ਦੀ ਉਸ ਕਿਤਾਬ ਪ੍ਰਤੀ ਨਜ਼ਰੀਆ (fixation) ਬਣ ਜਾਂਦਾ ਹੈ ਜੋ ਕਿਤਾਬ ਲਈ ਮਾਰੂ ਸਿੱਧ ਹੁੰਦਾ ਹੈ।
ਮੇਰਾ ਇੱਕ ਲੇਖਕ ਦੋਸਤ ਕਿਹਾ ਕਰਦਾ ਸੀ ਕਿ,” ਕਦੇ ਵੀ ਕਿਤਾਬ ਦਾ ਮੁੱਖ ਬੰਦ ਨਾ ਪੜ੍ਹੋ,ਸਿੱਧੀ ਕਿਤਾਬ ਸ਼ੁਰੂ ਕਰੋ ਤਾਂ ਜੋ ਤੁਸੀਂ ਆਪਣੀ ਦ੍ਰਿਸ਼ਟੀ ਸੋਚ ਮੁਤਾਬਕ ਉਸ ਦਾ ਅਨੰਦ ਲੈ ਸਕੋਂ। ਮੂਲ ਰੂਪ ਵਿਚ ਉਸ ਕਿਤਾਬ ਉੱਪਰ ਕੇਂਦਰਿਤ ਹੋ ਸਕੋਂ ਤੇ ਉਸ ਕਿਤਾਬ ਨੂੰ ਪੜ੍ਹਦਿਆਂ ਆਪਣੇ ਵਿਚਾਰ ਬਣਾ ਸਕੋਂ ਨਹੀਂ ਤਾਂ ਤੁਸੀਂ ਉਸ ਮੁੱਖ ਬੰਦ ਵਾਲੇ ਭਾਗ ਵਿਚ ਉਲਝ ਕੇ ਰਹਿ ਜਾਵੋਗੇ।
ਆਮ ਪਾਠਕ ਲਈ ਪੜ੍ਹਨ ਦਾ ਕੰਮ ਤਾਂ ਭਾਵੇਂ ਸਾਰੀ ਜ਼ਿੰਦਗੀ ਚੱਲਦਾ ਰਹੇ ਪਰ ਲੇਖਕ ਲਈ ਇਹ ਕਾਰਜ ਔਖ਼ਾ ਹੁੰਦਾ ਹੈ। ਲੇਖਕ ਇੱਕ ਖ਼ਾਸ ਉਮਰ ਵਿਚ ਹੀ ਖੁੱਭ ਕੇ ਪੜ੍ਹਦਾ ਹੈ। ਇੱਕ ਖ਼ਾਸ ਸਟੇਜ ‘ਤੇ ਆ ਕੇ ਲੇਖਕ ਲਈ ਪੜ੍ਹਨਾ ਔਖ਼ਾ ਹੀ ਨਹੀਂ ਹੁੰਦਾ ਸਗੋਂ ਦੂਜਿਆਂ ਦੀਆਂ ਰਚਨਾਵਾਂ ਉਸ ਦੀ ਮੌਲਿਕਤਾ ‘ਤੇ ਅਸਰ ਪਾਉਂਦੀਆਂ ਹਨ।
ਲੇਖਕ ਵਿਚ ਜਦੋਂ ਵਿਚਾਰਾਂ ਨੂੰ ਗੂੰਦਣ ਦੀ ਜਾਚ ਆ ਜਾਵੇ,ਕਵੀਆਂ ਲਈ ਜਦੋਂ ਲਘੂ ਗੁਰੂ,ਤੋਲ ਤੁਕਾਂਤ ਦੀ ਪੂਰਨ ਜਾਣਕਾਰੀ ਹਾਸਲ ਹੋ ਜਾਵੇ ਤਾਂ ਫ਼ੇਰ ਉਸ ਦੀ ਰਚਨਾ ਵਿਚ ਮੌਲਿਕਤਾ ਬਣੀ ਰਹਿੰਦੀ ਹੈ।
ਬਾਕੀ ਸਾਰੇ ਲੇਖਕ ਕਿੰਨਾ ਕੁ ਪੜ੍ਹਦੇ ਹਨ, ਕਿਸ ਉਮਰ ਤੱਕ ਨਿੱਠ ਕੇ ਪੜ੍ਹਦੇ ਹਨ ਤੇ ਉਸ ਪੜ੍ਹੇ ਸਾਹਿਤ ਨੂੰ ਆਪਣੀਆਂ ਮੌਲਿਕ ਰਚਨਾਵਾਂ ਵਿਚ ਕਿੱਥੋਂ ਤੱਕ ਅੰਕਿਤ ਕਰਦੇ ਹਨ ਇਹ ਵੱਖ ਵੱਖ ਸਾਹਿਤਕਾਰਾਂ ਦਾ ਵੱਖ ਵੱਖ ਨਜ਼ਰੀਆ ਹੋ ਸਕਦਾ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਲੇਖਕ ਪਾਠਕ ਤੋਂ ਜ਼ਿਆਦਾ ਪੜ੍ਹਦਾ ਹੈ ਪਰ ਆਪਣੀ ਰਚਨਾ ਕਰਨ ਤੋਂ ਪਹਿਲਾਂ ਉਸ ਨੂੰ ਪਿਛਲਾ ਪੜ੍ਹਿਆ ਇੱਕ ਵਾਰ ਭੁੱਲ ਜਾਣਾ ਚਾਹੀਦਾ ਹੈ ਤਾਂ ਜੋ ਉਸ ਦੀ ਮੌਲਿਕਤਾ ਤਾਜ਼ੀ ਪੜ੍ਹੀ ਕਿਤਾਬ ਦੇ ਪ੍ਰਭਾਵ ਹੇਠ ਆ ਕੇ,ਆਪਣੀ ਤਾਜ਼ਗੀ ਖ਼ਤਮ ਨਾ ਕਰ ਲਵੇ।
ਬਾਕੀ ਸੁਹਿਰਦ ਪਾਠਕਾਂ ਤੇ ਲੇਖਕਾਂ ਦੀ ਆਪਣੀ ਆਪਣੀ ਰਾਇ ਹੋ ਸਕਦੀ ਹੈ। ਇਸ ਵਿਚਾਰ ਨੂੰ ਸੰਵਾਦ ਲਈ ਛੱਡ ਦਿੰਦਾ ਹਾਂ।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly