ਕਿਸਾਨੀ ਅੰਦੋਲਨ ਦਾ ਦਮਨਕਾਰੀ ਵਿਰੋੰਧ ਘਾਤਕ ਹੋਵੇਗਾ

ਰਾਣਾ ਸੈਦੋਵਾਲੀਆ

(ਸਮਾਜ ਵੀਕਲੀ)

ਸਮੇਂ ਦੀ ਭਾਜਪਾ ਹਕੂਮਤ ਜਿਹਦੇ ਵਿੱਚ ਮੋਦੀ, ਸ਼ਾਹ, ਯੋਗੀ ,ਖੱਟੜ ਤੇ ਅਜੈ ਮਿਸ਼ਰਾ ਵਰਗੇ ਜ਼ਾਲਮ ਚਿਹਰਿਆਂ ਦੇ ਮਗਰ ਇੱਕ ਤੋਂ ਇੱਕ ਵਿੱਸ ਘੋਲਦੇ ਹੋਰ ਅਨੇਕਾਂ ਸੱਪ ਮੌਜੂਦ ਹਨ। ਜਿਨ੍ਹਾਂ ਨੂੰ ਗੁੜਤੀ ਹੀ ਦੰਗੇ ਫਸਾਦ ਕਰਨ ਤੇ ਕਰਵਾਉਣ ਦੀ ਦਿੱਤੀ ਗਈ ਹੈ।ਧਾਰਮਿਕ ਜਨੂੰਨ ਪੈਦਾ ਕਰਕੇ ਇੱਕ ਫਿਰਕੇ ਜਾਂ ਜਾਤ ,ਧਰਮ ਦੇ ਲੋਕਾਂ ਵਿੱਚ ਦੁਸ਼ਮਣੀ ਪੈਦਾ ਕਰਕੇ ਸੱਤਾ ਤੇ ਕਾਬਜ ਹੋਣ ਦਾ ਵਸੀਲਾ ਬਣਾਇਆ ਜਾ ਰਿਹਾ ਤੇ ਕਾਮਯਾਬ ਵੀ ਹੋ ਰਹੇ ਹਨ ।ਇਹ ਜਮਾਤ ਕਦੇ ਗੈਰ ਹਿੰਦੂਆਂ ਤੋਂ ਜਬਰੀਂ ਜੈ ਸ਼੍ਰੀ ਰਾਮ ਦੇ ਨਾਅਰਿਆਂ ਤੇ ਕਦੇ ਭਾਰਤ ਮਾਤਾ ਦੀ ਜੈ ਤੇ ਕਦੇ ਹਿੰਦੂ, ਹਿੰਦੀ ਤੇ ਹਿੰਦੁਸਤਾਨ ਦੇ ਫਿਰਕੂ ਨਾਅਰੇ ਦੇ ਕੇ ਘੱਟ ਗਿਣਤੀਆਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਊਣ ਅਤੇ ਕੱਟੜ ਹਿੰਦੂ ਲੋਕਾਂ ਵਿੱਚ ਧਾਰਮਿਕ ਜਾਨੂੰਨ ਪੈਦਾ ਕਰਕੇ ਦੇਸ਼ ਵਿੱਚ ਆਸ਼ਾਂਤੀ ਪੈਦਾ ਕਰਨ ਦੀਆਂ ਕੋਝੀਆਂ ਚਾਲਾਂ ਚੱਲਦੀ ਆ ਰਹੀ ਹੈ ਅਤੇ ਆਮ ਲੋਕ ਜੋ ਘੱਟ ਪੜੇ ਲਿਖੇ ਹਨ ਕੇਵਲ ਭਾਜਪਾ ਨੂੰ ਹੀ ਹਿੰਦੂ ਸਮਝ ਕੇ ਸਮੁੱਚੇ ਹਿੰਦੂ ਭਾਈਚਾਰੇ ਨਾਲ ਨਫਰਤ ਕਰਨ ਲੱਗ ਪਏ ਹਨ।

ਸਮੇਂ ਦੀ ਹਕੂਮਤ ਦੀ ਦੇਸ਼ ਤੋੜੂ ਨੀਤੀ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਹੀ ਨਹੀਂ ਸਗੋਂ ਬਗਾਵਤ ਦੀਆਂ ਸੁਰਾਂ ਦਾ ਉਠਣਾ ਵੀ ਲਾਜਮੀ ਹੋ ਗਿਆ ਹੈ।ਧਰਮ ਦੀ ਲੈਬ ਰਾਹੀਂ ਗਦਾਰ ਤੇ ਦੇਸ਼ ਭਗਤੀ ਦੇ ਸਰਟੀਫਿਕੇਟ ਵੰਡੇ ਜਾ ਰਹੇ ਹਨ ਪਰ ਕਿਰਸਾਨੀ ਅੰਦੋਲਨ ਨੇ ਕਈ ਦਹਾਕਿਆਂ ਦੀ ਆਰ ਐਸ ਐਸ ਦੀ ਇਸ ਕੋਸ਼ਿਸ਼ ਨੂੰ ਕੁੱਝ ਮਹੀਨਿਆਂ ਵਿੱਚ ਨੇਸਤੋ ਨਾਬੂਦ ਕਰ ਦਿੱਤਾ ਹੈ। ਹਰ ਵਰਗ ਦੇ ਲੋਕ ਇਨ੍ਹਾਂ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਇੱਕਜੁੱਟ ਹੋਏ ਹਨ ਜਿਵੇਂ ਮੁਗਲ ਰਾਜ ਦੇ ਸਤਾਏ ਲੋਕ ਬੰਦਾ ਸਿੰਘ ਬਹਾਦਰ ਦੀ ਸ਼ਰਨ ਵਿੱਚ ਆ ਕੇ ਤਖਤ ਪਲਟ ਕਰ ਗਏ ਸਨ। ਭਾਵੇਂ ਸਰਕਾਰ ਆਪਣੀ ਸ਼ਕਤੀ ਨੂੰ ਇਸਤੇਮਾਲ ਕਰਕੇ ਵਿਕਾਊ ਮੀਡੀਆ ਦਾ ਸਹਾਰਾ ਲੈ ਕੇ ਇਨ੍ਹਾਂ ਸੰਘਰਸ਼ੀ ਲੋਕਾਂ ਨੂੰ ਕਦੇ ਖਾਲਿਸਤਾਨੀ ਤੇ ਕਦੇ ਨਕਸਲ ਕਾਮਰੇਡ ਦੇ ਸਰਟੀਫਿਕੇਟ ਵੀ ਦਿੰਦੀ ਰਹੀ ਹੈ ਅਤੇ ਕਦੇ ਖਾਲਿਸਤਾਨੀ ਭਾਵਨਾਵਾਂ ਨੂੰ ਕੈਸ਼ ਕਰਕੇ ਸਿੱਖ ਤੇ ਕਾਮਰੇਡਾਂ ਵਿੱਚ ਬਖੇੜਾ ਪਾਉਣ ਦੀਆਂ ਚਾਲਾਂ ਵੀ ਚੱਲੀਆਂ ਗਈਆਂ ਹਨ।

ਬੇਸ਼ੱਕ ਇਹ ਅੰਦੋਲਨ ਮਜ਼੍ਹਬ ਰਹਿਤ ਅੰਦੋਲਨ ਹੈ ਜਿਸ ਵਿੱਚ ਹਰ ਧਰਮ, ਜਾਤੀ, ਫਿਰਕੇ ਦੇ ਲੋਕ ਮੋਦੀ ਹਕੂਮਤ ਦੇ ਜ਼ਬਰ ਵਿਰੁੱਧ ਲਾਂਮਬੰਦ ਹੋਏ ਹਨ ਫਿਰ ਵੀ “ਦੁਸ਼ਮਣ ਬਾਤ ਕਰੇ ਅਨਹੋਣੀ” ਵਾਂਗ ਕੁੱਝ ਲੋਕ ਜੋ ਅੰਦੋਲਨ ਦਾ ਹਿੱਸਾ ਵੀ ਨਹੀਂ ਬਣੇ ਕਿਸਾਨ ਲੀਡਰਾਂ ਤੋਂ ਨਾਖੁਸ਼ ਕਿਸੇ ਸਖਤ ਪ੍ਹੋਗਰਾਮ ਦੀ ਮੰਗ ਕਰ ਰਹੇ ਹਨ । ਉਹ ਸਿੱਖ ਰਵਾਇਤਾਂ ਮੁਤਾਬਿਕ ਸਿੱਧੀ ਲੜਾਈ ਦੇ ਰੌਂਅ ਵਿੱਚ ਨਜ਼ਰ ਆਉਂਦੇ ਦਿੱਸਦੇ ਹਨ ਕਿਸਾਨ ਲੀਡਰ ਸ਼ਾਂਤੀ ਬਣਾਈ ਰੱਖਣ ਨਾਲ ਜਿੱਤ ਵੱਲ ਵਧਣ ਦੀਆਂ ਤਕਰੀਰਾਂ ਕਰਦੇ ਹਨ ਉਹਨਾਂ ਮੁਤਾਬਿਕ ਸਰਕਾਰ ਨਾਲ ਮੁਕਾਬਲਾ ਹਥਿਆਰਾਂ ਨਾਲ ਨਹੀਂ ਕੀਤਾ ਜਾ ਸਕਦਾ ਅਤੇ ਸਰਕਾਰ ਤਾਂ ਪਹਿਲਾਂ ਹੀ ਚਾਹੁੰਦੀ ਹੈ ਕਿ ਅਸੀਂ ਹਿੰਸਕ ਹੋਈਏ ਤੇ ਫੌਜ ਵਰਤ ਕੇ ਪ੍ਰਦਰਸ਼ਨਕਾਰੀਆਂ ਨੂੰ ਨਖੇੜਿਆ ਜਾ ਸਕੇ। ਇੰਨਾ ਸਤਰਾਂ ਦਾ ਲਿਖਾਰੀ ਇਸ ਗੱਲ ਦਾ ਚਸ਼ਮਦੀਦ ਗਵਾਹ ਹੈ ਕਿ ਜਦੋਂ ਵੀ ਕੋਈ ਸਖਤੀ ਹੋਈ ਹੈ ਜਾਂ ਗੜਬੜ ਹੋਈ ਹੈ ਮੋਰਚੇ ਵਿੱਚ ਗਿਣਤੀ ਸੱਠ ਪ੍ਰਤੀਸ਼ਤ ਘਟੀ ਹੈ।

ਉਹ ਛੱਬੀ ਜਨਵਰੀ ਹੋਵੇ ਜਾਂ ਲਖੀਮਪੁਰ ਉਤੱਰ ਪ੍ਰਦੇਸ਼ ਦੀ ਘਟਨਾ ਜਿਸ ਕਰਕੇ ਮੋਰਚਾ ਨੁੱਚੜਦਾ ਰਿਹਾ ਹੈ । ਜਿਹੜੇ ਉਸ ਸਮੇਂ ਬਾਰਡਰਾਂ ਤੇ ਵੀ ਸੀ ਘਰਦਿਆਂ ਨੇ ਫੋਨ ਕਰਕੇ ਵਾਪਿਸ ਸੱਦ ਲਏ ਸੀ ।ਮੇਰੇ ਤੰਬੂ ਵਿੱਚ ਓਸੇ ਛੱਬੀ ਵਾਲੀ ਰਾਤ ਲੱਗਭੱਗ60-70 ਬੰਦਿਆਂ ਵਿੱਚੋਂ ਮੇਰੇ ਸਮੇਤ ਕੇਵਲ 5-6 ਜਣੇ ਹੀ ਰਹਿ ਗਏ ਸੀ । ਹਰ ਤੰਬੂ ਜਾਂ ਡੇਰੇ ਦਾ ਏਹੀ ਹਾਲ ਸੀ ਘਰਾਂ ਚੋਂ ਰੋਦੀਆਂ ਮਾਵਾਂ ਦੇ ਫੋਨ ਆ ਰਹੇ ਸਨ । ਜਦੋਂ ਮੋਰਚਾ ਖਾਲੀ ਹੋਇਆ ਦਿਸਿਆ ਤਾਂ ਕੁੱਝ ਅਣਖੀ ਲੋਕਾਂ ਨੇ ਵੰਗਾਂ ਲੈ ਕੇ ਜਾਣ ਵਾਲਿਆਂ ਨੂੰ ਲਾਹਨਤਾਂ ਵੀ ਪਾਈਆਂ ਪਰ ਡਰੇ ਤੇ ਸਹਿਮੇਂ ਲੋਕਾਂ ਤੇ ਕੋਈ ਅਸਰ ਨਾ ਹੋਇਆ ਤੇ ਅਖੀਰ ਵਿੱਚ ਰਕੇਸ਼ ਟਿਕੈਤ ਦੇ ਹੰਝੂਆਂ ਨੇ ਹਰਿਆਣਾ ਦੇ ਹਿੰਦੂ ਕਿਰਸਾਨੀ ਦੇ ਮਨਾ ਉੱਤੇ ਗਹਿਰੀ ਚੋਟ ਕੀਤੀ ਅਤੇ ਫਿਰ ਜਾ ਕੇ ਮੋਰਚਾ ਪੈਰਾਂ ਸਿਰ ਹੋਇਆ । ਇਹ ਸਖਤ ਪ੍ਰੋਗਰਾਮ ਮੰਗਣ ਵਾਲੇ ਘਰਾਂ ਵਿੱਚ ਬੈਠੇ ਹੋਣ ਕਰਕੇ ਅੱਜ ਵੀ ਸਖਤ ਪ੍ਹੋਗਰਾਮ ਦੇਣ ਦੀਆਂ ਸਲਾਹਾਂ ਹੀ ਨਹੀਂ ਇਸ ਨੂੰ ਕਿਸਾਨਾਂ ਦੀ ਕੰਮਜੋਰੀ ਕਹਿ ਕੇ ਭੰਡਣ ਦੀ ਕਸਰ ਨਹੀਂ ਛੱਡਦੇ। ਇੰਨਾ ਵੀਰਾਂ ਨੂੰ ਚਾਹੀਦਾ ਤਾਂ ਇਹ ਹੈ ਕਿ ਖੁੱਦ ਵੀ ਮੋਰਚੇ ਵਿੱਚ ਸ਼ਾਮਲ ਹੋਕੇ ਹਾਲਾਤ ਨੂੰ ਪਹਿਲਾਂ ਦੇਖਣ , ਘੋਖਣ ਅਤੇ ਫਿਰ ਵਿਚਾਰਨ ।

ਕਿਸਾਨਾਂ ਕੋਲੋਂ ਜੇ ਕੋਈ ਗਲਤੀ ਹੁੰਦੀ ਵੀ ਤਾਂ ਭਰਾ ਬਣਕੇ ਫੋਨ ਕਾਲ, ਈ ਮੇਲ ਜਾਂ ਹੋਰ ਜਰੀਏ ਨਾਲ ਸਲਾਹ ਦੇਣ ਦੀ ਕਿਰਪਾ ਕਰਨ ਨਾ ਕਿ ਦੁਸ਼ਮਣਾਂ ਵਾਂਗ ਭੰਡੀ ਪ੍ਰਚਾਰ ਕਰਕੇ। ਅਸੀਂ ਸਾਰੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਤੇ ਧਾਰਮਿਕ ਜਨੂੰਨਤਾ ਵਾਲੀਆਂ ਨੀਤੀਆਂ ਜਿਸ ਵਿੱਚ ਕੱਟੜ ਹਿੰਦੂਤਵੀ ਲੋਕ ਔਰੰਗਜ਼ੇਬ ਦੀ ਬਿਰਤੀ ਵਾਲੀ ਫੀਲਿੰਗ ਲੈ ਦੇਸ਼ ਦੇ ਅਮਨ ਚੈਨ ਲਈ ਖਤਰਾ ਖੜਾ ਕਰ ਰਹੇ ਹਨ,ਹੱਥੋਂ ਤੰਗ ਹਨ ਪਰ ਸਮਝ ਨਹੀਂ ਰਹੇ ਕਿ ਕਿਸਾਨ ਲੀਡਰ ਚੰਗੇ, ਮਾੜੇ ਦਾ ਫੈਂਸਲਾ ਬਾਅਦ ਵਿੱਚ ਕਰ ਲਵਾਂਗੇ ਪਹਿਲਾਂ ਜ਼ਾਲਮ ਜਮਾਤ ਤਾਂ ਨਾਸ ਕਰ ਲਈਏ ਜੋ ਇਸ ਕਿਸਾਨੀ ਸੰਘਰਸ਼ ਨਾਲ ਸਹਿਜੇ ਹੀ ਕੀਤਾ ਜਾ ਸਕਦਾ ਹੈ। ਪਤਾ ਨਹੀਂ ਕਿਉਂ ਮੋਦੀ ਨੂੰ ਭੰਡਣ ਨਾਲੋਂ ਆਪਣੇ ਕਿਸਾਨ ਭਰਾਵਾਂ ਨੂੰ ਹੀ ਭੰਡ ਰਹੇ ਹਾਂ ਪੰਜਾਬ ਤੇ ਖਾਸ ਕਰਕੇ ਸਿੱਖ ਕਿਸਾਨ ਇਸ ਸੰਘਰਸ਼ ਦੇ ਝੰਡਾ ਬਰਦਾਰ ਹਨ ਕਿਉਂਕਿ ਸਾਡੇ ਲਹੂ ਵਿੱਚ ਗੁਲਾਮੀਂ ਨਹੀ ਤੇ ਕਿਸੇ ਅਨਿਆਂ ਖਿਲਾਫ਼ ਲੜਨ ਦਾ ਅਹਿਸਾਨ ਵੀ ਨਹੀਂ ਕਿਉਂਕਿ ਖਾਲਸਾ ਜਬਰ,ਜੁਲਮ ਦੇ ਟਾਕਰੇ ਲਈ ਹੀ ਬਣਿਆ ਹੈ।

ਸੋ ਭਰਾਵੋ ਇਸ ਸੰਘਰਸ਼ ਵਿੱਚ ਸਿਖ ਸ਼ਹਾਦਤਾਂ ਹੀ ਕਿਉਂ ਦਾ ਜਵਾਬ ਹੈ ਕਿ ਸਾਡੀ ਦਾਸਤਾਂ ਹੀ ਲਹੂ ਭਿੱਜੀ ਹੈ ਤੇ ਅਸੀਂ ਹੀ “ਬਾਬਰ ਨੂੰ ਜਾਬਰ ,ਰਾਜੇ ਸੀਂਹ ਮੁਕੱਦਮ ਕੁੱਤੇ, ਅਤੇ ਪਾਪ ਕੀ ਜੰਝ ਲੈ ਕਾਬਲੋਂ ਧਾਇਆ “ਦੀ ਸਿੰਘ ਗਰਜ ਮਾਰ ਸਕਦੇ ਹਾਂ। ਕੁੱਝ ਵੀ ਹੋਵੇ ਪੰਜਾਬੀ ਕਿਸਾਨਾਂ ਦੀ ਪਹਿਲ ਇਤਿਹਾਸ ਵਿੱਚ ਲਿੱਖੀ ਗਈ ਹੈ। ਜਿਸ ਉੱਤੇ ਸਾਰੇ ਦੇਸ਼ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਫਖਰ ਹੈ। ਆਉ ਇੰਨਾ ਭਾਜਪਾਈ ਚਾਲਾਂ ਤੋਂ ਬੱਚਕੇ ਆਪਣੇ ਸਾਂਝੇ ਨਿਸ਼ਾਨੇ ਤੇ ਕੇਂਦਰਤ ਹੋਈਏ ਕਿਉਂਕਿ ਭਾਜਪਾ ਦਾ ਆਈ ਟੀ ਸੈਲ ਵੀ ਏਸੇ ਤੇ ਲੱਗਾ ਹੋਇਆ ਹੈ ਕਿ ਫਿਰਕੂ ਫਸਾਦ ਤੇ ਦੁਫੇੜ ਕਿਵੇਂ ਪਾਇਆ ਜਾਵੇ । ਲਖੀਮਪੁਰ ਵਰਗੇ ਦਮਨਕਾਰੀ ਕਾਰਨਾਮੇ ਭਾਜਪਾ ਨੂੰ ਬਹੁਤ ਮਹਿੰਗੇ ਪੈਣੇ ਹਨ। ਹੁਣ ਤਾਂ ਸੁਪਰੀਮ ਕੋਰਟ ਵੀ ਨੋਟਿਸ ਲੈ ਰਹੀ ਹੈ। ਲੋਕਤੰਤਰ ਵਿੱਚ ਤਾਨਾਸ਼ਾਹੀ ਦਾ ਕੋਈ ਸਥਾਨ ਨਹੀ ਹੈ।

ਰਾਣਾ ਸੈਦੋਵਾਲੀਆ
9855463377

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਫ ਏ ਪੀ ਵੱਲੋਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦੇ 2 ਅਧਿਆਪਕਾਂ ਨੂੰ ਬੈਸਟ ਟੀਚਰ ਐਵਾਰਡ
Next articleਇਕੱਲਾਪਨ