
(ਸਮਾਜ ਵੀਕਲੀ) ਸਤਿਗੁਰੂ ਰਵਿਦਾਸ ਮਹਾਰਾਜ ਜੀ ਭਾਰਤ ਦੇ ਇੱਕ ਮਹਾਨ ਕ੍ਰਾਂਤੀਕਾਰੀ ਸੰਤ, ਟੁੱਟੀਆਂ ਤਕਦੀਰਾਂ ਨੂੰ ਗੰਢਣ ਵਾਲੇ, ਸਮਾਨਤਾ ,ਸੁਤੰਤਰਤਾ ਭਾਈਚਾਰਾ ਤੇ ਨਿਆ ਦੇ ਹਾਮੀ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ, ਬੇਗਮਪੁਰੇ ਦੇ ਚਿੰਤਕ, ਮਹਾਨ ਵਿਦਵਾਨ, ਅਨੇਕਾਂ ਭਾਸ਼ਾਵਾਂ ਦੇ ਗਿਆਤਾ, ਗਿਆਨ ਦੇ ਮਹਾਂਸਾਗਰ, ਪ੍ਰੀਤ ਦੇ ਸਿਧਾਂਤਵਾਦੀ, ਨੇਕ ਦਿਲੀ ਸ਼ਖਸ਼ੀਅਤ, ਜਾਤ -ਪਾਤ ਰਹਿਤ ਸਮਾਜ ਦੇ ਹਾਮੀ, ਬਹੁਜਨਾਂ ਦਾ ਰਾਜ ਭਾਗ ਲਿਆਉਣ ਦੇ ਤੱਤਵੇਤ,ਨਿਡਰ ਯੋਧੇ,ਮਾਨਵਤਾਵਾਦੀਸੋਚ ਦੇ ਧਾਰਨੀ, ਨਾਰੀ ਜਾਤੀ ਨੂੰ ਬਰਾਬਰੀ ਦਾ ਸਨਮਾਨ ਦੇਣ ਵਾਲੇ, ਸੱਚੇ -ਸੁੱਚੇ ਕ੍ਰਾਂਤੀਕਾਰੀ ਰਹਿਬਰ, ਨੀਵਿਆਂ ਨੂੰ ਉੱਚੇ ਕਰਨ ਵਾਲੇ, ਪਾਖੰਡਵਾਦ ਤੇ ਅਡੰਬਰਵਾਦ ਦੇ ਸਖਤ ਵਿਰੋਧੀ, ਭਗਤੀ ਲਹਿਰ ਦੇ ਮੋਢੀ , ਇਨਸਾਨੀਅਤ ਦੇ ਪਹਿਰੇਦਾਰ, ਮਾਨਵਤਾ ਦੇ ਗੁਰੂ, ਸਮਾਜ ਸੁਧਾਰਕ, ਉੱਚ ਕੋਟੀ ਦੇ ਬਾਣੀਕਾਰ ਅਤੇ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ‘ਚ ਦੇਖਣ ਵਾਲੇ ਦੂਰਦਰਸ਼ੀ ਮਹਾਂਪੁਰਸ਼ ਸਨ। ਸਤਿਕਾਰਯੋਗ ਮਾਤਾ ਸ਼੍ਰੀਮਤੀ ਕਲਸਾਂ ਦੇਵੀ ਜੀ ਦੀ ਪਵਿੱਤਰ ਕੁੱਖੋਂ, ਸਤਿਕਾਰਯੋਗ ਪਿਤਾ ਸ਼੍ਰੀ ਸੰਤੋਖ ਦਾਸ ਜੀ ਦੇ ਗ੍ਰਹਿ ਵਿਖੇ ਸੀਰ ਗੋਵਰਧਨਪੁਰ ਬਨਾਰਸ ਕਾਂਸ਼ੀ, ਉੱਤਰ ਪ੍ਰਦੇਸ਼ ਦੀ ਪਵਿੱਤਰ ਧਰਤੀ ‘ਤੇ ਇੱਕ ਗਰੀਬ ਰਵਿਦਾਸੀਆ ਪਰਿਵਾਰ ‘ਚ 1377 ਈਸਵੀ ਨੂੰ ਇਕ ਰੱਬੀ ਜੋਤ ਪ੍ਰਗਟ ਹੋਈ। ਇਸੇ ਅਸਥਾਨ ‘ਤੇ ਯਾਦਗਾਰ ਵਜੋਂ ਡੇਰਾ ਸੰਤ ਸਰਵਣ ਦਾਸ ਜੀ,ਸੱਚਖੰਡ ਬੱਲਾਂ, ਜਲੰਧਰ (ਪੰਜਾਬ) ਦੇ ਮਹਾਨ ਮਹਾਂਪੁਰਸ਼ਾਂ ਵੱਲੋਂ ਇਕ ਇਤਿਹਾਸਿਕ ਆਲੀਸ਼ਾਨ ਸੱਤ ਮੰਜ਼ਿਲਾਂ ਮੰਦਰ ਉਸਾਰਿਆ ਗਿਆ ਹੈ।ਜਿੱਥੇ ਰੋਜ਼ਾਨਾ ਹੀ ਲੱਖਾਂ ਸ਼ਰਧਾਲੂ ਸੰਗਤਾਂ ਨਤਮਸਤਕ ਹੋ ਕੇ ਆਪਣਾ ਜੀਵਨ ਸਫ਼ਲ ਕਰਦੀਆਂ ਹਨ। ਮੰਦਰ ਦੇ ਮੁੱਖ ਦਰਵਾਜ਼ੇ ਨੂੰ ਦੇਸ਼ -ਵਿਦੇਸ਼ ਦੀਆਂ ਸੰਗਤਾਂ ਵੱਲੋਂ ਸਤਿਕਾਰ ਵਜੋਂ ਸੋਨੇ ਨਾਲ ਮੜਨ ਦਾ ਮਹਾਨ ਕਾਰਜ ਕੀਤਾ ਗਿਆ ਹੈ, ਜੋ ਪ੍ਰਸੰਸਾਯੋਗ ਹੈ। ਆਪ ਜੀ ਦਾ ਜੀਵਨ ਬੜਾ ਗੌਰਵਮਈ ਤੇ ਵਿਲੱਖਣ ਸੀ। ਆਪ ਜੀ ਦੀ ਬਾਣੀ ਵਿੱਚ ਪੇਸ਼ ਕੀਤਾ ਗਿਆ ਉੱਚਾ ਤੇ ਸੁੱਚਾ ਉਪਦੇਸ਼ ਸਦੀਆਂ ਤੋਂ ਲੋਕਾਂ ਲਈ ਰੂਹਾਨੀ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ। ਆਪ ਜੀ ਨੇ ਹਜ਼ਾਰਾਂ ਕਿਲੋਮੀਟਰ ਪੈਦਲ ਚੱਲ ਕੇ ਵਿਸ਼ਵ ਦੀ ਸਮੁੱਚੀ ਮਨੁੱਖਤਾ ਨੂੰ ਸੱਚ ਤੇ ਉਸਾਰੂ ਜੀਵਨ ਜਿਉਣ ਦੀ ਉੱਤਮ ਸੇਧ ਦਿੱਤੀ । *ਅਨੇਕਾਂ ਭਾਸ਼ਾਵਾਂ ਦੇ ਗਿਆਤਾ:ਗੁਰੂ ਰਵਿਦਾਸ ਮਹਾਰਾਜ ਜੀ ਅਨੇਕਾਂ ਭਾਸ਼ਾਵਾਂ ਦੇ ਗਿਆਤਾ ਹੀ ਨਹੀਂ ਸਨ,ਸਗੋਂ ਗਿਆਨ ਦੇ ਮਹਾਂਸਾਗਰ ਵੀ ਸਨ, ਜਿਵੇਂ ਫਾਰਸੀ, ਅਰਬੀ, ਸੰਸਕ੍ਰਿਤ ,ਸਿੰਧੀ ਤੇ ਗੁਰਮੁਖੀ ਭਾਸ਼ਾ ਆਦਿ ਵਿਚ ਚੰਗੀ ਪਕੜ ਰੱਖਦੇ ਸਨ। ਆਪ ਜੀ ਦੀ ਬਾਣੀ ‘ਚ “ਬੇਗਮਪੁਰਾ ਸਹਰ ਕੋ ਨਾਓ ” ਸ਼ਬਦ ‘ਚ ਅਰਬੀ ਭਾਸ਼ਾ ਦੇ ਸ਼ਬਦ ਮਿਲਦੇ ਹਨ -ਖਉਫ,ਤਸਵੀਸ, ਮਾਮੂਰ,ਮਾਲੁ,ਖਿਰਾਜ ,ਗਨੀ,ਮਹਲ, ਮਹਿਰਮ, ਆਦਿ। ਸਿੰਧੀ ਭਾਸ਼ਾ ‘ਚੋਂ ਇੱਕ ਸ਼ਬਦ ਵਿਟਾਰਨ ਹੈ, ਜਿਸ ਦਾ ਅਰਥ ਹੈ ਜੂਠਾ ਕਰਨਾ।ਫ਼ਾਰਸੀ ਭਾਸ਼ਾ ਦੇ ਸ਼ਬਦ -ਆਬਾਦਾਨ, ਅੰਦੋਹੁ, ਸੁਪੇਦ, ਖੁਆਰੂ, ਗਰੀਬ ਨਿਵਾਜੁ, ਬੇਗਮਪੁਰਾ, ਵਤਨਗਾਹ, ਦੋਮ, ਪੋਚ, ਪਾਤਿਸ਼ਾਹ ਅਤੇ ਪੁਰਸਲਾਤ ਆਦਿ ਮਿਲਦੇ ਹਨ।ਗੁਰੂ ਜੀ ਦਾ ਆਗਮਨ ਸਥਾਨ ਸੀਰ ਗੋਵਰਧਨਪੁਰ ਬਨਾਰਸ, ਉੱਤਰ ਪ੍ਰਦੇਸ਼ ਹੋਣ ਕਰਕੇ ਸੰਸਕ੍ਰਿਤ ਭਾਸ਼ਾ ਦਾ ਪ੍ਰਭਾਵ ਉਹਨਾਂ ‘ਤੇ ਪੈਣਾ ਲਾਜ਼ਮੀ ਸੀ। ਆਪ ਜੀ ਦੀ ਬਾਣੀ ਵਿੱਚ ਸੰਸਕ੍ਰਿਤ ਭਾਸ਼ਾ ਦੇ ਸ਼ਬਦ-ਉਪਮਾ,ਅਵਘਟ,ਅਗਮ, ਅਉਹਾਰ, ਕਾਮਧੇਨ,ਊਚਾ,ਉਰਸਾ, ਅਉਗਨ,ਅਰਬਿੰਦ,ਅਬਿਬੇਕ ,ਸੈਲ, ਮੁਕੰਦ,ਸੁਖਸਾਗਰ,ਬਨਜਾਰੋ,ਮਾਧਉ, ਮਖੀਰਾ, ਭੁਇਅੰਗਾ ,ਮਜੀਠ ਆਦਿ ਮਿਲਦੇ ਹਨ। ਪ੍ਰੀਤ ਦੇ ਸਿਧਾਂਤ: ਦੁਨੀਆਂ ਵਿੱਚ ਲੱਖਾਂ ਸੰਤ ਆਏ ਪਰ ਰਾਜਾ ਸਿਕੰਦਰ ਲੋਧੀ ਨੂੰ ਝੁਕਾਉਣ ਵਾਲੇ ਸਿਰਫ ਸਤਿਗੁਰੂ ਰਵਿਦਾਸ ਮਹਾਰਾਜ ਜੀ ਹੀ ਸਨ। ‘ਓਸ਼ੋ ‘ਆਪਣੀ ਪੁਸਤਕ “ਮਨ ਹੀ ਪੂਜਾ ਮਨ ਹੀ ਧੂਫ ” ‘ਚ ਗੁਰੂ ਰਵਿਦਾਸ ਜੀ ਬਾਰੇ ਲਿਖਦੇ ਹਨ ਕਿ,”ਮਹਿਲਾਂ ਵਾਲਿਆਂ ਦੇ ਤਾਂ ਗਰੀਬ ਲੋਕ ਜਾਂਦੇ ਦੇਖੇ ਆ, ਪਰ ਇੱਕ ਗਰੀਬ ਦੀ ਛੱਪਰੀ ਵਿੱਚ ਰਾਜਾ ਸਿਕੰਦਰ ਲੋਧੀ ਪਹਿਲੀ ਵਾਰ ਆਉਂਦਾ ਦੇਖਿਆ।” ਇਹ ਸਭ ਗੁਰੂ ਜੀ ਦੀ ਪ੍ਰੇਮਾ ਭਗਤੀ ,ਪ੍ਰੀਤ ਦੇ ਸਿਧਾਂਤ ਸਦਕਾ, ਮਾਨਵਤਾਵਾਦੀ ਸੋਚ ਤੇ ਸੱਚੀ ਸੁੱਚੀ ਵਿਚਾਰਧਾਰਾ ਅਤੇ ਬੇਮਿਸਾਲ ਸ਼ਖਸ਼ੀਅਤ ਦਾ ਹੀ ਪ੍ਰਭਾਵ ਸੀ ਕਿ ਅਖੌਤੀ ਨਿਮਨ ਵਰਗ ‘ਚ ਪੈਦਾ ਹੋ ਕੇ ਵੀ ਉਹ ਸ਼ਾਹੀ ਖਾਨਦਾਨ ਦੇ ਰਾਜਗੁਰੂ ਬਣੇ ਅਤੇ ਅਨੇਕਾਂ ਰਾਜੇ ,ਮਹਾਰਾਜੇ, ਪੰਡਿਤ ਅਤੇ ਕਥਿਤ ਉੱਚਤਮ ਵਰਗ ਦੇ ਲੋਕ ਉਨਾਂ ਦੇ ਸ਼ਿਸ਼ ਬਣੇ।ਗੁਰੂ ਜੀ ਨੂੰ ਭਾਵੇਂ ਜੇਲ੍ਹ ਵੀ ਕੱਟਣੀ ਪਈ ਪਰ ਉਹ ਆਪਣੇ ਸਿਧਾਂਤਾਂ ‘ਤੇ ਅੜੇ ਰਹੇ, ਡੋਲੇ ਨਹੀਂ, ਜਿੱਤ ਪ੍ਰਾਪਤ ਕੀਤੀ। ਆਪ ਜੀ ਦਾ ਸਪਸ਼ਟ ਮੱਤ ਸੀ ਕਿ ਪਰਮਾਤਮਾ ਕਿਸੇ ਦੇ ਬਾਪ ਦਾ ਨਹੀਂ, ਕਿਸੇ ਦੇ ਪਿਓ ਦੀ ਜਾਗੀਰ ਨਹੀਂ ,ਉਸ ਵਿੱਚ ਨਿਸ਼ਚਾ ਅਤੇ ਪ੍ਰੇਮ ਭਾਵਨਾ ਰੱਖਣ ਵਾਲਾ ਕੋਈ ਵੀ ਜੀਵ ਉਸ ਦੀ ਪੂਜਾ ਭਗਤੀ ਕਰ ਸਕਦਾ ਹੈ। ਆਪ ਜੀ ਦਾ ਕਥਨ ਹੈ- ਆਪਨ ਬਾਪੇ ਨਾ ਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ। (ਆਦਿ ਗ੍ਰੰਥ ਪੰਨਾ 658) ਨਾਰੀ ਜਾਤੀ ਨੂੰ ਬਰਾਬਰਤਾ : ਰੂੜੀਵਾਦੀ ਸਮਾਜ ‘ਚ ਔਰਤਾਂ ਨੂੰ ਸਾਰੇ ਮਨੁੱਖੀ ਅਧਿਕਾਰਾਂ ਤੋਂ ਵੰਚਿਤ ਕੀਤਾ ਗਿਆ ਸੀ। ਆਪ ਜੀ ਨੇ ਇਸਤਰੀ ਵਰਗ ਦੇ ਸਮਾਨ ਅਧਿਕਾਰਾਂ ਦੀ ਸੁਰੱਖਿਆ ਲਈ ਅਧਿਆਤਮਿਕਤਾ ਦੇ ਬੰਦ ਦਰਵਾਜ਼ੇ ਖੋਲ੍ਹੇ। ਗੁਰੂ ਜੀ ਨੇ ਚਿਤੌੜ ਦੀ ਮਹਾਰਾਣੀ ਝਾਲੀ ਅਤੇ ਭਾਰਤ ਦੀ ਪ੍ਰਸਿੱਧ ਸੰਤ ਮੀਰਾ ਬਾਈ ਨੂੰ ਦੀਕਸ਼ਾ ਦੇ ਕੇ ਇਸਤਰੀ ਦੀ ਬਰਾਬਰਤਾ,ਮਾਣ ਸਨਮਾਨ ਅਤੇ ਸਤਿਕਾਰ ਵਿੱਚ ਵਾਧਾ ਕੀਤਾ। “ਅਛੂਤ ਕੌਣ ਤੇ ਕਿਵੇਂ” ਪੁਸਤਕ ਸਮਰਪਿਤ :ਜਗਤਗੁਰੂ ਰਵਿਦਾਸ ਮਹਾਰਾਜ ਜੀ ਦੀ ਅਜਿਹੀ ਸਮੁੱਚੀ ਵਿਚਾਰਧਾਰਾ ‘ਤੇ ਪਹਿਰਾ ਦਿੰਦਿਆਂ ਯੁੱਗ ਪੁਰਸ਼ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ “ਭਾਰਤ ਦੇ ਸੰਵਿਧਾਨ ” ਵਿੱਚ ‘ਬੇਗਮਪੁਰੇ ਦੇ ਸੰਕਲਪ ‘ ਨੂੰ ਲਿਖਿਆ।ਸਾਰਿਆਂ ਨੂੰ ਮੌਲਿਕ ਅਧਿਕਾਰ ਪ੍ਰਦਾਨ ਕੀਤੇ। ਬਾਬਾ ਸਾਹਿਬ ਜੀ ਨੇ “ਅਛੂਤ ਕੌਣ ਤੇ ਕਿਵੇਂ ” ਪੁਸਤਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਕੀਤੀ ਹੈ। ਚੌਥੇ ਪਾਤਿਸ਼ਾਹ ਦੇ ਵਿਚਾਰ: ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਫੁਰਮਾਉਂਦੇ ਹਨ ਕਿ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਨੇ ‘ਹਰਿ ‘ ਦੀ ਐਸੀ ਭਗਤੀ ਤੇ ਉਸਤਤ ਕੀਤੀ ਕਿ ਉਹ ਰੱਬ ਦੇ ਰੂਪ ਹੋ ਗਏ। ਬੰਦਗੀ ਤੇ ਰੂਹਾਨੀਅਤ ਦੇ ਕਾਰਣ ਮਹਾਨ ਬਣੇ ਅਤੇ ਚਾਰੇ ਵਰਨਾਂ ਦੇ ਲੋਕ ਉਹਨਾਂ ਦੇ ਚਰਨੀਂ ਢਹਿ ਪਏ-“ਰਵਿਦਾਸ ਚਮਾਰ ਉਸਤਤਿ ਕਰੇ, ਹਰਿ ਕੀਰਤਿ ਨਿਮਖ ਇਕ ਗਾਇ। ਪਤਿਤ ਜਾਤਿ ਉਤਮ ਭਇਆ, ਚਾਰ ਵਰਨ ਪਏ ਪਗਿ ਆਇ।” (ਪੰਨਾ -733)।ਐਜੂਕੇਸ਼ਨ ‘ਤੇ ਜ਼ੋਰ : ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਿੱਖਿਆ ‘ਤੇ ਜ਼ੋਰ ਦਿੱਤਾ ਤੇ ਕਿਹਾ ਕਿ ਮਨੁੱਖ ਵਿੱਚ ਵਿਵੇਕ ਬੁੱਧੀ ਸਿੱਖਿਆ ਨਾਲ ਹੀ ਆਉਂਦੀ ਹੈ।ਆਪਣੀ ਬਾਣੀ ‘ਚ ਉਪਦੇਸ਼ ਦਿੱਤਾ -“ਮਾਧੋ ਅਬਿਦਿਆ ਹਿਤ ਕੀਨ , ਬਿਬੇਕ ਦੀਪ ਮਲੀਨ ।””ਉਪਜਿਓ ਗਿਆਨ ਹੂਆ ਪ੍ਰਗਾਸ ” ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਉਪਦੇਸ਼ ਹੈ ਕਿ ਸਿੱਖਿਆ ਨਾਲ ਹੀ ਮਨੁੱਖ ਦੀ ਜ਼ਿੰਦਗੀ ਵਿੱਚ ਰੋਸ਼ਨੀ ਆਉਂਦੀ ਹੈ। ਸਿੱਖਿਆ ਨਾਲ ਮਨੁੱਖ ਹਰ ਮੰਜ਼ਿਲ ਨੂੰ ਸਰ ਕਰ ਸਕਦਾ ਹੈ।ਬਾਬਾ ਸਾਹਿਬ ਜੀ ਨੇ ਸਿੱਖਿਆ ਬਾਰੇ ਕਿਹਾ ਸੀ ਕਿ “ਗਿਆਨ ਉਹ ਸ਼ੇਰਨੀ ਦਾ ਦੁੱਧ ਹੈ ,ਜੋ ਪੀਵੇਗਾ ਉਹ ਹੀ ਦਹਾੜੇਗਾ।” ਸਿੱਖਿਆ ਹਰ ਵਿਅਕਤੀ ਲਈ ਜਰੂਰੀ ਹੈ, ਇਸ ਲਈ ਇਸ ਨੂੰ ਕਿਸੇ ਵੀ ਕੀਮਤ ‘ਤੇ ਜਰੂਰ ਗ੍ਰਹਿਣ ਕਰੋ। ਇਕੱਠੇ ਹੋਣ ‘ਤੇ ਜ਼ੋਰ: ਸਤਿਗੁਰੂ ਰਵਿਦਾਸ ਮਹਾਰਾਜ ਜੀ ਬਹੁਜਨਾਂ ਨੂੰ ਇਕੱਠੇ ਹੋਣ ਦਾ ਇਸ਼ਾਰਾ ਆਪਣੀ ਬਾਣੀ ‘ਚ ਇੰਝ ਕਰਦੇ ਹਨ -“ਸਤ ਸੰਗਤਿ ਮਿਲ ਰਹੀਐ ਮਾਧਉ ਜੈਸੇ ਮਧੁਪ ਮਖੀਰਾ।” (ਪੰਨਾ ਨੰ: 486) ਭਾਵ ਸਾਨੂੰ ਹਮੇਸ਼ਾ ਸ਼ਹਿਦ ਦੀਆਂ ਮੱਖੀਆਂ ਵਾਂਗ ਰਲ ਕੇ ਰਹਿਣਾ ਚਾਹੀਦਾ ਤਾਂ ਹੀ ਅਸੀਂ ਜਿੱਤ ਵੱਲ ਵੱਧ ਸਕਦੇ ਹਾਂ। ਪਰਾਧੀਨਤਾ ਪਾਪ ਹੈ : ਆਪ ਜੀ ਨੇ ਸਮਾਜਿਕ ,ਰਾਜਨੀਤਿਕ, ਆਰਥਿਕ ਪਰਾਧੀਨਤਾ ਵਿਰੁੱਧ ਝੰਡਾ ਬੁਲੰਦ ਕੀਤਾ । ਗੁਲਾਮ ਨਾਲ ਕੋਈ ਵੀ ਪਿਆਰ ਨਹੀਂ ਕਰਦਾ। ਇਸ ਲਈ ਸਤਿਗੁਰੂ ਰਵਿਦਾਸ ਜੀ ਨੇ ਪ੍ਰੇਮਾ ਭਗਤੀ ਨਾਲ , ਦ੍ਰਿੜ ਸੰਕਲਪ ਕਰਕੇ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਸੰਘਰਸ਼ ਰਾਹੀਂ ਤੋੜਿਆ। ਆਪ ਜੀ ਨੇ ਬਾਣੀ ਰਾਹੀਂ ਮਨੁੱਖਤਾ ਨੂੰ ਉਪਦੇਸ਼ ਕੀਤਾ- “ਪਰਾਧੀਨਤਾ ਪਾਪ ਹੈ,ਜਾਨ ਲੇਹੁ ਰੇ ਮੀਤ ।।ਰਵਿਦਾਸ ਦਾਸ ਪਰਾਧੀਨ ਸਿਉ , ਕਉਨ ਕਰੈ ਹੈ ਪ੍ਰੀਤ।। “ਅੱਠ ਯਾਤਰਾਵਾਂ: ਸ੍ਰੀ ਰੂਪ ਲਾਲ ਰੂਪ, ਸਟੇਟ ਅਵਾਰਡੀ ਨੇ ਆਪਣੀ ਪੁਸਤਕ “ਗੁਰੂ ਰਵਿਦਾਸ ਪ੍ਰਗਾਸ ਦੀ ਖੋਜ ” ਦੇ (183 ਤੋਂ 248 ਸਫੇ ਤੱਕ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਅੱਠ ਕਲਿਆਣਕਾਰੀ ਯਾਤਰਾਵਾਂ ਦਾ ਕਾਫ਼ੀ ਖੋਜ ਭਰਪੂਰ ਜ਼ਿਕਰ ਕੀਤਾ ਹੈ:-1.1436 ਤੋਂ1448 ਈਸਵੀ 2.1460 ਤੋਂ 1465 ਈਸਵੀ.3.1472 ਤੋਂ 1478 ਈਸਵੀ 4. 1481 ਤੋਂ 1487 ਈਸਵੀ 5. 1493 ਤੋਂ 1494 ਈਸਵੀ 6. 1496 ਤੋਂ 1500 ਈਸਵੀ 7. 1507 ਤੋਂ 1508 ਈਸਵੀ 8. 1516 ਤੋਂ 1517 ਈਸਵੀ ਉਪਰੋਤਕ ਵਰਨਣ ਤੋਂ ਬਾਅਦ ਇਸ ਨਤੀਜੇ ‘ਤੇ ਪਹੁੰਚਦੇ ਹਾਂ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਗਿਆਨ ਦੇ ਮਹਾਂਸਾਗਰ ਸਨ। ਉਹਨਾਂ ਆਪਣੀ ਵਿਦਵਤਾ ,ਬਿਬੇਕ ਬੁੱਧੀ , ਪ੍ਰੇਮ ਭਾਵਨਾ, ਭਗਤੀ ਸਾਧਨਾ, ਸੱਚੀ ਬਾਣੀ ਨਾਲ ਜਾਤ -ਪਾਤ ਰਹਿਤ ਸਮਾਜ ,ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਈ।ਪਾਖੰਡਵਾਦ ਅਤੇ ਅਡੰਬਰਵਾਦ ਦੀ ਡੱਟ ਕੇ ਵਿਰੋਧਤਾ ਕੀਤੀ। ਮਾਨਵਵਾਦੀ ਸੋਚ ਰਾਹੀਂ ਚੰਗਾ ਸ਼ਹਿਰੀ ਅਤੇ ਆਦਰਸ਼ ਸਮਾਜ ਸਿਰਜਣ ਦੀ ਪੇਸ਼ਕਸ਼ ਕੀਤੀ। ਨਰੋਆ ਅਤੇ ਤੰਦਰੁਸਤ ਸਮਾਜ ਤਦ ਹੀ ਬਣੇਗਾ ,ਜਦ ਉਹ ਗਿਆਨਵਾਨ ਹੋਵੇਗਾ। ਗੁਰੂ ਜੀ ਨੇ “ਬੇਗਮਪੁਰਾ ਸਹਰ ਕੋ ਨਾਉ” ਸ਼ਬਦ ‘ਚ ਅਜਿਹਾ ਬੇਗਮਪੁਰਾ ਉਸਾਰਨ ਦਾ ਸੁਪਨਾ ਲਿਆ ਹੈ ,ਜਿਸ ‘ਚ ਪੂਰੀ ਮਨੁੱਖਤਾ ਇੱਕਮੁੱਠ ਹੋ ਕੇ, ਸਮਾਨਤਾ, ਸੁਤੰਤਰਤਾ ,ਭਾਈਚਾਰਾ ਤੇ ਨਿਆ ਵਾਲਾ ਸੁਖੀ ਜੀਵਨ ਬਤੀਤ ਕਰੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਬਾਣੀ ਵਿੱਚ ਸੰਦੇਸ਼ ਦਿੱਤਾ ਹੈ ਕਿ “ਜੋ ਹਮ ਸਹਰੀ ਸੁ ਮੀਤੁ ਹਮਾਰਾ। ” ਉਹੀ ਮੇਰਾ ਸੱਚਾ ਮਿੱਤਰ ਹੈ ,ਜੋ ਮੇਰੇ ਸ਼ਹਿਰ , ਵਤਨ ਦਾ ਵਾਸੀ ਹੈ।
https://play.google.com/store/apps/details?id=in.yourhost.samajweekly



