ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ) – ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦਾ ਇੱਕ ਵਿਸ਼ੇਸ਼ ਸੂਬਾਈ ਵਫਦ ਵਿਕਰਮਦੇਵ ਸਿੰਘ ਸੂਬਾ ਪ੍ਰਧਾਨ ਅਤੇ ਹਰਵਿੰਦਰ ਸਿੰਘ ਅੱਲੂਵਾਲ ਜ਼ਿਲਾ ਪ੍ਰਧਾਨ ਡੀ.ਟੀ.ਐਫ. ਕਪੂਰਥਲਾ ਦੀ ਅਗਵਾਈ ਹੇਠ ਅੱਜ ਡੀ.ਪੀ.ਆਈ. ਸੈਕੰਡਰੀ ਪੰਜਾਬ ਨੂੰ ਉਨਾਂ ਦੇ ਦਫਤਰ ਵਿੱਚ ਮਿਲਿਆ। ਵਫਦ ਨੇ ਮਿਲ ਕੇ ਸਰਕਾਰੀ ਹਾਈ ਸਕੂਲ ਅੰਮ੍ਰਿਤਪੁਰ ਰਾਜੇਵਾਲ ਜ਼ਿਲ੍ਹਾ ਕਪੂਰਥਲਾ ਦੇ ਸਕੂਲ ਮੁਖੀ ਵੱਲੋਂ ਗਣਿਤ ਅਧਿਆਪਕ ਸੁਰਿੰਦਰ ਸਿੰਘ ਦਾ ਕਥਿਤ ਤੌਰ ‘ਤੇ ਗੈਰ-ਹਾਜ਼ਰੀ ਸਬੰਧੀ ਭੇਜੇ ਗਏ ਕੇਸ ਬਾਰੇ ਵਿਸਥਾਰ ਸਹਿਤ ਗੱਲਬਾਤ ਕੀਤੀ । ਆਗੂਆਂ ਮੌਕੇ ਤੇ ਹੀ ਗਣਿਤ ਅਧਿਆਪਕ ਸੁਰਿੰਦਰ ਸਿੰਘ ਦੀ ਸਕੂਲ ਵਿੱਚ ਹਾਜ਼ਰੀ ਸਬੰਧੀ ਕਾਗਜ਼ਾਤ ਡੀ.ਪੀ.ਆਈ. (ਸੈਕੰਡਰੀ) ਅੱਗੇ ਪੇਸ਼ ਕੀਤੇ। ਅਧਿਆਪਕ ਹਰ ਰੋਜ਼ ਸਕੂਲ ਵਿੱਚ ਜਾ ਰਿਹਾ ਹੈ ਅਤੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ, ਇਸ ਸਬੰਧੀ ਤਿੰਨੋਂ ਪਿੰਡਾਂ ਦੀਆਂ ਪੰਚਾਇਤਾਂ ਦੇ ਲਿਖਤੀ ਮਤੇ, ਸਕੂਲ ਮੈਨੇਜਮੈਂਟ ਕਮੇਟੀ ਦੇ ਮਤੇ, ਮਿਡ ਡੇ ਮੀਲ ਕੁੱਕ ਭੈਣਾਂ ਦੇ ਬਿਆਨ, ਸਾਬਕਾ ਸਰਪੰਚ ਅੰਮ੍ਰਿਤਪੁਰ ਦੇ ਬਿਆਨ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦਾ ਲਿਖਤੀ ਬਿਆਨ, ਸਭ ਡਾਕੂਮੈਂਟਸ ਡੀ.ਪੀ.ਆਈ. ਸੈਕੰਡਰੀ ਦੇ ਸਾਹਮਣੇ ਪੇਸ਼ ਕੀਤੇ। ਡੀ.ਪੀ.ਆਈ. ਵੱਲੋਂ ਸਾਰੇ ਤੱਥਾਂ ਨੂੰ ਵਿਚਾਰਨ ਤੋਂ ਬਾਅਦ, ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਅਧਿਆਪਕ ਨੂੰ ਪੈਂਡਿੰਗ ਇਨਕੁਆਰੀ ਤੇ ਤੁਰੰਤ ਸਕੂਲ ਹਾਜ਼ਰ ਹੋਣ ਦੇ ਆਰਡਰ ਜਾਰੀ ਕੀਤੇ। ਜਥੇਬੰਦੀ ਦੇ ਆਗੂਆਂ ਵੱਲੋਂ ਡੀ.ਪੀ.ਆਈ. ਸੈਕੰਡਰੀ ਪਾਸੋਂ ਮੰਗ ਕੀਤੀ ਗਈ ਕਿ ਅਧਿਆਪਕ ਸੁਰਿੰਦਰ ਸਿੰਘ ਨੂੰ ਕਥਿਤ ਤੌਰ ਤੇ ਜਾਣ-ਬੁਝ ਕੇ ਗੈਰ ਹਾਜ਼ਰ ਕਰਾਰ ਦੇ ਕੇ ਕੇਸ ਉੱਚ ਅਧਿਕਾਰੀਆਂ ਨੂੰ ਚੰਡੀਗੜ੍ਹ ਵਿਖੇ ਭੇਜਣਾ, ਅਧਿਆਪਕ ਦੀ ਤਨਖਾਹ ਘੱਟ ਕਢਵਾਉਣਾ, ਅਧਿਆਪਕ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਅਤੇ ਸਕੂਲ ਵਿੱਚ ਸਾਰਿਆਂ ਸਾਹਮਣੇ ਜ਼ਲੀਲ ਕਰਨਾ । ਇਸ ਸਾਰੇ ਮਸਲੇ ਦੀ ਨਿਰਪੱਖ ਜਾਂਚ ਪੜਤਾਲ ਕਰਵਾ ਕੇ ਦੋਸ਼ੀ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ । ਇਸ ਮੌਕੇ ਜਥੇਬੰਦੀ ਦੇ ਆਗੂਆਂ ਕਿਹਾ ਕਿ ਅਧਿਆਪਕ ਸੁਰਿੰਦਰ ਸਿੰਘ ਦੇ ਹਾਜ਼ਰੀ ਦੇ ਆਰਡਰ ਜਾਰੀ ਹੋਣੇ ਡੈਮੋਕਰੇਟਿਕ ਟੀਚਰ ਫਰੰਟ ਕਪੂਰਥਲਾ, ਕਿਸਾਨ, ਮਜ਼ਦੂਰ ਅਤੇ ਭਰਾਤਰੀ ਜਥੇਬੰਦੀਆਂ ਦੀ ਵੱਡੀ ਜਿੱਤ ਹੈ। ਇਹ ਸਭ ਏਕਤਾ ਅਤੇ ਇਕੱਠੇ ਹੋ ਕੇ ਕੀਤੇ ਹੋਏ ਸੰਘਰਸ਼ ਦਾ ਸਿੱਟਾ ਹੈ। ਇਸ ਮੌਕੇ ਵਫ਼ਦ ਵਿੱਚ ਹਰਵਿੰਦਰ ਸਿੰਘ ਅੱਲੂਵਾਲ, ਨਰਿੰਦਰ ਭੰਡਾਰੀ, ਸੁਰਿੰਦਰ ਸਿੰਘ, ਗੁਰਪਿਆਰ ਕੋਟਲੀ, ਰੁਪਿੰਦਰ ਗਿੱਲ ਜੰਡਿਆਲੀ, ਬਲਵਿੰਦਰ ਸਿੰਘ ਆਦਿ ਅਧਿਆਪਕ ਆਗੂ ਸ਼ਾਮਿਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



