ਦੁਨੀਆ ’ਚ ਵਧਦੀ ਜਾ ਰਹੀ ਹੈ ਹਕੀਕਤ-ਪਸੰਦਾਂ ਦੀ ਗਿਣਤੀ

ਮਹਤਾਬ ਉਦ ਦੀਨ

(ਸੰਦਰਭ ; ਕੁਲ ਦੁਨੀਆ ਵਿਚ ਧਰਮਾਂ ਦੇ ਆਪੂ ਬਣੇ ਆਗੂ, ਸਰਮਾਇਆਦਾਰ ਤਾਕ਼ਤਵਰਾਂ ਦੇ ਗ਼ੁਲਾਮ ਹੋਣ ਕਾਰਨ ਬੇਨਕਾਬ ਹੋ ਚੁੱਕੇ ਨੇ। ਜਿਹੜਾ ਬੰਦਾ, ਅਕਲਤੀਫ਼ ਐ, ਓਹ, ਏਸ ਗੱਠਜੋੜ ਨੂੰ ਸਮਝ ਕੇ ਵਿਗਸਤ ਹੋ ਜਾਂਦੈ। ਏਸੇ ਪ੍ਰਸੰਗ ਵਿਚ ਇਹ ਸੁਲੇਖ ਤਿਆਰ ਕੀਤਾ ਗਿਆ ਹੈ। – * ਮਹਤਾਬ ਉਦ ਦੀਨ, ਖਰੜ*)

(ਸਮਾਜ ਵੀਕਲੀ)- ਇਹੋ ਜਿਹੇ ਲੋਕ ਦਰਅਸਲ ਸਾਰੇ ਧਰਮਾਂ ਤੇ ਮੁਲਕਾਂ ’ਚ ਹੁੰਦੇ ਹਨ; ਜੋ ਪੂਰੀ ਤਰ੍ਹਾਂ ਹਕੀਕਤ–ਪਸੰਦ ਜਾਂ ਯਥਾਰਥਵਾਦੀ ਹੁੰਦੇ ਹਨ ਤੇ ਬਾ-ਦਲੀਲ ਗੱਲ ਕਰਨੀ ਪਸੰਦ ਕਰਦੇ ਹਨ।

ਇਨ੍ਹਾਂ ਨੂੰ ਹਰੇਕ ਧਰਮ, ਸਭਿਆਚਾਰ ਤੇ ਕਦਰਾਂ–ਕੀਮਤਾਂ ਦੀ ਚੋਖੀ ਸਮਝ ਹੁੰਦੀ ਹੈ –– ਜੋ ਕਿ ਕੁਦਰਤੀ ਦਾਤ ਜਾਂ ਨਿੱਜੀ ਯਤਨਾਂ ਦਾ ਪ੍ਰਤਾਪ ਹੁੰਦੀ ਐ। ਇਹ ਗੁਣ ਜ਼ਰੂਰ ਹੀ ਹਰੇਕ ਬੁੱਧੀਜੀਵੀ ’ਚ ਹੁੰਦੇ ਹਨ – ਤੁਹਾਡੇ ’ਚ ਵੀ ਜ਼ਰੂਰ ਹੋਣਗੇ ਪਰ ਅਸੀਂ ਸਮਾਜਕ ਬੰਧਨਾਂ ਤੋਂ ਡਰਦੇ ਮਾਰੇ ਬਹੁਤ ਵਾਰ ਧਾਰਮਿਕ ਮਾਮਲਿਆਂ ’ਤੇ ਟਿੱਪਣੀ ਕਰਨ ਤੋਂ ਟਾਲ਼ਾ ਵੱਟਦੇ ਰਹਿੰਦੇ ਹਾਂ।

ਪਰ ਇਸ ਕਿਸਮ ਵਰਗੇ ਬੁੱਧੀਜੀਵੀ ਦਰਅਸਲ ਆਪਣੀ ਕੌਮ ਤੋਂ ਕਈ ਸੌ ਸਾਲ ਅਗਾਂਹ ਪੁੱਜ ਚੁੱਕੇ ਹੁੰਦੇ ਹਨ। ਜਿਹੜੇ ਲੋਕਾਂ ਦਾ ਇਹ ਵਿਰੋਧ ਕਰ ਰਿਹਾ ਹੈ, ਉਨ੍ਹਾਂ ਨੇ ਜ਼ਰੂਰ ਇੱਕ ਦਿਨ ਇਹਨੂੰ ਲੱਭ ਕੇ ਖ਼ਤਮ ਕਰ ਦੇਣਾ ਹੈ – ਇਹ ਇੱਕ ਦਿਨ ਜ਼ਰੂਰ ਮੁਮਕਿਨ ਹੋ ਸਕਦਾ ਹੈ ਪਰ ਸ਼ਾਇਦ ਸਲਮਾਨ ਰਸ਼ਦੀ ਵਾਂਗ ਕਿਤੇ ਲੁਕ–ਛਿਪ ਕੇ ਬਚ ਵੀ ਜਾਵੇ।

ਅਜਿਹੇ ਬਾਗ਼ੀਆਨਾ ਕਿਸਮ ਦੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪੰਜਾਬ ਵਿੱਚ ਵੀ ਗੁਰਬਖ਼ਸ਼ ਸਿੰਘ ਕਾਲ਼ਾਅਫ਼ਗ਼ਾਨਾ ਤੇ ‘ ਸਪੋਕਸਮੈਨ’ ਦੇ ਸੰਪਾਦਕ ਜੋਗਿੰਦਰ ਸਿੰਘ ਵਰਗੇ ਬਹੁਤ ਸਾਰੇ ਬੁੱਧੀਜੀਵੀ ਹਨ, ਜਿਨ੍ਹਾਂ ਨੂੰ ਪੰਥ ’ਚੋਂ ਛੇਕਿਆ ਜਾ ਚੁੱਕਾ ਹੈ ਪਰ ਨਿਜੀ ਤੌਰ ’ਤੇ ਮੈਨੂੰ ਲੱਗਦਾ ਹੈ ਕਿ ਉਹ ਠੀਕ ਹਨ। ਸਾਡੇ ਮਸੀਹੀਅਤ ਵਿੱਚ ਵੀ ਅਜਿਹੇ ਲੋਕ ਹਨ। ਖ਼ੁਦ ਮੇਰੀ ਸੋਚ ਵੀ ਅਜਿਹੀ ਹੋ ਸਕਦੀ ਹੈ ਪਰ ਮੇਰੇ ’ਚ ਦੁਨੀਆ ਨਾਲ ਬਗ਼ਾਵਤ ਕਰਨ ਦੀ ਹਿੰਮਤ ਨਹੀਂ ਹੈ; ਸ਼ਾਇਦ ਇਸ ਦਾ ਇੱਕ ਕਾਰਣ ਇਹ ਵੀ ਹੋਵੇ ਕਿ ਮੈਂ ਆਰਥਿਕ ਤੌਰ ’ਤੇ ਮਜ਼ਬੂਤ ਨਹੀਂ ਹਾਂ।

ਬਾਲੀਵੁੱਡ ਕਲਾਕਾਰ ਧਰਮਿੰਦਰ ਤੇ ਕੈਪਟਨ ਅਮਰਿੰਦਰ ਸਿੰਘ ਅਮੀਰ ਤੇ ਖ਼ੁਸ਼ਹਾਲ ਹਨ – ਕਿਸੇ ਦੀ ਪਰਵਾਹ ਨਹੀਂ ਕਰਦੇ; ਇਸੇ ਲਈ ਸਰੇਆਮ ਦੋ–ਦੋ ਤੇ ਤਿੰਨ–ਤਿੰਨ ਪਤਨੀਆਂ ਰੱਖੀ ਬੈਠੇ ਹਨ।
ਅੰਮ੍ਰਿਤਾ ਪ੍ਰੀਤਮ ਸ਼ਰੇਆਮ ਸਿਗਰੇਟਾਂ ਪੀਂਦੀ ਸੀ, ਪੱਤਰਕਾਰ ਖ਼ੁਸ਼ਵੰਤ ਸਿੰਘ ਅਕਸਰ ਆਪਣੀ ਕਲਮ ਰਾਹੀਂ ਅਜਿਹਾ ਬਹੁਤ ਕੁਝ ਆਖ ਜਾਂਦਾ ਸੀ ਕਿ ਜੇ ਉਹ ਗੱਲਾਂ ਕਿਸੇ ਹੋਰ ਨੇ ਲਿਖੀਆਂ ਹੁੰਦੀਆਂ, ਤਾਂ ਉਸ ਦੀ ਖ਼ੈਰ ਨਹੀਂ ਸੀ ਹੋਣੀ ਪਰ ਇਹ ਸਭ ‘ਸੈਲੀਬ੍ਰਿਟੀਜ਼’ ਸਿੱਖ ਕੌਮ ਲਈ ਮਾਣਮੱਤੇ ਹਨ। ਕੁਝ ਬਹੁਤੇ ਕੱਟੜ ਲੋਕ ਭਾਵੇਂ ਇਨ੍ਹਾਂ ਦਾ ਵਿਰੋਧ ਕਰਦੇ ਹੋਣ ਪਰ ਆਮ ਤੌਰ ’ਤੇ ਇਨ੍ਹਾਂ ਦਾ ਵਿਰੋਧ ਘੱਟ ਹੀ ਹੁੰਦਾ ਹੈ।

ਇਸਲਾਮ ਵਿੱਚ ਜ਼ਿਆਦਾਤਰ ਲੋਕ ਅਨਪੜ੍ਹ ਹਨ, ਖ਼ਾਸ ਕਰ ਕੇ ਇਸ ਟਿੱਪਣੀ ਨੂੰ ਪਾਕਿਸਤਾਨ ਦੇ ਸੰਦਰਭ ਵਿੱਚ ਸਮਝਿਆ ਤੇ ਪੜ੍ਹਿਆ ਜਾਵੇ, ਇਸ ਕਰਕੇ ਵੀ ਇਨ੍ਹਾਂ ਨੂੰ ਕੁਝ ਹਕੀਕੀ ਸਮਝਾਉਣਾ ਬਹੁਤ ਔਖਾ ਹੁੰਦਾ ਹੈ, ਜਿਵੇਂ ਕਿ ਇਸ ਵਿਡੀਓ ’ਚ ਇਹ ਵਿਅਕਤੀ ਦਰਸਾਉਣਾ ਚਾਹ ਰਿਹਾ ਹੈ।

ਅਜਿਹੇ ਲੋਕ ਹੁਣ ‘ਨੋ ਰਿਲੀਜਨ’ ਲਿਖਵਾਉਣ ਲੱਗੇ ਹਨ ਤੇ ਉਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ – ਅਜਿਹਾ ਸਮੇਂ ਨਾਲ ਵਧਦੀ ਜਾ ਰਹੀ ਜਾਗਰੂਕਤਾ ਤੇ ਸੋਝੀ ਸਦਕਾ ਹੋਣਾ ਸੁਭਾਵਕ ਹੈ। ‘ਵਿਕੀਪੀਡੀਆ’ ਅਨੁਸਾਰ ਦੁਨੀਆ ਦੀ 7% (45 ਤੋਂ 50 ਕਰੋੜ) ਆਬਾਦੀ ਹੁਣ ਕਿਸੇ ਧਰਮ ਨੂੰ ਨਹੀਂ ਮੰਨਦੀ, ਜਿਸ ਨੂੰ ਇਹ ਆਮ ‘ਆਸਤਕ’ ਲੋਕ ‘ਨਾਸਤਿਕ’ ਦੇ ਨਾਂਅ ਨਾਲ ਸੱਦਦੇ ਹਨ। ਮੁਨਕਰ ਤੇ ਮੁਲਹਿਦ ਵੀ ਇਹੋ ਈ ਨੇ।

ਸਾਡੇ ਸਮਾਜ ਵਿੱਚ ‘ਨਾਸਤਿਕ’ ਸ਼ਬਦ ਨੂੰ ਇੱਕ ਗਾਲ਼ ਵਜੋਂ ਵਰਤਿਆ ਜਾਂਦਾ ਹੈ – ਇਸੇ ਲਈ ਆਪਣੇ ’ਚੋਂ ਬਹੁਤੇ ਲੋਕ ਇਹ ਸ਼ਬਦ ਆਪਣੇ ਖ਼ੁਦ ਲਈ ਅਖਵਾਉਣਾ ਪਸੰਦ ਨਹੀਂ ਕਰਦੇ। ਇਹੋ ਕਾਰਣ ਹੈ ਕਿ ਧਰਮਾਂ ਉੱਤੇ ਟਿੱਪਣੀ ਕਰਨ ਤੋਂ ਆਮ ਤੌਰ ’ਤੇ ਬਚਿਆ ਹੀ ਜਾਂਦਾ ਹੈ। ਪਹਿਲੀ ਨਜ਼ਰੇ ਇਸ ਵਿਅਕਤੀ ਪਿੱਛੇ ਕਿਸੇ ਦੇਸ਼ ਦਾ ਕੋਈ ਹੱਥ ਨਹੀਂ ਜਾਪਦਾ, ਇਹ ਇਸ ਦੇ ਆਪਣੇ ਨਿਜੀ ਵਿਚਾਰ ਹਨ ਤੇ ਦੁਨੀਆ ਦੇ ਉਨ੍ਹਾਂ 45 ਤੋਂ 50 ਕਰੋੜ ਹਿੰਮਤੀ ਲੋਕਾਂ ਵਿੱਚੋਂ ਹੀ ਇੱਕ ਹੈ, ਜਿਹੜੇ ਖ਼ੁਦ ਨੂੰ ‘ਨਾਸਤਿਕ’ ਅਖਵਾ ਕੇ ਦੁਖੀ ਨਹੀਂ, ਸਗੋਂ ਖ਼ੁਸ਼ ਹੁੰਦੇ ਹਨ।

–  ਮਹਤਾਬ ਉਦ ਦੀਨ, ਖਰੜ।
ਰਾਬਤਾ +919815703226

Previous articleਸਮਤਾ ਸੈਨਿਕ ਦਲ ਦੇ 18ਵੇਂ ਰਾਸ਼ਟਰੀ ਅਧਿਵੇਸ਼ਨ ‘ਚ ਨਵੀਂ ਬੌਡੀ ਘੋਸ਼ਿਤ
Next articleसमता सैनिक दल ने 18वें राष्ट्रीय सम्मेलन में की नए निकाय की घोषणा