ਪੰਜਾਬ ਦੇ ਮੁਲਾਜ਼ਮਾ ਤੇ ਪੈਨਸ਼ਨਰਾ ਵਲੋਂ ਲੋਕ ਸਭਾ ਚੋਣਾ ਦੇ ਸਨਮੁਖ 05 ਮਈ ਨੂੰ ਜਲੰਧਰ ਕਨਵੈਨਸ਼ਨ ਕਰਕੇ ਕੀਤਾ ਜਾਵੇਗਾ ਅਗਲੀ ਰਣਨੀਤੀ ਦਾ ਐਲਾਨ

ਜਲੰਧਰ, ਫਿਲੌਰ, ਅੱਪਰਾ (ਜੱਸੀ)-ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਆਨਲਾਈਨ ਮੀਟਿੰਗ ਫਰੰਟ ਦੇ ਕਨਵੀਨਰ ਰਤਨ ਸਿੰਘ ਮਜਾਰੀ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੇ ਫੈਸਲੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਕਨਵੀਨਰਜ਼ ਸਤੀਸ਼ ਰਾਣਾ , ਜਰਮਨਜੀਤ ਸਿੰਘ , ਸਵਿਦੰਰਪਾਲ ਸਿੰਘ ਮੋਲੋਵਾਲੀ , ਕਰਮ ਸਿੰਘ ਧਨੋਆ , ਗਗਨਦੀਪ ਸਿੰਘ , ਸੁਖਦੇਵ ਸਿੰਘ ਸੈਣੀ ਤੋਂ ਇਲਾਵਾ ਸੂਬਾਈ ਆਗੂ ਸੁਰਿੰਦਰ ਰਾਮ ਕੁਸਾ , ਸੁਖਜੀਤ ਸਿੰਘ , ਕੁਲਵਰਨ ਸਿੰਘ , ਸੁਰਿੰਦਰ ਕੁਮਾਰ ਪੁਆਰੀ , ਅਮਰੀਕ ਸਿੰਘ ਕੰਗ , ਦਿਗਵਿਜੇ ਪਾਲ ਸ਼ਰਮਾ , ਨਰਿੰਦਰ ਬਲ , ਪ੍ਰੇਮ ਚਾਵਲਾ , ਅਮਿਤ ਕਟੋਚ , ਬੋਬਿੰਦਰ ਸਿੰਘ , ਕਰਮਜੀਤ ਸਿੰਘ ਬੀਹਲਾ , ਤੀਰਥ ਸਿੰਘ ਬਾਸੀ , ਐਨ.ਡੀ. ਤੀਵਾੜੀ , ਅਮਰਜੀਤ ਸਿੰਘ   ਅਤੇ ਰਣਵੀਰ ਉਪਲ ਨੇ ਦਸਿਆ ਕਿ ਮੀਟਿੰਗ ਦੋਰਾਨ ਮੁਲਾਜ਼ਮ / ਪੈਨਸ਼ਨਰ ਮੰਗਾ ਤੇ ਵਿਸਥਾਰ ਸਹਿਤ ਚਰਚਾ ਹੋਈ । ਕੇਂਦਰ ਦੀ ਮੋਦੀ ਸਰਕਾਰ ਵਲੋਂ ਅਦਾਰਿਆਂ ਦੇ ਕੀਤੇ ਜਾ ਰਹੇ ਨਿਜ਼ੀਕਰਣ / ਨਿਗਮੀਕਰਣ ਦੇ ਤਹਿਤ ਜਨਤਕ ਖੇਤਰ ਦੇ ਅਦਾਰਿਆਂ ਨੂੰ ਕਾਰਪੋਰੇਟਾ ਦੀ ਝੋਲੀ ਵਿੱਚ ਪਾਉਣ  ਅਤੇ ਪੈਨਸ਼ਨ ਫੰਡ ਰੈਗੁਲੇਟਰੀ ਡਿਵੈਲਪਮੈਂਟ ਅਥਾਰਟੀ ਐਕਟ ਨੂੰ ਰੱਦ ਨਾ ਕਰਨ ਤੇ ਵੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ । ਆਗੂਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾ ਤੇ ਪੈਨਸ਼ਨਰਾ ਦੀਆਂ ਮੰਗਾ ਦਾ ਨਿਪਟਾਰਾ ਤਾਂ ਦੂਰ ਦੀ ਗੱਲ ਰਹੀ , ਇਹਨਾਂ ਮੰਗਾ ਦੇ ਨਿਪਟਾਰੇ ਹਿੱਤ ਮੁੱਖ ਮੰਤਰੀ ਵਲੋਂ ਆਗੂਆਂ ਨਾਲ ਮੀਟਿੰਗ ਤੱਕ ਨਾ ਕਰਨ ਦੀ ਤਿੱਖੇ ਸ਼ਬਦਾ ਵਿੱਚ ਨਿਖੇਧੀ ਕੀਤੀ । ਆਗੂਆਂ ਆਖਿਆ ਕਿ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਵਾਅਦਾ ਕਰਕੇ ਸਰਕਾਰ ਭੱਜ ਗਈ ਹੈ , ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਦੀ ਜੋ ਪਾਲਸੀ ਬਣਾਈ ਗਈ ਹੈ ਉਹ ਅੱਜ ਤੱਕ ਦੇ ਇਤਿਹਾਸ ਦੀ ਸਭ ਤੋਂ ਮਾੜੀ ਪਾਲਸੀ ਹੈ , ਤਨਖਾਹ ਕਮਿਸ਼ਨ  ਦੀਆਂ ਸਿਫਾਰਸ਼ਾ ਦੇ ਬਾਵਜੂਦ ਪੈਨਸ਼ਨ ਦੁਹਰਾਈ 2.59 ਗੁਣਾਂਕ ਨਾਲ ਨਹੀਂ ਕੀਤੀ ਗਈ , ਭੱਤੇਆਂ ਵਿੱਚ ਵਾਧਾ ਕਰਨ ਦੀ ਬਜਾਏ ਬੰਦ ਕਰ ਦਿੱਤੇ ਗਏ , ਤਨਖਾਹ ਕਮਿਸ਼ਨ ਦਾ ਕੋਈ ਬਕਾਇਆ ਨਹੀਂ ਦਿੱਤਾ ਗਿਆ , ਮਾਣ ਭੱਤਾ / ਇਨਸੈਂਟਿਵ ਮੁਲਾਜ਼ਮਾ ਦੇ ਭੱਤੇ ਦੋ ਗੁਣਾਂ ਕਰਨ ਦਾ ਐਲਾਨ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ  ਹੈ , ਪ੍ਰੋਵੇਸ਼ਨਲ ਸਮੇਂ ਦੋਰਾਨ ਪੂਰੀ ਤਨਖਾਹ ਭੱਤੇਆਂ ਸਮੇਤ ਦੇਣ ਸਬੰਧੀ ਕੋਰਟ ਦੇ ਫੈਸਲੇ ਨੂੰ ਸਰਕਾਰ ਵਲੋਂ ਲਾਗੂ ਕਰਨ ਦੀ ਥਾਂ ਅਗਲੀ ਅਦਾਲਤ ਵਿੱਚ ਚੁਣੋਤੀ ਦੇ ਦਿੱਤੀ ਗਈ ਹੈ , ਕੇਂਦਰੀ ਤਨਖਾਹ ਸਕੇਲ ਜਬਰੀ ਥੋਪੇ ਜਾ ਰਹੇ ਹਨ ਅਤੇ ਕੁੱਝ ਦੇਣ ਦੀ ਥਾਂ ਵਿਕਾਸ ਟੈਕਸ ਦੇ ਨਾਮ ਤੇ 200/- ਰੁਪਏ ਮਹੀਨਾ ਜਬਰੀ ਜਜ਼ੀਆ ਟੈਕਸ ਇਕਲੇ ਮੁਲਾਜ਼ਮ ਤੋਂ ਹੀ ਨਹੀਂ ਹੁਣ ਪੈਨਸ਼ਨਰਾ ਤੋਂ ਵੀ ਵਸੂਲਣਾ ਸ਼ੁਰੂ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਮਹਿਗਾਈ ਭੱਤਾ ਕੇਂਦਰ ਨਾਲੋ ਡੀ ਲਿੰਕ ਕਰਕੇ ਰੱਖ ਦਿੱਤਾ ਗਿਆ ਹੈ ਅਤੇ ਅੱਜ ਤੱਕ ਪੇ ਕਮਿਸ਼ਨ ਦੀ ਦੂਜੇ ਹਿਸੇ ਦੀ ਰਿਪੋਰਟ ਜਿਸਦੇ ਤਹਿਤ ਮੁਲਾਜ਼ਮ ਨੂੰ ਏ.ਸੀ.ਪੀ. ਦਾ ਲਾਭ ਮਿਲਣਾ ਹੈ ਸਰਕਾਰ ਦੇਣ ਨੂੰ  ਤਿਆਰ ਨਹੀਂ ਹੈ । ਆਗੂਆਂ ਆਖਿਆ ਕਿ ਹੁਣ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਕੇਂਦਰ ਦੀ ਮੋਦੀ ਸਰਕਾਰ ਜੋ ਦੇਸ਼ ਦੇ ਮਜ਼ਦੂਰ ਹਿਤੈਸ਼ੀ ਕਿਰਤ ਕਾਨੂੰਨਾ ਨੂੰ ਖਤਮ ਕਰਨ ਤੋਂ ਬਾਅਦ ਸਵਿਧਾਨ ਨੂੰ ਤੋੜਨ ਤੱਕ ਜਾ ਰਹੀ ਹੈ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਦੇ ਮੁਲਾਜ਼ਮ / ਪੈਨਸ਼ਨਰ ਵਿਰੋਧੀ ਵਤੀਰੇ ਦੇ ਖਿਲਾਫ ਲੋਕ ਸਭਾ ਚੋਣਾ ਦੇ ਸਨਮੁਖ 05 ਮਈ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਸ਼ਾਲ ਕਨਵੈਨਸ਼ਨ ਕੀਤੀ ਜਾਵੇਗੀ ਅਤੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਰਬੱਤ ਦੇ ਭਲੇ ਦੀ ਅਰਦਾਸ ਚ ਅੱਜ ਗੁਰਦੁਆਰਾ ਹਜੂਰ ਸਾਹਿਬ ਧਰਮਕੋਟ ਹੋਣਗੇ ਸ਼ਾਮਲ-ਸੁੱਖ ਗਿੱਲ ਮੋਗਾ
Next articleTajinder Bittu, two-time Cong MP Santokh Chaudhary’s widow Karamjit Kaur join BJP