ਸ਼ਹੀਦ-ਏ-ਆਜਮ ਦੀ ਵਿਚਾਰਧਾਰਾ ਨੂੰ ਸਮਝਣ ਤੇ ਅਪਣਾਉਣ ਦੀ ਲੋੜ

(ਸਮਾਜ ਵੀਕਲੀ)
ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ (ਪਾਕਿਸਤਾਨੀ ਪੰਜਾਬ) ਵਿੱਚ ਮਾਤਾ ਵਿੱਦਿਆਵਤੀ ਦੀ ਕੁੱਖੋਂ ਪਿਤਾ ਸਰਦਾਰ ਕਿਸ਼ਨ ਸਿੰਘ ਦੇ ਘਰ ਹੋਇਆ। ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਪਰਿਵਾਰ ਦੇ ਮੁਖੀ ਭਗਤ ਸਿੰਘ ਦੇ ਦਾਦਾ ਅਰਜਨ ਸਿੰਘ ਆਰੀਆ ਸਮਾਜ ਦੇ ਮੈਂਬਰ ਸਨ,ਜਿਹੜੀ ਸੰਸਥਾ ਅੰਧਵਿਸ਼ਵਾਸਾਂ ਦੇ ਵਿਰੁੱਧ ਲੜ ਰਹੀ ਸੀ। ਉਧਰ ਭਗਤ ਸਿੰਘ ਦੇ ਪਿਤਾ ਸ ਕਿਸ਼ਨ ਸਿੰਘ ‘ਤੇ ਅੰਗਰੇਜ ਸਰਕਾਰ ਦੁਆਰਾ ਦਰਜ ਕੀਤੇ 42 ਦੇ ਕਰੀਬ ਪਰਚੇ ਦੇਸ਼ ਭਗਤੀ ਦਾ ਲਿਖਤੀ ਸਬੂਤ ਪੇਸ਼ ਕਰਦੇ ਹਨ ਤੇ ਚਾਚਾ ਸ ਅਜੀਤ ਸਿੰਘ ਕਿਸਾਨਾਂ ਦੇ ਅੰਦੋਲਨ “ਪੱਗੜੀ ਸੰਭਾਲ ਜੱਟਾ ” ਦੇ ਸਰਗਰਮ ਆਗੂ ਸਨ। ਇਸ ਤਰ੍ਹਾਂ ਭਗਤ ਸਿੰਘ ਨੂੰ ਦੇਸ਼ ਭਗਤੀ ਦੀ ਗੁੜਤੀ  ਪਰਿਵਾਰ ਵਿੱਚੋ ਹੀ ਮਿਲ ਗਈ ਸੀ ।ਇਸ ਕਰਕੇ ਭਗਤ ਸਿੰਘ ਦਾ ਬਚਪਨ ਉਸ ਦੇ ਹਾਣੀਆਂ ਨਾਲੋਂ ਵੱਖਰੇ ਰੂਪ ਵਿੱਚ ਗੁਜਰਿਆ ਕਿਉਂਕਿ ਉਹਨਾਂ ਦੇ ਘਰ ਦੇਸ਼ ਭਗਤਾਂ ਦਾ ਆਉਣ-ਜਾਣ ਬਣਿਆ ਰਹਿੰਦਾ ਸੀ ਤੇ ਉਸ ਨੂੰ ਉਹਨਾਂ ਦੀਆਂ ਗੱਲਾਂ ਸੁਣਨ ਦਾ ਮੌਕਾ ਮਿਲਦਾ ਰਹਿੰਦਾ ਸੀ। 
ਇੱਕ ਵਾਰ ਜਦੋਂ ਭਗਤ ਸਿੰਘ 8 ਕੁ ਸਾਲ ਦਾ ਸੀ ਤਾਂ ਗਦਰ ਪਾਰਟੀ ਦੇ ਦੋ ਕਾਰਕੁੰਨ ਸਚਿੰਦਰ ਨਾਥ ਸਾਨਿਆਲ ਤੇ ਕਰਤਾਰ ਸਿੰਘ ਸਰਾਭਾ ਉਹਨਾਂ ਦੇ ਘਰ ਉਸ ਦੇ ਪਿਤਾ ਜੀ ਤੋਂ ਪਾਰਟੀ ਲਈ ਚੰਦਾ ਲੈਣ ਲਈ ਆਏ ਤਾਂ ਕਰਤਾਰ ਸਿੰਘ ਸਰਾਭੇ ਦੀਆਂ ਦੇਸ਼ – ਭਗਤੀ ਦੀਆਂ ਗੱਲਾਂ ਤੋਂ  ਬਹੁਤ ਪ੍ਰਭਾਵਿਤ ਹੋਇਆ ।ਬਾਅਦ ਵਿੱਚ ਉਸ ਦੇ ਪਰਿਵਾਰ ਵਿਚ ਵੀ ਸਰਾਭੇ ਬਾਰੇ ਗੱਲਾਂ ਚੱਲਦੀਆਂ ਰਹਿੰਦੀਆਂ। ਇਸ ਤਰ੍ਹਾਂ ਉਹ ਮਨ ਹੀ ਮਨ ਵਿੱਚ ਉਸ ਨੂੰ ਆਪਣਾ ਗੁਰੂ ਧਾਰਨ ਲੱਗਾ। ਗਦਰ ਅੰਦੋਲਨ ਦੇ ਫੇਲ ਹੋਣ ਤੋਂ ਬਾਅਦ ਸਰਾਭੇ ਤੇ ਉਸ ਦੇ ਕਈ ਸਾਥੀਆਂ ਦੀ ਗ੍ਰਿਫਤਾਰੀ ਹੋ ਗਈ ਤੇ ਅੰਗਰੇਜ ਸਰਕਾਰ ਨੇ ਉਸ ਸਮੇਤ ਛੇ ਜਣਿਆ ਨੂੰ ਫਾਂਸੀ ਦੀ ਸਜਾ ਸਣਾ ਦਿੱਤੀ। ਕਰਤਾਰ ਸਿੰਘ ਸਰਾਭੇ ਨੇ ਰਹਿਮ ਦੀ ਅਪੀਲ ਨਾ ਪਾ ਕੇ ਫਾਂਸੀ ਦਾ ਰੱਸਾ ਚੁੰਮਣ ਨੂੰ ਤਰਜੀਹ ਦਿੱਤੀ। ਇਸ ਦਾ ਭਗਤ ਸਿੰਘ ਤੇ ਬਹੁਤ ਅਸਰ ਹੋਇਆ । ਉਸ ਤੋਂ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਨੇ ਵੀ ਭਗਤ ਸਿੰਘ ਦੇ ਮਨ ਤੇ ਡੂੰਘਾ ਅਸਰ ਕੀਤਾ। ਬਾਰਾਂ ਸਾਲ ਦੇ ਭਗਤ ਸਿੰਘ ਨੂੰ ਜਦੋਂ ਇਸ ਸਾਕੇ ਬਾਰੇ ਪਤਾ ਲੱਗਾ ਤਾਂ ਉਹ ਹਾਲਾਤ ਦੇਖਣ ਲਈ ਉੱਥੇ ਪੁੱਜਾ ਤਾਂ ਬਾਗ ਵਿੱਚ ਡੁੱਲੇ ਸ਼ਹੀਦਾਂ ਦੇ ਖੂਨ ਨਾਲ ਰੰਗੀ ਮਿੱਟੀ ਨੂੰ ਉਸ ਨੇ ਇੱਕ ਸ਼ੀਸ਼ੀ ਚ ਪਾ ਲਿਆ ਤੇ ਕਾਫੀ ਦੇਰ ਤੱਕ ਇਸ ਨੂੰ ਸਾਂਭ ਕੇ ਰੱਖਿਆ। ਇਹ ਉਸ ਦੀ ਪ੍ਰੇਰਨਾ ਸਰੋਤ ਬਣੀ। ਗਦਰੀ ਦੇਸ਼ ਭਗਤਾਂ ਦੀਆਂ ਸ਼ਹਾਦਤਾਂ ਨੇ ਉਸ ਅੰਦਰ ਵਤਨ ਪ੍ਰਸ਼ਤੀ ਪ੍ਰਤੀ ਦ੍ਰਿੜਤਾ ਨੂੰ ਹੋਰ ਪ੍ਰਪੱਕ ਕੀਤੀ। ਉਹ ਸਕੂਲ ਦੀ ਪੜ੍ਹਾਈ ਛੱਡ ਨਾਂ-ਮਿਲਵਰਤਨ ਲਹਿਰ ਵਿੱਚ ਸ਼ਾਮਲ ਹੋ ਗਿਆ। ਪਰ ਮਹਾਤਮਾ ਗਾਂਧੀ ਵੱਲੋਂ ਇਹ ਅੰਦੋਲਨ ਵਾਪਸ ਲੈ ਲਿਆ ਗਿਆ । ਭਗਤ ਸਿੰਘ ਨੇ ਫਿਰ ਪੜ੍ਹਾਈ ਸ਼ੁਰੂ ਕਰਨ ਲਈ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖਲਾ ਲੈ ਲਿਆ ਜਿੱਥੇ ਉਸ ਦਾ ਮੇਲ ਭਗਵਤੀ ਚਰਨ ਵੋਹਰਾ, ਸੁਖਦੇਵ ਤੇ ਯਸ਼ਪਾਲ ਨਾਲ ਹੋਇਆ। ਉਸ ਨੇ ਕਾਲਜ ਦੀ ਪੜ੍ਹਾਈ ਦੇ ਨਾਲ-ਨਾਲ ਸੰਸਾਰ ਦੇ ਮਹਾਨ ਇਨਕਲਾਬੀਆਂ ਮਾਰਕਸ,ਲੈਨਿਨ ਨੂੰ ਵਿਸਥਾਰ ਸਹਿਤ ਪੜਿਆ। ਕਾਲਜ ਵਿੱਚ ਭਾਸ਼ਣ, ਕਵਿਤਾਵਾਂ ਤੇ ਨਾਟਕਾਂ ਵਿਚ ਵੀ ਭਾਗ ਲੈਂਦਾ ਰਿਹਾ। ਅਖਬਾਰਾਂ ਰਸਾਲਿਆਂ ਨੂੰ ਚੰਗੀ ਤਰ੍ਹਾਂ ਘੋਖਦਾ।  ਉਹਨੇ ਪੜਿਆ  ਕਿ ਅੰਗਰੇਜ ਫੌਜੀਆਂ ਨੂੰ ਭਾਰਤੀ ਫੌਜੀਆਂ ਨਾਲੋਂ ਪੰਜ ਗੁਣਾ ਤਨਖਾਹ ਵੀ ਵੱਧ ਮਿਲ ਰਹੀ ਹੈ। ਇਹ ਖਬਰਾਂ ਭਗਤ ਸਿੰਘ ਨੂੰ ਲੋਕਾਈ ਪ੍ਰਤੀ ਚਿੰਤਤ ਕਰਦੀਆਂ। ਪਰ ਨਾਲ ਹੀ ਸੋਚਦਾ ਕਿ ਅੰਗਰੇਜ ਹਕੂਮਤ ਦੇ ਜੁਲਮਾਂ ਵਿਰੁੱਧ ਕੁੱਲ ਲੋਕਾਈ ਦਾ ਖੂਨ ਕਿਉਂ ਨਹੀਂ ਖੌਲਦਾ? 
ਅਸਲ ਵਿਚ ਆਮ ਜਨਤਾ ਦਾ ਅਨਪੜ੍ਹ ਹੋਣਾ ਤੇ ਸ਼ਾਹੂਕਾਰਾਂ ਤੇ ਜਗੀਰਦਾਰਾਂ ਦਾ ਅੰਗਰੇਜ ਸਰਕਾਰ ਦੇ ਗੁਣ ਗਾਉਣਾ ਵੀ ਉਸ ਨੂੰ ਚਿੰਤਤ ਕਰਦਾ ਰਹਿੰਦਾ। ਜਨਤਾ ਨੂੰ ਜਾਗ੍ਰਿਤ ਕਰਨ ਦੀਆਂ ਵਿਉਂਤਾਂ ਉਸ ਦੇ ਮਨ ਵਿੱਚ ਚੱਲਦੀਆਂ ਰਹਿੰਦੀਆਂ। ਇਹਨਾਂ ਗੱਲਾਂ ਤੋਂ ਉਸ ਦੀ ਆਮ ਜਨਤਾ ਪ੍ਰਤੀ ਸੋਚ ਦਾ ਪਤਾ ਲੱਗਦਾ ਹੈ ਕਿ ਉਹ ਮਜਦੂਰ ਜਮਾਤ ਬਾਰੇ ਕਿੰਨਾਂ ਚਿੰਤਤ ਸੀ। 
ਕਿਉਂਕਿ ਉਹ ਸਮਝਦਾ ਸੀ ਕਿ ਸਿਰਫ ਅਜਾਦੀ ਮਿਲਣ ਨਾਲ ਹੀ ਗਰੀਬ ਜਨਤਾ ਦਾ ਪਾਰ ਉਤਾਰਾ ਨਹੀਂ ਹੋਣਾ ਕਿਉਂਕਿ ਅਨਪੜ੍ਹ ਜਨਤਾ ਨੂੰ ਚਿੱਟੇ ਅੰਗਰੇਜਾਂ ਦੀ ਥਾਂ ਕਾਲੇ ਸਰਮਾਏਦਾਰ ਲੁੱਟਣ ਲੱਗ ਜਾਣਗੇ,ਜਿਹਾ ਕਿ ਅਜੋਕੇ ਦੌਰ ਵਿੱਚ ਹੋ ਰਿਹਾ ਹੈ। ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ ਦਾ ਹਾਮੀ ਸੀ ਸਾਡਾ ਭਗਤ ਸਿੰਘ। ਉੱਧਰ ਜਦੋਂ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਸਮੇਂ ਸਾਂਡਰਸ ਨੂੰ ਮਾਰਨ ਜਾਂ ਐਸੰਬਲੀ ਵਿੱਚ ਬੰਬ ਸੁੱਟਣ ਦੀਆਂ ਘਟਨਾਵਾਂ ਤੋਂ ਜਿੱਥੇ ਸਟੇਟ ਜਾਂ ਰਿਆਸਤ ਨੇ ਉਸ ਨੂੰ ਮਨੁੱਖਤਾ ਦਾ ਵਿਰੋਧੀ ਗਰਦਾਨਿਆ, ਉੱਥੇ ਉਸ ਦੁਆਰਾ ਦਿੱਤੇ ਅਦਾਲਤੀ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਤਾਂ ਬੰਬ ਸੁੱਟ ਕੇ ਗੂੰਗੀ-ਬੋਲੀ ਅੰਗਰੇਜ ਸਰਕਾਰ ਦੇ ਕੰਨ ਖੋਲਣਾ ਚਾਹੁੰਦਾ ਸੀ। ਕੱਚੇ ਬੰਬ ਉਹਨਾਂ ਨੇ ਸਿਰਫ ਅਵਾਜ ਕਰਨ ਲਈ ਬਣਾਏ ਸਨ ਨਾਂ ਕਿ ਕਿਸੇ ਦੀ ਜਾਨ ਲੈਣ ਖਾਤਰ। ਕਿਉਂਕਿ ਐਸੰਬਲੀ ਵਿੱਚ ਬੰਬ ਸੁੱਟਣ ਵੇਲੇ ਵੀ ਐਸੰਬਲੀ ਵਿੱਚ ਮਜਦੂਰਾਂ ਦੀ ਹੜਤਾਲ ਤੇ ਪਾਬੰਦੀਆਂ ਲਾਉਣ ਵਰਗੇ ਕਾਨੂੰਨ ਪਾਸ ਕੀਤੇ ਜਾ ਰਹੇ ਸਨ, ਜਿਹੇ ਕਿ ਅਜੋਕੇ ਦੌਰ ਵਿੱਚ ਵੀ ਸਰਮਾਏਦਾਰ ਪੱਖੀ ਸਟੇਟ ਵੱਲੋਂ ਪਾਸ ਕੀਤੇ ਗਏ ਹਨ। ਉਹ ਨੌਜਵਾਨ ਨੂੰ ਹੀ ਸੰਗਰਾਮਾਂ ਦੇ ਮੋਢੀ ਮੰਨਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਨੌਜਵਾਨ ਹੀ ਡਰ- ਭੈਅ ਨੂੰ ਸਿੱਕੇ ਟੰਗ ਕੇ ਸੰਘਰਸ਼ ਕਰ ਸਕਦੇ ਹਨ,ਜੇਕਰ ਉਹਨਾਂ ਨੂੰ ਅਗਵਾਈ ਸਹੀ ਮਿਲਦੀ ਰਹੇ। ਜਿਹੋ ਜਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਦੇਖਣ ਨੂੰ ਮਿਲਿਆ ਹੈ। ਇਸ ਲਈ ਹੀ ਉਸ ਨੇ “ਇਨਕਲਾਬ ਜਿੰਦਾਬਾਦ ,ਸਾਮਰਾਜਵਾਦ ਮੁਰਦਾਬਾਦ ” ਦਾ ਨਾਅਰਾ ਦਿੱਤਾ। ਜਿਸ ਤੋਂ ਅਜੋਕੀ ਰਿਆਸਤ ਅੱਜ ਵੀ ਭੈਅ ਖਾਂਦੀ ਹੈ। ਕਿਉਂਕਿ ਬੇਇਨਸਾਫੀ ਤੇ ਟਿਕੇ ਮੌਜੂਦਾ ਢਾਂਚੇ ਨੂੰ ਮੁੱਢ ਤੋਂ ਬਦਲਣ ਦੀ ਲੋੜ ਹੈ। ਇਸ ਲਈ ਨੌਜਵਾਨੀ ਨੂੰ ਹਮੇਸ਼ਾ ਸੰਘਰਸ਼ ਕਰਨ ਦੀ ਲੋੜ ਹੈ ਪਰ ਸਟੇਟ/ਰਿਆਸਤ ਦੀ ਅਣਗੋਲੀ ਨੇ ਅੱਜ ਦੀ ਨੌਜਵਾਨੀ ਨੂੰ ਸੋਸਣ ਹਿੱਤ ਵਿਦੇਸ਼ੀ ਜਹਾਜੇ ਚੜ੍ਹਨ ਲਈ ਮਜਬੂਰ ਕੀਤਾ ਹੋਇਆ ਹੈ ਤੇ ਇੱਥੇ ਰਹਿ ਗਈ ਨੂੰ ਨਸ਼ਿਆਂ ਦੇ ਭੇਂਟ ਚੜ੍ਹਾਇਆ ਜਾ ਰਿਹਾ ਹੈ। ਇਸ ਤਰ੍ਹਾਂ ਉਸ ਨੇ ਆਪਣੀਆਂ ਲਿਖਤਾਂ/ਵਿਚਾਰਧਾਰਾ ਨਾਲ ਨੌਜਵਾਨੀਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਵੋਟ ਵਟੋਰੂ ਸਿਸਟਮ ਨਾਲ ਲੋਕਾਈ ਦੇ ਮਸਲੇ ਹੱਲ ਨਹੀਂ ਹੋਣੇ।  ਨੌਜਵਾਨੀ ਨੂੰ ਇਹ ਸਿਸਟਮ ਬਦਲਣਾ ਹੀ ਪੈਣਾ ਹੈ।  ਇਹ ਬਦਲ ਤਾਂ ਹੋਵੇਗਾ ਜੇਕਰ ਨੌਜਵਾਨੀਂ ਖੁਦ ਜਾਗਰੂਕ ਹੋਵੇਗੀ,  ਨਹੀਂ ਤਾਂ ਇਹ ਪੂੰਜੀਵਾਦੀ ਸਿਸਟਮ ਚਿੱਟੇ ਕੁੜਤੇ-ਪਜਾਮੇ ਤੇ ਬਸੰਤੀ ਰੰਗ ਦੀ ਪਗੜੀ ਪਹਿਨਾ ਨੌਜਵਾਨੀ ਦਾ ਗਲਤ ਇਸਤੇਮਾਲ ਕਰਦਾ ਰਹੇਗਾ। ਸੋ ਉਸ ਮਹਾਨ ਸ਼ਹੀਦ ਦੇ ਜਨਮ ਦਿਵਸ ਮੌਕੇ ਸਿਰਫ ਉਸ ਦੀ ਫੋਟੋ ਨੂੰ ਹਾਰ ਪਹਿਨਾ ਕੇ ਫੁੱਲ ਭੇਂਟ ਕਰ ਦੇਣੇ ਕਾਫੀ ਨਹੀਂ, ਸਾਨੂੰ ਉਸ ਦੀ ਵਿਚਾਰਧਾਰਾ ਨੂੰ ਪੜ੍ਹਨਾ ਤੇ ਸਮਝਣਾ ਪਵੇਗਾ। ਸੋ ਆਉ ਇਸ ਲਈ ਯਤਨਸ਼ੀਲ ਹੋਈਏ। ਇਹੀ ਸਾਡੀ ਉਸ ਮਹਾਨ ਸ਼ਹੀਦ ਪ੍ਰਤੀ ਆਸਥਾ ਹੋਵੇਗੀ। 
ਬਲਵੀਰ ਸਿੰਘ ਬਾਸੀਆਂ 
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371
 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਰੇਬੀਜ਼ ਦਿਵਸ ਤਹਿਤ ਹਲਕਾਅ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ 
Next articleToward Fairness and Excellence:  Selecting the Right Experts for Academic Committees in Higher Educational Institutions